ਚੰਡੀਗੜ੍ਹ-ਪੰਜਾਬ ਬਾਰਡਰ ਝੜਪ ਮਾਮਲੇ ‘ਚ 10 ਹੋਰ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ – Punjabi News

ਚੰਡੀਗੜ੍ਹ-ਪੰਜਾਬ ਬਾਰਡਰ ਝੜਪ ਮਾਮਲੇ ‘ਚ 10 ਹੋਰ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ

Published: 

14 Feb 2023 13:24 PM

ਚੰਡੀਗੜ੍ਹ -ਮੋਹਾਲੀ ਬਾਰਡਰ ਝੜਪ ਮਾਮਲੇ ਚ ਪੁਲਿਸ ਨੇ 10 ਹੋਰ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਹੋਰਨਾਂ ਪ੍ਰਦਰਸ਼ਨਕਾਰੀਆਂ ਦੀ ਜਾਣਕਾਰੀ ਦੇਣ ਲਈ ਈਮੇਲ ਅਤੇ ਵਟਸਐਪ ਨੰਬਰ 98759-84001 ਵੀ ਜਾਰੀ ਕੀਤਾ ਹੈ।

ਚੰਡੀਗੜ੍ਹ-ਪੰਜਾਬ ਬਾਰਡਰ ਝੜਪ ਮਾਮਲੇ ਚ 10 ਹੋਰ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ
Follow Us On

ਚੰਡੀਗੜ੍ਹ। ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈਕੇ ਮੋਹਾਲੀ ਬਾਰਡਰ ‘ਤੇ ਬੀਤੀ ਅੱਠ ਫਰਵਰੀ ਕੌਮੀ ਇਨਸਾਫ ਮੋਰਚੇ ਦੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਵਿਚਕਾਰ ਹੋਈ ਝੜਪ ਦੇ ਸਬੰਧ ‘ਚ ਚੰਡੀਗੜ੍ਹ ਪੁਲਿਸ ਨੇ ਸੋਮਵਾਰ ਨੂੰ 10 ਹੋਰ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ ਜਿਨ੍ਹਾਂ ਵਿੱਚੋਂ ਚਾਰ ਦੀ ਪਛਾਣ ਕਰ ਲਈ ਗਈ ਹੈ।

10 ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ

ਇਨ੍ਹਾਂ ਵਿੱਚ ਉਦੈਵੀਰ ਸਿੰਘ ਵਾਸੀ ਅੰਮ੍ਰਿਤਸਰ, ਜਗਸੀਰ ਸਿੰਘ ਵਾਸੀ ਪਟਿਆਲਾ, ਭਗਵੰਤ ਸਿੰਘ ਵਾਸੀ ਮੋਗਾ ਸ਼ਾਮਲ ਹਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੁਲਿਸ ਨੇ 10 ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਸਨ। ਪਹਿਲਾਂ ਜਾਰੀ ਕੀਤੀਆਂ ਗਈਆਂ ਫੋਟੋਆਂ ਵਿੱਚੋਂ ਤਿੰਨ ਦੀ ਪਛਾਣ ਕੀਤੀ ਗਈ ਸੀ। ਇਨ੍ਹਾਂ ਵਿੱਚ ਹਰਦੀਪ ਸਿੰਘ ਬਰਾੜ, ਹਰਮਨਦੀਪ ਸਿੰਘ ਤੂਫ਼ਾਨ ਅਤੇ ਲੁਧਿਆਣਾ ਵਾਸੀ ਸਤਵੰਤ ਸਿੰਘ ਸੰਧੂ ਸ਼ਾਮਲ ਸਨ। ਇਨ੍ਹਾਂ ਸਾਰਿਆਂ ‘ਤੇ 10,000 ਰੁਪਏ ਦਾ ਇਨਾਮ ਰੱਖਿਆ ਗਿਆ ਹੈ।

ਅੱਠ ਖਿਲਾਫ 17 ਧਾਰਾਵਾਂ ਅਧੀਨ ਕੇਸ ਦਰਜ

ਪੁਲਿਸ ਨੇ ਜਾਣਕਾਰੀ ਦੇਣ ਲਈ ਈਮੇਲ ਅਤੇ ਵਟਸਐਪ ਨੰਬਰ 98759-84001 ਵੀ ਜਾਰੀ ਕੀਤਾ ਹੈ। ਸੂਚਨਾ ਦੇਣ ਵਾਲੇ ਦੀ ਸੂਚਨਾ ਗੁਪਤ ਰੱਖਣ ਦਾ ਭਰੋਸਾ ਵੀ ਦਿੱਤਾ ਗਿਆ ਹੈ। ਕੌਮੀ ਇਨਸਾਫ਼ ਮੋਰਚਾ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸੈਕਟਰ-52-53 ਦੇ ਚੌਕ ਵਿੱਚ ਸਿੱਖ ਕੈਦੀਆਂ ਦੀ ਰਿਹਾਈ ਲਈ ਧਰਨਾ ਦਿੱਤਾ ਜਾ ਰਿਹਾ ਹੈ। ਅੱਠ ਫਰਵਰੀ ਨੂੰ ਗੱਲਬਾਤ ਦੌਰਾਨ ਅਚਾਨਕ ਕੁਝ ਪ੍ਰਦਰਸ਼ਨਕਾਰੀਆਂ ਨੇ ਪੁਲਸ ‘ਤੇ ਹਮਲਾ ਕਰ ਦਿੱਤਾ।

ਹਮਲਾਵਰਾਂ ‘ਤੇ ਹਥਿਆਰਾਂ ਸਮੇਤ ਸਾਮਾਨ ਲੁੱਟਣ ਦੇ ਇਲਜਾਮ

ਇਸ ਦੌਰਾਨ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਪੁਲਿਸ ਦਾ ਦੋਸ਼ ਹੈ ਕਿ ਹਮਲਾਵਰਾਂ ਨੇ ਹਥਿਆਰਾਂ ਸਮੇਤ ਕਾਫੀ ਸਾਮਾਨ ਵੀ ਲੁੱਟ ਲਿਆ ਹੈ। ਸੈਕਟਰ-36 ਥਾਣੇ ਦੀ ਪੁਲੀਸ ਨੇ ਸ਼ੁਰੂ ਵਿੱਚ ਸੱਤ ਆਗੂਆਂ ਸਮੇਤ ਕੁੱਲ ਅੱਠ ਖ਼ਿਲਾਫ਼ ਐਫਆਈਆਰ ਦਰਜ ਕੀਤੀ ਸੀ। ਇਨ੍ਹਾਂ ਸਾਰਿਆਂ ‘ਤੇ ਹੱਤਿਆ ਦੀ ਕੋਸ਼ਿਸ਼, ਡਕੈਤੀ, ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅਸਲਾ ਐਕਟ ਸਮੇਤ ਕੁੱਲ 17 ਧਾਰਾਵਾਂ ਲਗਾਈਆਂ ਗਈਆਂ ਹਨ। ਗੁਰਚਰਨ ਸਿੰਘ, ਬਲਵਿੰਦਰ ਸਿੰਘ, ਲੋਕ ਅਧਿਕਾਰ ਲਹਿਰਾ, ਅਮਰ ਸਿੰਘ ਚਹਿਲ, ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ, ਰੁਪਿੰਦਰ ਜੀਤ ਸਿੰਘ ਅਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ।

ਚੰਡੀਗੜ੍ਹ ਦੇ ਵਕੀਲਾਂ ਨੇ ਕੀਤਾ ਸੀ ਕੰਮਕਾਜ ਠੱਪ

ਜਿਕਰਯੋਗ ਹੈ ਕਿ ਇਸ ਦਰਜ ਕੀਤੇ ਗਏ ਮਾਮਲਿਆਂ ਨੂੰ ਲੈ ਕੇ ਬੀਤੇ ਦਿਨ ਚੰਡੀਗੜ੍ਹ ਕੋਰਟ ਦੇ ਵਕੀਲਾਂ ਵੱਲੋਂ ਵੀ ਕੰਮਕਾਜ ਬੰਦ ਕਰਕੇ ਧਰਨਾ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਪੁਲਿਸ ਨੇ ਐਡਵੋਕੇਟ ਅਮਰ ਸਿੰਘ ਚਾਹਲ ਅਤੇ ਦਿਲਸ਼ੇਰ ਸਿੰਘ ਜੰਡਿਆਲਾ ਖਿਲਾਫ ਝੂਠੀ ਐਫ.ਆਈ.ਆਰ ਦਰਜ ਕੀਤੀ ਵਕੀਲਾਂ ਨੇ ਨੇ ਐਫ.ਆਈ.ਆਰ ਵਿੱਚੋਂ ਦੋਨਾਂ ਵਕੀਲਾਂ ਦੇ ਨਾਮ ਹਟਾਉਣ ਲਈ ਮੰਗ ਪੱਤਰ ਵੀ ਦਿੱਤਾ ਸੀ। ਵਕੀਲਾਂ ਵੱਲੋਂ ਦਿੱਤੇ ਧਰਨੇ ਤੋਂ ਬਾਅਦ ਪੁਲੀਸ ਨੇ ਅਮਰ ਸਿੰਘ ਚਾਹਲ ਦਾ ਨਾਂ ਕੇਸ ਵਿੱਚੋਂ ਹਟਾਉਣ ਦਾ ਭਰੋਸਾ ਦਿੱਤਾ ਹੈ।

Exit mobile version