ਹੁਸ਼ਿਆਰਪੁਰ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕਰੇਗਾ ‘ਵਿਰਸਾ ਹੁਸ਼ਿਆਰਪੁਰ ਦਾ’ ਮੇਲਾ
ਮੇਲੇ ਵਿਚ ਪ੍ਰਸਿੱਧ ਗਾਇਕ ਸਤਿੰਦਰ ਸਿੰਘ ਸਰਤਾਜ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਮੇਲੇ ਚ ਹੁਸ਼ਿਆਰਪੁਰ ਦੇ ਵਿਰਸੇ ਅਤੋ ਲਜੀਜ ਪਕਵਾਨ ਵੀ ਖਾਸ ਖਿੱਚ ਦਾ ਕੇਂਦਰ ਰਹਿਣ ਵਾਲੇ ਹਨ।
ਹੁਸ਼ਿਆਰਪੁਰ: ਹੁਸ਼ਿਆਰਪੁਰ ਦੇ ਲਾਜਵੰਤੀ ਆਊਟਡੋਰ ਸਟੇਡੀਅਮ ਚ ਆਉਣ ਵਾਲੀ 3 ਮਾਰਚ ਤੋਂ 5 ਮਾਰਚ ਤੱਕ ਵਿਰਸਾ ਹੁਸ਼ਿਆਰਪੁਰ ਦਾਮੇਲਾ ਲੱਗਣ ਜਾ ਰਿਹਾ ਹੈ। ਪ੍ਰਸ਼ਾਸਨ ਵੱਲੋਂ ਜਿਸ ਦੀਆਂ ਤਿਆਰੀਆਂ ਤਕਰੀਬਨ ਪੂਰੀਆਂ ਕਰ ਲਈਆਂ ਗਈਆਂ ਹਨ। ਮੇਲੇ ਚ ਹੁਸ਼ਿਆਰਪੁਰ ਦੀ ਦਸਤਕਾਰੀ, ਸ਼ਿਲਪ ਕਲਾ ਤੇ ਸੱਭਿਆਚਾਰ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪ੍ਰਸਿੱਧ ਗਾਇਕ ਸਤਿੰਦਰ ਸਰਤਾਜ ਵੱਲੋਂ ਆਪਣੀ ਸੁਰੀਲੀ ਆਵਾਜ ਚ ਦਿੱਤੀ ਜਾਣ ਵਾਲ ਪੇਸ਼ਕਾਰੀ ਇਸ ਮੇਲੇ ਚ ਲੋਕਾਂ ਲਈ ਖਾਸ ਖਿੱਚ ਦਾ ਕੇਂਦਰ ਰਹਿਣ ਵਾਲੀ ਹੈ।
ਮੇਲੇ ਦੀਆਂ ਤਿਆਰੀਆਂ ਪੂਰੀਆਂ
ਡਿਪਟੀ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ 3 ਮਾਰਚ ਤੋਂ 5 ਮਾਰਚ ਤੱਕ ਸੈਰ ਸਪਾਟਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਵਿਰਸਾ ਹੁਸ਼ਿਆਰਪੁਰ ਦਾ ਮੇਲਾ ਸਥਾਨਕ ਲਾਜਵੰਤੀ ਮਲਟੀਪਰਪਸ ਆਊਟਡੋਰ ਸਟੇਡੀਅਮ ਵਿਖੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੀ ਅਮੀਰ ਵਿਰਾਸਤ ਦੀ ਝਲਕ ਪੇਸ਼ ਕਰਨ ਵਾਲੇ ਇਸ ਮੇਲੇ ਵਿਚ ਜ਼ਿਲ੍ਹੇ ਨਾਲ ਸਬੰਧਤ ਦਸਤਕਾਰੀ, ਸ਼ਿਲਪ ਕਲਾ ਅਤੇ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਾਰੀਗਰਾਂ ਦੇ ਵੱਖ-ਵੱਖ ਸਟਾਲ ਲਗਾਏ ਜਾਣਗੇ। ਇਸ ਦੇ ਨਾਲ ਹੀ ਸੈਲਫ ਹੈਲਪ ਗਰੁੱਪਾਂ ਦੇ ਉਤਪਾਦਾਂ ਨੂੰ ਵੀ ਮੇਲੇ ਵਿਚ ਸਥਾਨ ਦਿੱਤਾ ਜਾਵੇਗਾ। ਉਹ ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਅਧਿਕਾਰੀਆਂ ਦੀ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਐਸਡੀਐਮ ਹੁਸ਼ਿਆਰਪੁਰ ਪ੍ਰੀਤਇੰਦਰ ਸਿੰਘ ਬੈਂਸ ਅਤੇ ਸਹਾਇਕ ਕਮਿਸ਼ਨਰ (ਜ) ਵਿਓਮ ਭਾਰਦਵਾਜ ਵੀ ਮੌਜੂਦ ਸਨ।
ਚੱਲੇਗਾ ਸਤਿੰਦਰ ਸਿੰਘ ਸਰਤਾਜ ਦੀ ਸੁਰੀਲੀ ਆਵਾਜ ਦਾ ਜਾਦੂ
ਡਿਪਟੀ ਕਮਿਸ਼ਨਰ ਨੇ ਦੱਸਿਏ ਕਿ ਮੇਲੇ ਵਿਚ ਪ੍ਰਸਿੱਧ ਗਾਇਕ ਸਤਿੰਦਰ ਸਿੰਘ ਸਰਤਾਜ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕਰਨਗੇ। ਉਨ੍ਹਾਂ ਕਿਹਾ ਕਿ ਮੇਲੇ ਦਾ ਮੁੱਖ ਥੀਮ ਇਹੋ ਹੈ ਕਿ ਇਥੋਂ ਦੇ ਪਲਾਸਟਿਕ ਇਨਲੇ ਵਰਕ, ਲੋਕ ਨਾਚ ਤੇ ਰਵਾਇਤੀ ਉਤਪਾਦ ਰਹਿਣਗੇ, ਜਿਸ ਵਿਚ ਵੱਖ-ਵੱਖ ਕਾਰੀਗਰਾਂ, ਗਰੁੱਪਾਂ ਤੇ ਸੰਸਥਾਵਾਂ ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਵਿਚ ਫੂਡ ਸਟਾਲਾਂ ਦੀ ਵੀ ਵਿਸ਼ੇਸ਼ ਤੌਰ ਤੇ ਵਿਵਸਥਾ ਕੀਤੀ ਜਾ ਰਹੀ ਹੈ, ਜਿਸ ਵਿਚ ਹੁਸ਼ਿਆਰਪੁਰ ਦੇ ਮਸ਼ਹੂਰ ਲਜੀਜ ਪਕਵਾਨਾਂ ਤੋਂ ਇਲਾਵਾ ਹੋਰ ਫੂਡ ਸਟਾਲ ਵੀ ਲਗਾਏ ਜਾਣਗੇ।
ਵਿਰਸਾ ਮੇਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਇਸ ਵਿਰਸਾ ਮੇਲੇ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਵਾਸੀ ਅਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਸਮੇਤ ਮੇਲੇ ਵਿੱਚ ਆਉਣ ਅਤੇ ਆਨੰਦ ਮਾਣਨ। ਡੀਸੀ ਕੋਮਲ ਮਿੱਤਲ ਨੇ ਇਸ ਵਿਰਾਸਤੀ ਮੇਲੇ ਦੀਆਂ ਤਿਆਰੀਆਂ ਸਬੰਧੀ ਵੱਖ-ਵੱਖ ਅਧਿਕਾਰੀਆ ਦੀ ਕਮੇਟੀਆਂ ਬਣਾ ਕੇ ਉਨ੍ਹਾਂ ਨੂੰ ਇਸ ਮੇਲੇ ਨੂੰ ਸਫ਼ਲ ਬਣਾਉਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਦੱਸਿਆ ਕਿ 4 ਮਾਰਚ ਨੂੰ ਬੀਡੀਪੀਓ ਦਫ਼ਤਰ ਦੇ ਸਾਹਮਣੇ ਬਣ ਰਹੀ ਨਵੀਂ ਲਾਇਬ੍ਰੇਰੀ ਦਾ ਵੀ ਉਦਘਾਟਨ ਲਿਟਰੇਚਰ ਫੈਸਟੀਵਲ ਨਾਲ ਕੀਤਾ ਜਾਵੇਗਾ, ਜਿਸ ਵਿਚ ਜ਼ਿਲ੍ਹੇ ਦੇ ਪ੍ਰਮੁੱਖ ਲੇਖਕਾਂ ਤੇ ਸਾਹਿਤਕਾਰਾਂ ਨੂੰ ਵੀ ਬੁਲਾਇਆ ਜਾਵੇਗਾ।