ਲੁਧਿਆਣਾ ‘ਚ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼, ਮਹਿੰਗੀਆਂ ‘ਪਾਰਟੀ ਡਰੱਗਜ਼’ ਦੀ ਵੱਡੀ ਖੇਪ ਬਰਾਮਦ; 6 ਗ੍ਰਿਫਤਾਰ
ਲੁਧਿਆਣਾ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਨਸ਼ਿਆਂ ਦੇ ਅੰਤਰਰਾਸ਼ਟਰੀ ਕਾਲੇ ਕਾਰੋਬਾਰ ਵਿਰੁੱਧ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਲੁਧਿਆਣਾ ਅਤੇ ਟ੍ਰਾਈਸਿਟੀ ਵਿੱਚ ਜਾਲ ਵਿਛਾ ਕੇ ਇਸ ਹਾਈ-ਪ੍ਰੋਫਾਈਲ ਨਸ਼ਾ ਨੈੱਟਵਰਕ ਨਾਲ ਜੁੜੇ 6 ਮੁੱਖ ਗੁਰਗਿਆਂ ਨੂੰ ਕਾਬੂ ਕੀਤਾ ਹੈ। ਇਸ ਕਾਰਵਾਈ ਦੀ ਜਾਣਕਾਰੀ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਸਾਂਝੀ ਕੀਤੀ ਹੈ।
Image Credit: @Ludhiana_Police
ਲੁਧਿਆਣਾ ਪੁਲਿਸ ਦੀ ਐਂਟੀ-ਨਾਰਕੋਟਿਕਸ ਟਾਸਕ ਫੋਰਸ (ANTF) ਨੇ ਨਸ਼ਿਆਂ ਦੇ ਅੰਤਰਰਾਸ਼ਟਰੀ ਕਾਲੇ ਕਾਰੋਬਾਰ ਵਿਰੁੱਧ ਇੱਕ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਲੁਧਿਆਣਾ ਅਤੇ ਟ੍ਰਾਈਸਿਟੀ ਵਿੱਚ ਜਾਲ ਵਿਛਾ ਕੇ ਇਸ ਹਾਈ-ਪ੍ਰੋਫਾਈਲ ਨਸ਼ਾ ਨੈੱਟਵਰਕ ਨਾਲ ਜੁੜੇ 6 ਮੁੱਖ ਗੁਰਗਿਆਂ ਨੂੰ ਕਾਬੂ ਕੀਤਾ ਹੈ। ਇਸ ਕਾਰਵਾਈ ਦੀ ਜਾਣਕਾਰੀ ਪੁਲਿਸ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਸਾਂਝੀ ਕੀਤੀ ਹੈ।
ਵਿਦੇਸ਼ਾਂ ਤੋਂ ਆਉਂਦੀਆਂ ਸਨ ਮਹਿੰਗੀਆਂ ‘ਡਿਜ਼ਾਈਨਰ ਡਰੱਗਜ਼’
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇਹ ਸਿੰਡੀਕੇਟ ਵਿਦੇਸ਼ਾਂ ਤੋਂ ਮਹਿੰਗੀਆਂ ਪਾਰਟੀ ਡਰੱਗਜ਼ ਮੰਗਵਾ ਕੇ ਪੰਜਾਬ ਦੇ ਵੱਡੇ ਸ਼ਹਿਰਾਂ ਵਿੱਚ ਅਮੀਰ ਪਰਿਵਾਰਾਂ ਦੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਰਿਹਾ ਸੀ। ਪੁਲਿਸ ਨੇ ਇਸ ਰੇਡ ਦੌਰਾਨ ਭਾਰੀ ਮਾਤਰਾ ਵਿੱਚ ਸਿੰਥੈਟਿਕ ਅਤੇ ਦੁਰਲੱਭ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ, ਜੋ ਕਿ ਹਾਈ-ਪ੍ਰੋਫਾਈਲ ਪਾਰਟੀਆਂ ਵਿੱਚ ਵਰਤੇ ਜਾਂਦੇ ਸਨ।
ਬਰਾਮਦ ਕੀਤੇ ਨਸ਼ਿਆਂ ਦਾ ਵੇਰਵਾ
ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਇਹ ਕਾਰਵਾਈ ਦੇਸ਼ ਵਿੱਚ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਬਰਾਮਦਗੀਆਂ ਵਿੱਚੋਂ ਇੱਕ ਮੰਨੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਪਾਰਟੀ ਡਰੱਗ ਵਜੋਂ ਜਾਣੀਆਂ ਜਾਂਦੀਆਂ 1215 MDMA (ਐਕਸਟਸੀ) ਟੈਬਲੇਟਸ ਅਤੇ 263 ਗ੍ਰਾਮ ਕੋਕੀਨ ਸ਼ਾਮਲ ਹੈ, ਜੋ ਕਿ ਬੇਹੱਦ ਮਹਿੰਗਾ ਨਸ਼ਾ ਹੈ ਅਤੇ ਸਿਰਫ਼ ਖਾਸ ਸਰਕਲਾਂ ਵਿੱਚ ਹੀ ਸਪਲਾਈ ਹੁੰਦਾ ਸੀ।
ਇਸ ਤੋਂ ਇਲਾਵਾ, ਪੁਲਿਸ ਨੇ ਸਰੀਰ ਨੂੰ ਸੁੰਨ ਕਰ ਦੇਣ ਵਾਲਾ 82 ਗ੍ਰਾਮ ICE (ਮੈਥਾਮਫੇਟਾਮਾਈਨ) ਨਾਮਕ ਖ਼ਤਰਨਾਕ ਕੈਮੀਕਲ, 1.251 ਕਿੱਲੋ THC ਦੇ ਵੱਖ-ਵੱਖ ਵੇਰੀਐਂਟ ਅਤੇ ਭਰਮ ਪੈਦਾ ਕਰਨ ਵਾਲੀ 16 ਗ੍ਰਾਮ ਦੁਰਲੱਭ ‘ਮੈਜਿਕ ਮਸ਼ਰੂਮ’ ਡਰੱਗ ਵੀ ਜ਼ਬਤ ਕੀਤੀ ਹੈ। ਨਸ਼ਿਆਂ ਦੀ ਇਸ ਖੇਪ ਦੇ ਨਾਲ-ਨਾਲ 400 ਗ੍ਰਾਮ ਅਫ਼ੀਮ ਅਤੇ ਡਰੱਗ ਮਨੀ ਵਜੋਂ 9 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ, ਜੋ ਇਸ ਅੰਤਰਰਾਸ਼ਟਰੀ ਨੈੱਟਵਰਕ ਦੀ ਮਜ਼ਬੂਤੀ ਨੂੰ ਦਰਸਾਉਂਦੀ ਹੈ।
ਏਅਰ ਕੂਰੀਅਰ ਅਤੇ ਐਨਕ੍ਰਿਪਟਡ ਐਪਸ ਰਾਹੀਂ ਹੁੰਦੀ ਸੀ ਡੀਲ
ਜਾਂਚ ਦੌਰਾਨ ਚੌਕਾ ਦੇਣ ਵਾਲੇ ਖੁਲਾਸੇ ਹੋਏ ਹਨ। ਇਹ ਗਿਰੋਹ ਵਿਦੇਸ਼ਾਂ ਤੋਂ ਏਅਰ ਕੂਰੀਅਰ ਰਾਹੀਂ ਨਸ਼ੀਲੇ ਪਦਾਰਥਾਂ ਦੀ ਖੇਪ ਮੰਗਵਾਉਂਦਾ ਸੀ। ਪੁਲਿਸ ਦੀ ਨਜ਼ਰ ਤੋਂ ਬਚਣ ਲਈ ਮੁਲਜ਼ਮ ਸਿਗਨਲ ਜਾਂ ਟੈਲੀਗ੍ਰਾਮ ਵਰਗੇ ਐਨਕ੍ਰਿਪਟਡ ਸੋਸ਼ਲ ਮੀਡੀਆ ਪਲੇਟਫਾਰਮਾਂ ਦੀ ਵਰਤੋਂ ਕਰਦੇ ਸਨ। ਸਪਲਾਇਰ ਅਤੇ ਗਾਹਕਾਂ ਵਿਚਕਾਰ ਸਾਰੀ ਗੱਲਬਾਤ ਅਤੇ ਸੌਦੇਬਾਜ਼ੀ ਕੋਡ ਵਰਡ ਵਿੱਚ ਕੀਤੀ ਜਾਂਦੀ ਸੀ।
ਇਹ ਵੀ ਪੜ੍ਹੋ
ਪੂਰੀ ਚੇਨ ਨੂੰ ਤਬਾਹ ਕਰਨ ਦੀ ਤਿਆਰੀ
ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਸ਼ੁਰੂਆਤ ਹੈ। ਪੁਲਿਸ ਹੁਣ ਗ੍ਰਿਫਤਾਰ ਕੀਤੇ ਗਏ ਗੁਰਗਿਆਂ ਦੇ ‘ਫਾਰਵਰਡ ਅਤੇ ਬੈਕਵਰਡ ਲਿੰਕੇਜ’ ਦੀ ਜਾਂਚ ਕਰ ਰਹੀ ਹੈ। ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਵਿਦੇਸ਼ਾਂ ਵਿੱਚ ਬੈਠੇ ਇਨ੍ਹਾਂ ਦੇ ਆਕਾ ਕੌਣ ਹਨ ਅਤੇ ਪੰਜਾਬ ਵਿੱਚ ਕਿਹੜੇ-ਕਿਹੜੇ ਵੱਡੇ ਲੋਕਾਂ ਜਾਂ ਪੈਡਲਰਾਂ ਨੂੰ ਇਹ ਮਾਲ ਸਪਲਾਈ ਕਰ ਰਹੇ ਸਨ। ਪੁਲਿਸ ਨੇ ਸਪੱਸ਼ਟ ਕੀਤਾ ਕਿ ਨਸ਼ਿਆਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਗਈ ਹੈ ਅਤੇ ਇਸ ਸਿੰਡੀਕੇਟ ਦੀ ਪੂਰੀ ਚੇਨ ਨੂੰ ਜਲਦ ਹੀ ਤਬਾਹ ਕਰ ਦਿੱਤਾ ਜਾਵੇਗਾ।
