ਨੂਰਪੁਰ ਜੱਟਾਂ: ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਦਾ ਮਾਮਲਾ, 3 ਮੁਲਜ਼ਮ ਗ੍ਰਿਫ਼ਤਾਰ; ਇੱਕ US ਤੋਂ ਹੋ ਚੁੱਕਿਆ ਡਿਪੋਰਟ

Updated On: 

18 Apr 2026 17:11 PM IST

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਸਐਸਪੀ, ਹੁਸ਼ਿਆਰਪੁਰ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੇ ਤਕਨੀਕੀ ਵਿਸ਼ਲੇਸ਼ਣ, ਸੀਸੀਟੀਵੀ ਫੁਟੇਜ ਦੀ ਜਾਂਚ, ਮੁਖਬਰਾਂ ਰਾਹੀਂ ਖੁਫੀਆ ਜਾਣਕਾਰੀ ਇਕੱਠੀ ਕਰਨ ਤੇ ਲਗਾਤਾਰ ਛਾਪੇਮਾਰੀ ਕਰਕੇ ਮੁਲਜ਼ਮਾਂ ਦਾ ਸਫਲਤਾਪੂਰਵਕ ਪਤਾ ਲਗਾਇਆ। ਪੁਲਿਸ ਨੇ ਇਸ ਮਾਮਲੇ 'ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਨੂਰਪੁਰ ਜੱਟਾਂ: ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਦਾ ਮਾਮਲਾ, 3 ਮੁਲਜ਼ਮ ਗ੍ਰਿਫ਼ਤਾਰ; ਇੱਕ US ਤੋਂ ਹੋ ਚੁੱਕਿਆ ਡਿਪੋਰਟ

ਹੁਸ਼ਿਆਰਪੁਰ ਪੁਲਿਸ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਨਾਲ ਸਬੰਧਤ ਮਾਮਲੇ ਨੂੰ ਸਫਲਤਾਪੂਰਵਕ ਹੱਲ ਕਰਕੇ ਮਹੱਤਵਪੂਰਨ ਕਾਰਵਾਈ ਕੀਤੀ ਗਈ ਹੈ। ਇਸ ਮਾਮਲੇ ‘ਚ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 30 ਤੇ 31 ਮਾਰਚ, 2026 ਦੀ ਦਰਮਿਆਨੀ ਰਾਤ ਨੂੰ, ਅਣਪਛਾਤੇ ਵਿਅਕਤੀਆਂ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਨੂਰਪੁਰ ਜੱਟਾਂ ਪਿੰਡ ‘ਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ਦੀ ਭੰਨਤੋੜ ਕੀਤੀ ਗਈ, ਜਿਸ ਨਾਲ ਬਾਅਦ ‘ਚ ਖੇਤਰ ‘ਚ ਤਣਾਅਪੂਰਨ ਮਾਹੌਲ ਬਣ ਗਿਆ।

ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਐਸਐਸਪੀ, ਹੁਸ਼ਿਆਰਪੁਰ ਦੇ ਨਿਰਦੇਸ਼ਾਂ ਹੇਠ ਵਿਸ਼ੇਸ਼ ਜਾਂਚ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਟੀਮਾਂ ਨੇ ਤਕਨੀਕੀ ਵਿਸ਼ਲੇਸ਼ਣ, ਸੀਸੀਟੀਵੀ ਫੁਟੇਜ ਦੀ ਜਾਂਚ, ਮੁਖਬਰਾਂ ਰਾਹੀਂ ਖੁਫੀਆ ਜਾਣਕਾਰੀ ਇਕੱਠੀ ਕਰਨ ਤੇ ਲਗਾਤਾਰ ਛਾਪੇਮਾਰੀ ਕਰਕੇ ਮੁਲਜ਼ਮਾਂ ਦਾ ਸਫਲਤਾਪੂਰਵਕ ਪਤਾ ਲਗਾਇਆ। ਪੁਲਿਸ ਨੇ ਇਸ ਮਾਮਲੇ ‘ਚ ਸ਼ਾਮਲ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਮੁੱਖ ਮੁਲਜ਼ਮ ਅਮਰੀਕਾ ਤੋਂ ਹੋ ਚੁੱਕਿਆ ਡਿਪੋਰਟ, SFJ ਨਾਲ ਲਿੰਕ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਗੁਰਕੀਰਤ ਸਿੰਘ (26) ਪੁੱਤਰ ਅਵਤਾਰ ਸਿੰਘ, ਵਾਸੀ ਬਾੜੀਆਂ ਕਲਾਂ, ਥਾਣਾ ਚੱਬੇਵਾਲ, ਜ਼ਿਲ੍ਹਾ ਹੁਸ਼ਿਆਰਪੁਰ, ਬਨਨਦੀਪ ਸਿੰਘ(20) ਪੁੱਤਰ ਰਵਿੰਦਰ ਸਿੰਘ, ਵਾਸੀ ਰੋਪੜ ਰੋਡ, ਨੇੜੇ ਦਰਵੇਸ਼ ਆਨੰਦ ਗੜ੍ਹ, ਜ਼ਿਲ੍ਹਾ ਐਸਏਐਸ ਨਗਰ, ਸਾਹਿਲਪ੍ਰੀਤ ਸਿੰਘ (22) ਪੁੱਤਰ ਤਲਵਿੰਦਰ ਸਿੰਘ ਵਾਸੀ ਪਤਰੇੜ ਜ਼ਿਲ੍ਹਾ ਐਸਏਐਸ ਨਗਰ ਵਜੋਂ ਹੋਈ ਹੈ।

ਮਾਮਲੇ ‘ਚ ਮੁੱਖ ਮੁਲਜ਼ਮ, ਗੁਰਕੀਰਤ ਸਿੰਘ, 2023 ‘ਚ ਅਮਰੀਕਾ ਗਿਆ ਸੀ, ਜਿੱਥੇ ਉਹ SFJ ਦੇ ਸੰਪਰਕ ‘ਚ ਆਇਆ। ਉਹ 2025 ‘ਚ ਡਿਪੋਰਟ ਹੋ ਕੇ ਭਾਰਤ ਆ ਗਿਆ ਸੀ। ਇੱਥੇ ਵੀ ਉਸ ਨਾਲ SFJ ਨੇ ਸੰਪਰਕ ਕੀਤਾ ਤੇ ਕਾਰਵਾਈ ਨੂੰ ਅੰਜਾਮ ਦੇਣ ਲਈ 50,000 ਰੁਪਏ ਮਿਲੇ।

ਪੁਲਿਸ ਜਾਂਚ ‘ਚ ਪਤਾ ਚਲਿਆ ਕਿ ਮੁਲਜ਼ਮਾਂ ਨੇ ਇਹ ਕਾਰਵਾਈ ਸਮਾਜਿਤ ਤਣਾਅ ਫੈਲਾਉਣ ਤੇ ਭਾਈਚਾਰੇ ਦੇ ਅੰਦਰ ਮਾਹੌਲ ਖਰਾਬ ਕਰਨ ਦੇ ਖਾਸ ਇਰਾਦੇ ਨਾਲ ਕੀਤੀ ਸੀ। ਘਟਨਾ ਸਮੇਂ, ਮੁਲਜ਼ਮਾਂ ਨੇ ਇੱਕ ਆਲਟੋ ਕੇ-10 ਕਾਰ ਦੀ ਵਰਤੋਂ ਕੀਤੀ ਸੀ, ਜਿਸ ਨੂੰ ਪੁਲਿਸ ਨੇ ਜ਼ਬਤ ਕਰ ਲਿਆ ਹੈ।

ਹੁਸ਼ਿਆਰਪੁਰ ਪੁਲਿਸ ਦਾ ਕਹਿਣਾ ਹੈ ਕਿ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਜਾਂ ਸਮਾਜ ਦੇ ਅੰਦਰ ਨਫ਼ਰਤ ਭੜਕਾਉਣ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ। ਪੁਲਿਸ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਤੇ ਅਫਵਾਹਾਂ ਫੈਲਾਉਣ ਤੋਂ ਬਚਣ ਦੀ ਅਪੀਲ ਕੀਤੀ ਹੈ।

Follow Us