ਬਠਿੰਡਾ ਪਲਾਟ ਘੁਟਾਲੇ ਵਿੱਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ (Manpreet Badal) ਤੋਂ ਮੰਗਲਵਾਰ ਯਾਨੀ ਅੱਜ ਜਦੋਂ ਵਿਜੀਲੈਂਸ ਬਿਊਰੋ ਬਠਿੰਡਾ ਸਾਹਮਣੇ ਪੇਸ਼ ਹੋਏ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਨਾਲ ਹੀ ਮੌਕੇ ਤੇ ਹੀ ਉਨ੍ਹਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ। ਜ਼ਮਾਨਤ ਮਿਲਣ ਤੋਂ ਬਾਅਦ ਮਨਪ੍ਰੀਤ ਬਾਦਲ ਮੀਡੀਆ ਨਾਲ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੀ ਮੰਗ ਕੀਤੀ।
ਵਿਜੀਲੈਂਸ ਵੱਲੋਂ ਦੂਜੀ ਵਾਰ ਭੇਜੇ ਗਏ ਸਮਨ ਤੋਂ ਬਾਅਦ ਬਠਿੰਡਾ ਦਫ਼ਤਰ ਪਹੁੰਚੇ ਮਨਪ੍ਰੀਤ ਬਾਦਲ ਕਾਫ਼ੀ ਸਮੇਂ ਤੱਕ ਅੰਦਰ ਰਹੇ। ਇਸ ਦੌਰਾਨ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਪਰ ਨਾਲ ਹੀ ਮੌਕੇ ਤੇ ਹੀ ਉਨ੍ਹਾਂ ਨੂੰ ਜ਼ਮਾਨਤ ਵੀ ਦੇ ਦਿੱਤੀ ਗਈ। ਵਿਜੀਲੈਂਸ ਦਫ਼ਤਰ ਤੋਂ ਬਾਹਰ ਆਉਣ ਤੋਂ ਬਾਅਦ ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸੂਬੇ ਦੀ ਮਾਨ ਸਰਕਾਰ ਤੇ ਤਿੱਖਾ ਨਿਸ਼ਾਨਾ ਲਾਇਆ।
ਮਨਪ੍ਰੀਤ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਇਸ ਗੱਲ ਤੋਂ ਪੂਰੀ ਤਰ੍ਹਾਂ ਨਾਲ ਸਹਿਮਤ ਹਨ ਕਿ ਲੋਕ ਸੇਵਾ ਅਤੇ ਰਾਜਨੀਤੀ ਕਰਨ ਵਾਲਿਆਂ ਨੂੰ ਯਕੀਨੀ ਤੌਰ ‘ਤੇ ਲੋਕਾਂ ਪ੍ਰਤੀ ਜਵਾਬਦੇਹ ਹੋਣਾ ਚਾਹੀਦਾ ਹੈ। ਉਹ ਵਿਜੀਲੈਂਸ ਜਾਂਚ ਦਾ ਸੁਆਗਤ ਕਰਦੇ ਹਨ। ਪਰ ਫਾਰਮ ਭਰਨ ਨਾਲ ਕਿਸੇ ਨੂੰ ਅਪਰਾਧੀ ਨਹੀਂ ਐਲਾਨਿਆ ਜਾ ਸਕਦਾ। ਵਿਜੀਲੈਂਸ ਤਾ ਸਰਕਾਰ ਦੇ ਹੱਥ ਦੀ ਸੋਟੀ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦਾ ਇਹ ਕੇਸ ਵਿਜੀਲੈਂਸ ਦੀ ਬਜਾਏ ਸੀਬੀਆਈ ਨੂੰ ਦਿੱਤਾ ਜਾਵੇ।
ਪੰਜਾਬ ਸਰਕਾਰ ਤੇ ਤਿੱਖਾ ਹਮਲਾ ਬੋਲਦਿਆਂ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਸਰਕਾਰਾਂ ਤਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ। ਸਮਾਂ ਬਦਲਦੇ ਦੇਰ ਨਹੀਂ ਲੱਗਦੀ। ਜੇਕਰ ਵਿਜੀਲੈਂਸ ਉਨ੍ਹਾਂ ਨੂੰ 100 ਵਾਰ ਵੀ ਬੁਲਾਵੇਗੀ ਤਾਂ ਉਹ ਹਾਜ਼ਰ ਹੋ ਜਾਣਗੇ। ਕਿਊਂਕਿ ਉਨ੍ਹਾਂ ਨੂੰ ਮਾਨਯੋਗ ਅਦਾਲਤ ਅਤੇ ਭਾਰਤ ਦੇ ਕਾਨੂੰਨ ਤੇ ਪੂਰਾ ਭਰੋਸਾ ਹੈ।
ਵਿਜੀਲੈਂਸ ਦਾ ਜਵਾਬ
ਉੱਧਰ, ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਬਾਦਲ ਮੈਡੀਕਲ ਤੌਰ ‘ਤੇ ਹਾਲੇ ਅਨਫਿੱਟ ਹੈ। ਉਨ੍ਹਾਂ ਨੂੰ ਕੁਝ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਸੀ, ਪਰ ਉਹ ਨਹੀਂ ਲਿਆਏ। ਉਨ੍ਹਾਂ ਨੂੰ ਅਗਲੀ ਪੇਸ਼ੀ ‘ਤੇ ਸਾਰੇ ਦਸਤਾਵੇਜ਼ ਲਿਆਉਣ ਲਈ ਕਿਹਾ ਗਿਆ ਹੈ।
ਕੀ ਹੈ ਪਲਾਟ ਖਰੀਦ ਮਾਮਲਾ?
ਬਠਿੰਡਾ ‘ਚ ਮਨਪ੍ਰੀਤ ਬਾਦਲ ਖਿਲਾਫ਼ ਪਲਾਟ ਖਰੀਦਣ ‘ਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਤੇ ਬਠਿੰਡਾ ਵਿਕਾਸ ਅਥਾਰਟੀ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਦੋ ਪਲਾਟ ਘੱਟ ਰੇਟ ਤੇ ਖਰੀਦਣ ਦਾ ਆਰੋਪ ਹੈ। ਜਿਸ ਕਾਰਨ ਸਰਕਾਰ ਨੂੰ 65 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਹੀ ਹੀ ਨਹੀਂ ਮਨਪ੍ਰੀਤ ਬਾਦਲ ਤੇ ਇਹ ਵੀ ਆਰੋਪ ਹੈ ਕਿ ਉਨ੍ਹਾਂ ਨੇ 2018 ਤੋਂ ਵਿੱਤ ਮੰਤਰੀ ਹੁੰਦਿਆਂ ਹੀ ਪਲਾਟ ਹੜੱਪਣ ਦੀ ਸਾਜ਼ਿਸ਼ ਵੀ ਰਚੀ ਸੀ। ਜਿਸ ਤੋਂ ਬਾਅਦ ਜਾਅਲੀ ਬੋਲੀ ਲਗਾਈ ਗਈ। ਫਿਰ ਬਾਅਦ ਵਿੱਚ ਉਨ੍ਹਾਂ ਨੇ ਆਪਣੇ ਦੋ ਖਾਸ ਆਦਮੀਆਂ ਦੇ ਨਾਂ ਤੇ ਪਲਾਟ ਖਰੀਦ ਕੇ ਉਨ੍ਹਾਂ ਨਾਲ ਨਾਜਾਇਜ਼ ਸਮਝੌਤੇ ਕੀਤੇ।