ਕੁਲਦੀਪ ਧਾਲੀਵਾਲ ਦਾ ਸੁਖਬੀਰ ਬਾਦਲ ਤੇ ਤਿੱਖਾ ਹਮਲਾ, ਬੋਲੇ -‘ਨਿੱਜੀ ਲਾਭ ਲਈ ਵਰਤੀਆਂ ਧਾਰਮਿਕ ਸੰਸਥਾਵਾਂ’
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ 'ਤੇ ਜ਼ੋਰਦਾਰ ਸਿਆਸੀ ਨਿਸ਼ਾਨਾ ਸਾਧਿਆ। ਧਾਲੀਵਾਲ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਹੁਣ ਲਿਫਾਫੇਬਾਜ਼ੀ ਅਤੇ ਵੱਡੇ-ਵੱਡੇ ਭਾਸ਼ਣਾਂ ਤੋਂ ਅੱਕ ਚੁੱਕੇ ਹਨ, ਸੂਬੇ ਨੂੰ ਹੁਣ ਸੱਚੀ ਕਾਰਵਾਈ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਲੋੜ ਹੈ।
ਕੁਲਦੀਪ ਧਾਲੀਵਾਲ ਦਾ ਸੁਖਬੀਰ 'ਤੇ ਹਮਲਾ, ਨਿੱਜੀ ਲਾਭ ਲਈ ਵਰਤੀਆਂ ਧਾਰਮਿਕ ਸੰਸਥਾਵਾਂ
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ, ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਮੀਡੀਆ ਨਾਲ ਰੂ-ਬ-ਰੂ ਹੁੰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਾਰਟੀ ‘ਤੇ ਜ਼ੋਰਦਾਰ ਸਿਆਸੀ ਨਿਸ਼ਾਨਾ ਸਾਧਿਆ। ਧਾਲੀਵਾਲ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਪੰਜਾਬ ਦੇ ਲੋਕ ਹੁਣ ਲਿਫਾਫੇਬਾਜ਼ੀ ਅਤੇ ਵੱਡੇ-ਵੱਡੇ ਭਾਸ਼ਣਾਂ ਤੋਂ ਅੱਕ ਚੁੱਕੇ ਹਨ, ਸੂਬੇ ਨੂੰ ਹੁਣ ਸੱਚੀ ਕਾਰਵਾਈ ਅਤੇ ਪਾਰਦਰਸ਼ੀ ਪ੍ਰਸ਼ਾਸਨ ਦੀ ਲੋੜ ਹੈ।
ਗੁਰਦੁਆਰਾ ਜਾਇਦਾਦਾਂ ਅਤੇ ਗੋਲਕ ‘ਤੇ ਚੁੱਕੇ ਸਵਾਲ
ਸੁਖਬੀਰ ਬਾਦਲ ‘ਤੇ ਤੰਜ ਕੱਸਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਸਟੇਜਾਂ ਤੋਂ ਖੋਖਲੇ ਦਾਅਵੇ ਕਰਨ ਦੀ ਬਜਾਏ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਗੁਰਦੁਆਰਿਆਂ ਦੀਆਂ ਜਾਇਦਾਦਾਂ ਅਤੇ ਐਸ.ਜੀ.ਪੀ.ਸੀ. (SGPC) ਦੀ ਗੋਲਕ ਨੂੰ ਕਿਵੇਂ ਸੁਰੱਖਿਅਤ ਰੱਖਿਆ ਜਾਵੇ।
ਉਨ੍ਹਾਂ ਦੋਸ਼ ਲਗਾਇਆ ਕਿ ਬਾਦਲ ਪਰਿਵਾਰ ਨੇ ਦਹਾਕਿਆਂ ਤੱਕ ਪੰਜਾਬ ਦੀ ਸਿਆਸਤ ਅਤੇ ਧਾਰਮਿਕ ਸੰਸਥਾਵਾਂ ਨੂੰ ਆਪਣੇ ਨਿੱਜੀ ਹਿੱਤਾਂ ਅਤੇ ਪਰਿਵਾਰਕ ਲਾਭ ਲਈ ਵਰਤਿਆ ਹੈ। ਧਾਲੀਵਾਲ ਅਨੁਸਾਰ, ਸ਼੍ਰੋਮਣੀ ਕਮੇਟੀ ਦੀ ਗੋਲਕ ਦਾ ਪੈਸਾ ਕਿਸੇ ਇੱਕ ਪਰਿਵਾਰ ਦੇ ਘਰ ਵੱਲ ਜਾਣਾ ਸਮੁੱਚੀ ਸਿੱਖ ਕੌਮ ਲਈ ਇੱਕ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ।
‘ਆਪ’ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ @KuldeepSinghAAP ਨੇ ਲੋਕਾਂ ਸਾਹਮਣੇ ਲਿਆਂਦਾ ਬਾਦਲਾਂ ਦਾ ਦੋਗਲਾ ਕਿਰਦਾਰ !!
ਕਿਹਾ, ”ਸੁਖਬੀਰ ਬਾਦਲ ਆਪਣੇ ਪਿਓ ਦੀ ਤਰ੍ਹਾਂ ਦੋਗਲੀ ਸਿਆਸਤ ਕਰ ਰਿਹਾ ਹੈ। ਤਰਨਤਾਰਨ ਜ਼ਿਮਨੀ ਚੋਣ ‘ਚ ਗੈਂਗਸਟਰ ਦੀ ਮਾਂ ਨੂੰ ਟਿਕਟ ਦੇ ਕੇ ਦਹਿਸ਼ਤ ਦਾ ਮਾਹੌਲ ਬਣਾ ਕੇ ਵੋਟਾਂ ਲੈਣ ਦੀ ਕੋਸ਼ਿਸ਼ ਕੀਤੀ ਗਈ ਜਿਵੇਂ ਵੱਡਾ pic.twitter.com/4sR3zSScuB — AAP Punjab (@AAPPunjab) February 22, 2026
“ਅਕਾਲੀ ਦਲ ਦੀਆਂ ਨੀਤੀਆਂ ਨੇ ਪੰਜਾਬ ਨੂੰ ਬਰਬਾਦ ਕੀਤਾ”
ਧਾਲੀਵਾਲ ਨੇ ਅੱਗੇ ਕਿਹਾ ਕਿ ਅਕਾਲੀ ਦਲ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਨੂੰ ਆਰਥਿਕ, ਸਮਾਜਿਕ ਅਤੇ ਕਾਨੂੰਨੀ ਤੌਰ ‘ਤੇ ਨਾ-ਪੂਰਾ ਹੋਣ ਵਾਲਾ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਗੈਂਗਸਟਰਵਾਦ ਦੇ ਮੁੱਦੇ ‘ਤੇ ਸੁਖਬੀਰ ਬਾਦਲ ਨੂੰ ਘੇਰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਤੱਕ ਸੀਮਿਤ ਹਨ।
ਇਹ ਵੀ ਪੜ੍ਹੋ
ਧਾਲੀਵਾਲ ਨੇ ਸਵਾਲ ਉਠਾਇਆ ਕਿ ਇੱਕ ਪਾਸੇ ਗੈਂਗਸਟਰਾਂ ਨੂੰ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ, ਜਦਕਿ ਦੂਜੇ ਪਾਸੇ ਕੁਝ ਮਹੀਨੇ ਪਹਿਲਾਂ ਹੀ ਉਨ੍ਹਾਂ ਦੇ ਪਰਿਵਾਰਕ ਸਮਾਗਮਾਂ ਵਿੱਚ ਗੈਂਗਸਟਰਾਂ ਦੀ ਸ਼ਮੂਲੀਅਤ ਦੇਖਣ ਨੂੰ ਮਿਲੀ ਹੈ। ਉਨ੍ਹਾਂ ਇਸ ਨੂੰ ਬਾਦਲ ਪਰਿਵਾਰ ਦੀ ‘ਦੋਗਲੀ ਨੀਤੀ’ ਕਰਾਰ ਦਿੱਤਾ ਜੋ ਪੰਜਾਬ ਦੇ ਭਵਿੱਖ ਲਈ ਖ਼ਤਰਨਾਕ ਹੈ।
ਕਾਲੇ ਦੌਰ ਦੀ ਯਾਦ ਅਤੇ ਮੌਜੂਦਾ ਸਰਕਾਰ ਦਾ ਦਾਅਵਾ
ਪੁਰਾਣੇ ਸਮਿਆਂ ਦਾ ਜ਼ਿਕਰ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਪੰਜਾਬ ਨੇ ਪਹਿਲਾਂ ਵੀ ਅਜਿਹੀਆਂ ਦੋਹਰੀਆਂ ਨੀਤੀਆਂ ਕਾਰਨ ਕਾਲਾ ਦੌਰ ਭੁਗਤਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਆਮ ਆਦਮੀ ਪਾਰਟੀ ਦੀ ਸਰਕਾਰ ਹੁਣ ਸੂਬੇ ਵਿੱਚ ਫੈਲੀ ਗੰਦਗੀ, ਭ੍ਰਿਸ਼ਟਾਚਾਰ ਅਤੇ ਗੈਂਗਸਟਰਵਾਦ ਨੂੰ ਜੜ੍ਹੋਂ ਖਤਮ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਫਾਈ ਹੁਣ ਤੇਜ਼ੀ ਨਾਲ ਹੋ ਰਹੀ ਹੈ।
ਮਰਯਾਦਾ ਅਤੇ ਕਾਨੂੰਨ ਦਾ ਦਾਇਰਾ
ਅਕਾਲ ਤਖ਼ਤ ਸਾਹਿਬ ਅਤੇ ਐਸ.ਜੀ.ਪੀ.ਸੀ. ਨਾਲ ਜੁੜੇ ਹਾਲੀਆ ਵਿਵਾਦਾਂ ‘ਤੇ ਟਿੱਪਣੀ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਹਰ ਇੱਕ ਨੂੰ ਕਾਨੂੰਨ ਅਤੇ ਧਾਰਮਿਕ ਮਰਯਾਦਾ ਦੇ ਦਾਇਰੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਕਿਸੇ ਕੋਲ ਜਾਇਦਾਦਾਂ ਜਾਂ ਘਪਲਿਆਂ ਬਾਰੇ ਸਵਾਲ ਹਨ, ਤਾਂ ਉਹ ਸਬੂਤਾਂ ਸਮੇਤ ਸਾਹਮਣੇ ਆਉਣ, ਨਾ ਕਿ ਸਿਰਫ਼ ਸਿਆਸੀ ਦੋਸ਼ ਲਗਾ ਕੇ ਪਵਿੱਤਰ ਸੰਸਥਾਵਾਂ ਨੂੰ ਬਦਨਾਮ ਕਰਨ। ਅੰਤ ਵਿੱਚ ਉਨ੍ਹਾਂ ਦੁਹਰਾਇਆ ਕਿ ‘ਆਪ’ ਸਰਕਾਰ ਪੰਜਾਬ ਦੇ ਲੋਕਾਂ ਨਾਲ ਕੀਤਾ ਹਰ ਵਾਅਦਾ ਨਿਭਾਏਗੀ ਅਤੇ ਸੂਬੇ ਨੂੰ ਸਾਫ਼, ਸੁਰੱਖਿਅਤ ਅਤੇ ਇਨਸਾਫ਼ਯੋਗ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
