ਅੰਮ੍ਰਿਤਸਰ/ਸੰਗਰੂਰ/ਫਾਜਿਲਕਾ ਨਿਊਜ: ਕੇਂਦਰ ਵੱਲੋਂ ਕਣਕ ਦੀ ਖਰੀਦ ਤੇ ਲਾਏ ਗਏ ਕੱਟ ਖਿਲਾਫ ਪੰਜਾਬ ਭਰ ਵਿੱਚ ਅੱਜ ਸੰਯੁਕਤ ਕਿਸਾਨ ਮੋਰਚੇ ਨੇ ਰੇਲਾਂ ਰੋਕ ਕੇ ਰੋਸ ਜਤਾਇਆ। ਮੋਰਚੇ ਜਿੱਸ 32 ਦੇ ਕਰੀਬ ਕਿਸਾਨ ਜਥੇਬੰਦੀਆ ਸ਼ਾਮਲ ਰਹੀਆਂ। ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਇਥੋਂ ਦੇ ਰੇਲਵੇ ਸਟੇਸ਼ਨ ਤੇ ਦੁਪਹਿਰ 12 ਵਜੇ ਤੋਂ ਲੈਕੇ ਸ਼ਾਮ ਚਾਰ ਵਜੇ ਤੱਕ ਕਿਸਾਨਾਂ ਨੇ ਰੇਲ ਦਾ ਚੱਕਾ ਜਾਮ ਕੀਤਾ ਗਿਆ। ਇਸ ਦੌਰਾਨ ਮੁਸਾਫਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
ਜਿਸ ਦੌਰਾਨ ਕਿਸਾਨ ਰੇਲ ਲਾਈਨਾਂ ਤੇ ਬੈਠੇ ਹੋਏ ਸਨ ਤਾਂ ਉਸ ਵੇਲ੍ਹੇ ਅਚਾਨਕ ਰੇਲਵੇ ਵਿਭਾਗ ਦਾ ਇੱਕ ਡਰਾਈਵਰ ਇੰਜਨ ਨੂੰ ਰੇਲ ਲਾਈਨ ਤੇ ਲੈ ਆਇਆ, ਜਿਸ ਨੂੰ ਵੇਖ ਕੇ ਕਿਸਾਨ ਭੜਕ ਉੱਠੇ। ਉਹ ਉਸੇ ਰੇਲ ਲਾਈਨ ਤੇ ਆਕੇ ਖੜੇ ਹੋ ਗਏ ਜਿਸ ਉਪਰ ਰੇਲ ਦਾ ਇੰਜਣ ਆ ਰਿਹਾ ਸੀ। ਆਰਪੀਐਫ਼ ਦੇ ਅਧਿਕਾਰੀਆ ਵੱਲੋ ਮੁਸਤੈਦੀ ਵਿਖਾਉਂਦੇ ਹੋਏ ਇੰਜਣ ਨੂੰ ਪਹਿਲਾਂ ਹੀ ਰੋਕ ਦਿੱਤਾ ਗਿਆ ਤੇ ਡਰਾਈਵਰ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ।
ਜੇਕਰ ਸਮੇਂ ਸਿਰ ਆਰਪੀਐਫ ਇੰਜਨ ਨੂੰ ਨਹੀਂ ਰੁਕਵਾਂਦੀ ਤਾਂ ਕੋਈ ਵੱਡਾ ਹਾਦਸਾ ਹੋ ਸੱਕਦਾ ਸੀ। ਮੀਡਿਆ ਵਲੋਂ ਡਰਾਈਵਰ ਨਾਲ਼ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਆਰਪੀਐਫ਼ ਦੇ ਅਧਿਕਾਰੀ ਉਸ ਨੂੰ ਆਪਣੇ ਨਾਲ ਲੈਕੇ ਚਲੇ ਗਏ।
ਅਬੋਹਰ ਵਿੱਚ ਕਾਂਸਟੇਬਲ ਨੇ ਲੋਕਾਂ ਨੁੰ ਖੁਆਈ ਮੁਫਤ ਰੋਟੀ
ਉੱਧਰ ਅਬੋਹਰ ਵਿੱਚ ਵੀ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਵੱਖ-ਵੱਖ ਸ਼ਹਿਰਾਂ ਵਿੱਚ ਰੇਲ ਰੋਕੋ ਅੰਦੋਲਨ ਦੌਰਾਨ ਧਰਨੇ ਦਿੱਤੇ ਗਏ। ਇਸ ਦੌਰਾਨ ਅਬੋਹਰ ਦੇ ਰੇਲਵੇ ਸਟੇਸ਼ਨ ਤੇ ਸਵਾਰੀਆਂ ਨੂੰ ਖੱਜਲ-ਖੁਆਰ ਹੁੰਦੇ ਦੇਖਿਆ ਗਿਆ। ਇਸ ਦੌਰਾਨ ਇਕ ਕਾਂਸਟੇਬਲ ਸ਼ਿਵ ਕੁਮਾਰ ਵੱਲੋਂ ਅਬੋਹਰ ਸਟੇਸ਼ਨ ‘ਤੇ ਭੁੱਖੇ-ਪਿਆਸੇ ਖੜ੍ਹੇ ਭੁੱਖੇ ਲੋਕਾਂ ਨੂੰ ਰੋਟੀ ਅਤੇ ਪਾਣੀ ਮੁਫਤ ਵਿੱਚ ਦਿੱਤਾ ਗਿਆ। ਕਾਂਸਟੇਬਲ ਵੱਲੋਂ ਇਸ ਨੇਕ ਕੰਮ ਲਈ ਲੋਕਾਂ ਨੇ ਉਨ੍ਹਾਂ ਨੂੰ ਜੀ ਭਰ ਕੇ ਦੁਆਵਾਂ ਦਿੱਤੀਆਂ।
ਇਸ ਮੌਕੇ ਰੇਲਵੇ ਸਟੇਸ਼ਨ ਤੇ ਧਰਨੇ ਤੇ ਬੈਠੇ ਕਿਸਾਨ ਕੁਲਵੰਤ ਸਿੰਘ ਨੇ ਦੱਸਿਆ ਕਿ ਮਲੋਟ, ਗਿੱਦੜਬਾਹਾ ਤੋਂ ਇਲਾਵਾ ਹੋਰਨਾਂ ਕਈ ਥਾਵਾਂ ਤੇ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੰਦੋਲਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸੇ ਵੀ ਯਾਤਰੀ ਨੂੰ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾ ਰਹੀ। ਜਿਨ੍ਹਾਂ ਨੂੰ ਚਾਹ-ਪਾਣੀ ਦੀ ਲੋੜ ਹੈ, ਉਨ੍ਹਾਂ ਨੂੰ ਮੁਹੱਈਆ ਕਰਵਾਇਆ ਜਾ ਰਿਹਾ ਹੈ।
ਸੰਗਰੂਰ ਵਿੱਚ ਵੀ ਦਿਖਾਈ ਦਿੱਤਾ ਪ੍ਰਦਰਸ਼ਨ ਦਾ ਅਸਰ
ਜ਼ਿਲ੍ਹਾ ਸੰਗਰੂਰ ਦੀ ਗੱਲ ਕਰੀਏ ਤਾਂ ਇੱਥੇ ਧੂਰੀ, ਸੰਗਰੂਰ, ਸੁਨਾਮ ਅਤੇ ਲਹਿਰਾਗਾਗਾ ਵਿੱਚ ਕਿਸਾਨਾਂ ਨੇ ਰੇਲ ਮਾਰਗ ਜਾਮ ਕੀਤਾ, ਜਿਸ ਕਾਰਨ ਕਈ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਕਿਸਾਨਾਂ ਦੀ ਮੰਗ ਹੈ ਕਿ ਕੇਂਦਰ ਸਰਕਾਰ ਵੱਲੋਂ ਕਣਕ ਦੀ ਫ਼ਸਲ ‘ਤੇ ਲਗਾਇਆ ਗਿਆ ਕੱਟ ਵਾਪਿਸ ਲਿਆ ਜਾਵੇ, ਜਿਸ ਕਾਰਨ ਅੱਜ ਪੂਰੇ ਪੰਜਾਬ ‘ਚ ਰੇਲ ਮਾਰਗ ਜਾਮ ਕਰ ਦਿੱਤਾ ਗਿਆ ਹੈ। ਇਹ ਧਰਨਾ ਸਵੇਰੇ 12:00 ਵਜੇ ਤੋਂ ਲੈ ਕੇ ਸ਼ਾਮ 4:00 ਤੱਕ ਰਿਹਾ। ਧਰਨੇ ਨੂੰ ਲੈ ਕੇ ਕਿਸਾਨਾਂ ਨੇ ਵੱਡੇ ਪੱਧਰ ‘ਤੇ ਤਿਆਰੀ ਵਿੱਢੀ ਸੀ।ਇੱਥੇ ਵੀ ਲੋਕ ਧਰਨੇ ਕਰਕੇ ਕਾਫੀ ਖੱਜਲ ਖੁਆਰ ਰਹੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ