PSEB ਵਿੱਚ ‘ਆਨ-ਸਕ੍ਰੀਨ ਮਾਰਕਿੰਗ’ ਸਿਸਟਮ ਸ਼ੁਰੂ, ਅਧਿਆਪਕਾਂ ਨੇ ਦੱਸੀਆਂ ਵੱਡੀਆਂ ਖ਼ਾਮੀਆਂ

Published: 

26 Mar 2026 20:50 PM IST

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਪ੍ਰਣਾਲੀ ਨੂੰ ਡਿਜੀਟਲ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਆਨ-ਸਕ੍ਰੀਨ ਮਾਰਕਿੰਗ ਸਿਸਟਮ ਫਿਲਹਾਲ ਅਧਿਆਪਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸੋਸ਼ਲ ਸਟੱਡੀਜ਼ ਵਿਸ਼ੇ ਦੇ ਅਧਿਆਪਕਾਂ ਨੇ ਇਸ ਸਿਸਟਮ ਵਿੱਚ ਆ ਰਹੀਆਂ ਤਕਨੀਕੀ ਖ਼ਾਮੀਆਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ।

PSEB ਵਿੱਚ ਆਨ-ਸਕ੍ਰੀਨ ਮਾਰਕਿੰਗ ਸਿਸਟਮ ਸ਼ੁਰੂ, ਅਧਿਆਪਕਾਂ ਨੇ ਦੱਸੀਆਂ ਵੱਡੀਆਂ ਖ਼ਾਮੀਆਂ

Ai Generated Image: Google Gemini

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਪ੍ਰਣਾਲੀ ਨੂੰ ਡਿਜੀਟਲ ਕਰਨ ਦੇ ਮਕਸਦ ਨਾਲ ਸ਼ੁਰੂ ਕੀਤਾ ਗਿਆ ਆਨ-ਸਕ੍ਰੀਨ ਮਾਰਕਿੰਗ ਸਿਸਟਮ ਫਿਲਹਾਲ ਅਧਿਆਪਕਾਂ ਲਈ ਵੱਡੀ ਪਰੇਸ਼ਾਨੀ ਦਾ ਸਬੱਬ ਬਣਿਆ ਹੋਇਆ ਹੈ। ਸੋਸ਼ਲ ਸਟੱਡੀਜ਼ ਵਿਸ਼ੇ ਦੇ ਅਧਿਆਪਕਾਂ ਨੇ ਇਸ ਸਿਸਟਮ ਵਿੱਚ ਆ ਰਹੀਆਂ ਤਕਨੀਕੀ ਖ਼ਾਮੀਆਂ ਨੂੰ ਲੈ ਕੇ ਗੰਭੀਰ ਚਿੰਤਾ ਪ੍ਰਗਟਾਈ ਹੈ। ਅਧਿਆਪਕ ਯੂਨੀਅਨਾਂ ਦਾ ਕਹਿਣਾ ਹੈ ਕਿ ਸਿਸਟਮ ਨੂੰ ਅਪਗ੍ਰੇਡ ਕੀਤੇ ਬਿਨਾਂ ਲਾਗੂ ਕਰਨ ਨਾਲ ਨਾ ਸਿਰਫ਼ ਸਮਾਂ ਬਰਬਾਦ ਹੋ ਰਿਹਾ ਹੈ, ਸਗੋਂ ਮਾਨਸਿਕ ਪ੍ਰੇਸ਼ਾਨੀ ਵੀ ਵਧ ਰਹੀ ਹੈ।

ਨੈੱਟਵਰਕ ਦੀ ਸਮੱਸਿਆ ਅਤੇ ਦੁਬਾਰਾ ਚੈਕਿੰਗ ਦਾ ਡਰ

ਸਮਾਜਿਕ ਸਿੱਖਿਆ ਅਧਿਆਪਕ ਯੂਨੀਅਨ ਪੰਜਾਬ ਦੇ ਪ੍ਰਧਾਨ ਬਿਕਰਮਜੀਤ ਸਿੰਘ ਕੱਦੋਂ ਨੇ ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਆਨ-ਸਕ੍ਰੀਨ ਮਾਰਕਿੰਗ ਦਾ ਸੰਕਲਪ ਤਾਂ ਸਹੀ ਹੈ, ਪਰ ਮੌਜੂਦਾ ਸਿਸਟਮ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਖੇਤਰਾਂ ਵਿੱਚ ਇੰਟਰਨੈੱਟ ਦੀ ਸਪੀਡ ਬਹੁਤ ਘੱਟ ਹੈ ਜਾਂ ਨੈੱਟਵਰਕ ਦੀ ਸਮੱਸਿਆ ਰਹਿੰਦੀ ਹੈ।

ਸਭ ਤੋਂ ਵੱਡੀ ਤਕਨੀਕੀ ਦਿੱਕਤ ਇਹ ਹੈ ਕਿ ਜੇਕਰ ਕੋਈ ਅਧਿਆਪਕ ਪੂਰੀ ਉੱਤਰ-ਪੱਤਰੀ (Answer Sheet) ਚੈੱਕ ਕਰ ਲੈਂਦਾ ਹੈ ਅਤੇ ਆਖਰੀ ਸਵਾਲ ‘ਤੇ ਪਹੁੰਚਣ ਸਮੇਂ ਨੈੱਟਵਰਕ ਟੁੱਟ ਜਾਂਦਾ ਹੈ, ਤਾਂ ਸਾਰਾ ਕੀਤਾ ਹੋਇਆ ਕੰਮ ਜ਼ੀਰੋ ਹੋ ਜਾਂਦਾ ਹੈ। ਅਜਿਹੀ ਸਥਿਤੀ ਵਿੱਚ ਅਧਿਆਪਕ ਨੂੰ ਉਹ ਪੂਰਾ ਪੇਪਰ ਨਵੇਂ ਸਿਰੇ ਤੋਂ ਚੈੱਕ ਕਰਨਾ ਪੈਂਦਾ ਹੈ, ਜਿਸ ਨਾਲ ਕੰਮ ਦਾ ਬੋਝ ਕਈ ਗੁਣਾ ਵੱਧ ਗਿਆ ਹੈ।

ਫਿਜ਼ੀਕਲ ਮਾਰਕਿੰਗ ਦੇ ਮੁਕਾਬਲੇ ਰਫ਼ਤਾਰ ਬਹੁਤ ਘੱਟ

ਅਧਿਆਪਕਾਂ ਅਨੁਸਾਰ ਇਸ ਨਵੇਂ ਸਿਸਟਮ ਕਾਰਨ ਪੇਪਰ ਚੈੱਕ ਕਰਨ ਦੀ ਰਫ਼ਤਾਰ ਬਹੁਤ ਹੌਲੀ ਹੋ ਗਈ ਹੈ। ਬਿਕਰਮਜੀਤ ਸਿੰਘ ਨੇ ਦੱਸਿਆ ਕਿ ਜਿੱਥੇ ਪਹਿਲਾਂ ਫਿਜ਼ੀਕਲ ਮਾਰਕਿੰਗ (ਹੱਥੀਂ ਚੈਕਿੰਗ) ਦੌਰਾਨ ਇੱਕ ਅਧਿਆਪਕ ਦਿਨ ਵਿੱਚ 50 ਤੋਂ ਵੱਧ ਉੱਤਰ-ਪੱਤਰੀਆਂ ਆਸਾਨੀ ਨਾਲ ਚੈੱਕ ਕਰ ਲੈਂਦਾ ਸੀ, ਉੱਥੇ ਹੀ ਆਨ-ਸਕ੍ਰੀਨ ਸਿਸਟਮ ਵਿੱਚ ਇੱਕ ਦਿਨ ਵਿੱਚ ਸਿਰਫ਼ 5 ਪੇਪਰ ਹੀ ਚੈੱਕ ਹੋ ਪਾ ਰਹੇ ਹਨ। ਇਸ ਕਾਰਨ ਨਤੀਜੇ ਤਿਆਰ ਕਰਨ ਵਿੱਚ ਵੀ ਦੇਰੀ ਹੋਣ ਦਾ ਖ਼ਦਸ਼ਾ ਹੈ।

ਬੋਰਡ ਦਾ ਪੱਖ

ਦੂਜੇ ਪਾਸੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਨੇ ਸਥਿਤੀ ਸਪੱਸ਼ਟ ਕਰਦਿਆਂ ਕਿਹਾ ਕਿ ਬੋਰਡ ਨੂੰ ਪੂਰੀ ਤਰ੍ਹਾਂ ਡਿਜੀਟਲ ਕਰਨ ਦੀ ਪ੍ਰਕਿਰਿਆ ਜਾਰੀ ਹੈ ਅਤੇ ਆਨ-ਸਕ੍ਰੀਨ ਮਾਰਕਿੰਗ ਇਸੇ ਮੁਹਿੰਮ ਦਾ ਇੱਕ ਹਿੱਸਾ ਹੈ।

ਉਨ੍ਹਾਂ ਦੱਸਿਆ ਕਿ ਇਸ ਸਾਲ ਇਸ ਨੂੰ ਸਿਰਫ਼ ਇੱਕ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਗਿਆ ਹੈ, ਜਿਸ ਲਈ ਦਸਵੀਂ ਜਮਾਤ ਦੇ ਸਮਾਜਿਕ ਸਿੱਖਿਆ ਵਿਸ਼ੇ ਨੂੰ ਚੁਣਿਆ ਗਿਆ ਹੈ। ਬੋਰਡ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਜੇਕਰ ਇਹ ਤਜਰਬਾ ਸਫਲ ਰਹਿੰਦਾ ਹੈ ਅਤੇ ਤਕਨੀਕੀ ਖ਼ਾਮੀਆਂ ਦੂਰ ਹੋ ਜਾਂਦੀਆਂ ਹਨ, ਤਾਂ ਹੀ ਭਵਿੱਖ ਵਿੱਚ ਇਸ ਨੂੰ ਬਾਕੀ ਸਾਰੇ ਵਿਸ਼ਿਆਂ ਲਈ ਸਥਾਈ ਤੌਰ ‘ਤੇ ਅਪਣਾਇਆ ਜਾਵੇਗਾ। ਫਿਲਹਾਲ ਅਧਿਆਪਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਬੋਰਡ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ।

Follow Us