ਪੰਜਾਬ ਦੀਆਂ 4 ਨਗਰ ਕੌਂਸਲਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ

Updated On: 

29 May 2026 19:03 PM IST

ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਸੂਬੇ ਦੇ ਚਾਰ ਪ੍ਰਮੁੱਖ ਸਥਾਨਕ ਨਿਕਾਇਆਂ ਵਿੱਚ ਚੋਣਾਂ ਕਰਵਾਉਣ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੌਰਾਸੀ ਵਿੱਚ ਚੋਣ ਪ੍ਰਕਿਰਿਆ ਭਲਕੇ ਯਾਨੀ ਸ਼ਨੀਵਾਰ ਤੋਂ ਪੂਰੀ ਤਰ੍ਹਾਂ ਸ਼ੁਰੂ ਹੋਣ ਜਾ ਰਹੀ ਹੈ।

ਪੰਜਾਬ ਦੀਆਂ 4 ਨਗਰ ਕੌਂਸਲਾਂ ਲਈ 13 ਜੂਨ ਨੂੰ ਪੈਣਗੀਆਂ ਵੋਟਾਂ, ਭਲਕੇ ਤੋਂ ਦਾਖਲ ਹੋਣਗੇ ਨਾਮਜ਼ਦਗੀ ਪੱਤਰ

ਰਾਜ ਚੋਣ ਕਮਿਸ਼ਨ ਪੰਜਾਬ ਵੱਲੋਂ ਸੂਬੇ ਦੇ ਚਾਰ ਪ੍ਰਮੁੱਖ ਸਥਾਨਕ ਨਿਕਾਇਆਂ ਵਿੱਚ ਚੋਣਾਂ ਕਰਵਾਉਣ ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ। ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਨਗਰ ਕੌਂਸਲ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ ਚੌਰਾਸੀ ਵਿੱਚ ਚੋਣ ਪ੍ਰਕਿਰਿਆ ਭਲਕੇ ਯਾਨੀ ਸ਼ਨੀਵਾਰ ਤੋਂ ਪੂਰੀ ਤਰ੍ਹਾਂ ਸ਼ੁਰੂ ਹੋਣ ਜਾ ਰਹੀ ਹੈ। ਇਸ ਦੇ ਨਾਲ ਹੀ ਸਬੰਧਤ ਚੋਣ ਹਲਕਿਆਂ ਦੇ ਅਧਿਕਾਰ ਖੇਤਰ ਵਿੱਚ ਆਦਰਸ਼ ਚੋਣ ਜ਼ਾਬਤਾ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤੀ ਗਈ ਹੈ, ਜੋ ਕਿ ਸਮੁੱਚੀ ਚੋਣ ਪ੍ਰਕਿਰਿਆ ਦੇ ਅਮਨ-ਅਮਾਨ ਨਾਲ ਮੁਕੰਮਲ ਹੋਣ ਤੱਕ ਸਖ਼ਤੀ ਨਾਲ ਜਾਰੀ ਰਹੇਗੀ।

ਨਿਰਧਾਰਤ ਕੀਤੇ ਗਏ ਅਧਿਕਾਰਤ ਪ੍ਰੋਗਰਾਮ ਦੇ ਅਨੁਸਾਰ, ਚੋਣ ਲੜਨ ਦੇ ਚਾਹਵਾਨ ਉਮੀਦਵਾਰ 30 ਮਈ ਸ਼ਨੀਵਾਰ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਸਕਣਗੇ। ਨਾਮਜ਼ਦਗੀ ਪੱਤਰ ਸਵੇਰੇ 11:00 ਵਜੇ ਤੋਂ ਲੈ ਕੇ ਦੁਪਹਿਰ 3:00 ਵਜੇ ਤੱਕ ਸਬੰਧਤ ਇਲਾਕੇ ਦੇ ਰਿਟਰਨਿੰਗ ਅਫ਼ਸਰ (RO) ਦੇ ਦਫ਼ਤਰ ਵਿਖੇ ਜਮ੍ਹਾਂ ਕਰਵਾਏ ਜਾ ਸਕਦੇ ਹਨ। ਕਮਿਸ਼ਨ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 3 ਜੂਨ ਦੁਪਹਿਰ 3:00 ਵਜੇ ਤੱਕ ਮੁਕੱਰਰ ਕੀਤੀ ਗਈ ਹੈ। ਇਸ ਤੋਂ ਬਾਅਦ, ਦਾਖਲ ਕੀਤੇ ਗਏ ਸਾਰੇ ਨਾਮਜ਼ਦਗੀ ਪੱਤਰਾਂ ਦੀ ਬਾਰੀਕੀ ਨਾਲ ਪੜਤਾਲ 4 ਜੂਨ ਨੂੰ ਕੀਤੀ ਜਾਵੇਗੀ।

13 ਜੂਨ ਨੂੰ ਪੈਣਗੀਆਂ ਵੋਟਾਂ, ਉਸੇ ਦਿਨ ਆਉਣਗੇ ਨਤੀਜੇ

ਚੋਣ ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਸ਼ਡਿਊਲ ਦੇ ਮੁਤਾਬਕ, ਜੇਕਰ ਕੋਈ ਉਮੀਦਵਾਰ ਆਪਣਾ ਨਾਮਜ਼ਦਗੀ ਪੱਤਰ ਵਾਪਸ ਲੈਣਾ ਚਾਹੁੰਦਾ ਹੈ, ਤਾਂ ਉਹ 5 ਜੂਨ (ਸ਼ੁੱਕਰਵਾਰ) ਦੁਪਹਿਰ 3:00 ਵਜੇ ਤੱਕ ਆਪਣਾ ਨਾਮ ਵਾਪਸ ਲੈ ਸਕੇਗਾ। ਇਸ ਤੋਂ ਬਾਅਦ ਚੋਣ ਮੈਦਾਨ ਦੀ ਅਸਲ ਤਸਵੀਰ ਸਾਫ਼ ਹੋ ਜਾਵੇਗੀ। ਇਨ੍ਹਾਂ ਚਾਰਾਂ ਨਗਰ ਕੌਂਸਲਾਂ ਲਈ ਵੋਟਿੰਗ 13 ਜੂਨ (ਸ਼ਨੀਵਾਰ) ਨੂੰ ਸਵੇਰੇ 8:00 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 4:00 ਵਜੇ ਤੱਕ ਕਰਵਾਈ ਜਾਵੇਗੀ। ਲੋਕਤੰਤਰ ਦੇ ਇਸ ਤਿਉਹਾਰ ਦੀ ਖ਼ਾਸੀਅਤ ਇਹ ਰਹੇਗੀ ਕਿ ਮਤਦਾਨ ਦੀ ਪ੍ਰਕਿਰਿਆ ਖ਼ਤਮ ਹੁੰਦੇ ਹੀ, ਉਸੇ ਦਿਨ ਵੋਟਾਂ ਦੀ ਗਿਣਤੀ ਦਾ ਕੰਮ ਵੀ ਸ਼ੁਰੂ ਕਰ ਦਿੱਤਾ ਜਾਵੇਗਾ ਅਤੇ ਨਤੀਜੇ ਐਲਾਨ ਦਿੱਤੇ ਜਾਣਗੇ।

ਚੋਣ ਪ੍ਰਕਿਰਿਆ ਮੁਕੰਮਲ ਹੋਣ ਤੱਕ ਲਾਗੂ ਰਹਿਣਗੇ ਸਖ਼ਤ ਹੁਕਮ

ਚੋਣਾਂ ਦੀ ਰਸਮੀ ਘੋਸ਼ਣਾ ਹੁੰਦੇ ਸਾਰ ਹੀ ਇਨ੍ਹਾਂ ਸਾਰੇ ਸਬੰਧਤ ਨਗਰ ਕੌਂਸਲ ਖੇਤਰਾਂ ਵਿੱਚ ਚੋਣ ਜ਼ਾਬਤੇ ਦੇ ਸਖ਼ਤ ਨਿਯਮ ਲਾਗੂ ਹੋ ਗਏ ਹਨ, ਜੋ ਕਿ ਚੋਣਾਂ ਦਾ ਸਾਰਾ ਅਮਲ ਮੁਕੰਮਲ ਹੋਣ ਤੱਕ ਪੂਰੀ ਤਰ੍ਹਾਂ ਪ੍ਰਭਾਵੀ ਰਹਿਣਗੇ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਨਵੇਂ ਵਿਕਾਸ ਕਾਰਜਾਂ ਦੇ ਐਲਾਨ ਜਾਂ ਵੋਟਰਾਂ ਨੂੰ ਲੁਭਾਉਣ ਵਾਲੀਆਂ ਗਤੀਵਿਧੀਆਂ ‘ਤੇ ਮੁਕੰਮਲ ਪਾਬੰਦੀ ਰਹੇਗੀ। ਚੋਣ ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਇਨ੍ਹਾਂ ਚੋਣਾਂ ਨੂੰ ਪੂਰੀ ਤਰ੍ਹਾਂ ਆਜ਼ਾਦ, ਨਿਰਪੱਖ, ਪਾਰਦਰਸ਼ੀ ਅਤੇ ਸ਼ਾਂਤੀਪੂਰਨ ਤਰੀਕੇ ਨਾਲ ਨੇਪਰੇ ਚਾੜ੍ਹਨ ਲਈ ਪ੍ਰਸ਼ਾਸਨਿਕ ਅਤੇ ਸੁਰੱਖਿਆ ਪੱਧਰ ‘ਤੇ ਸਾਰੇ ਲੋੜੀਂਦੇ ਅਤੇ ਪੁਖ਼ਤਾ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Follow Us