ਜਲੰਧਰ ਲੋਕਸਭਾ ਜ਼ਿਮਨੀ ਚੋਣ ਦੀ ਤਿਆਰੀ ‘ਚ ਜੁੱਟੀਆਂ ਸਿਆਸੀ ਪਾਰਟੀਆਂ

Published: 

06 Feb 2023 13:58 PM

ਜਲੰਧਰ ਲੋਕਸਭਾ ਜਿਮਨੀ ਚੋਣ ਲਈ ਕਾਂਗਰਸ ਦੀ ਦਾਅਵੇਦਾਰੀ ਮਜਬੂਤ। ਡੇਰਾ ਬੱਲਾ ਨਿਭਾ ਸਕਦਾ ਹੈ ਜਿੱਤ ਚ ਅਹਿਮ ਭੂਮਿਕਾ। ਜਲੰਧਰ ਦੇ ਲੋਕਾਂ ਦੀ ਹਮਦਰਦੀ ਮਰਹੂਮ ਸੰਤੋਖ ਚੌਧਰੀ ਦੇ ਪਰਿਵਾਰ ਦੇ ਨਾਲ।

ਜਲੰਧਰ ਲੋਕਸਭਾ ਜ਼ਿਮਨੀ ਚੋਣ ਦੀ ਤਿਆਰੀ ਚ ਜੁੱਟੀਆਂ ਸਿਆਸੀ ਪਾਰਟੀਆਂ
Follow Us On

ਜਲੰਧਰ। ਇਥੋਂ ਦੇ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਤੋਂ ਬਾਅਦ ਲੋਕ ਸਭਾ ਸੀਟ ਲਈ ਜ਼ਿਮਨੀ ਚੋਣ ਜਲਦ ਹੋਣ ਜਾ ਰਹੀ ਹੈ, ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਆਪੋ-ਆਪਣਾ ਜੋਰ ਲਗਾ ਰਹੀਆਂ ਹਨ।

ਪਾਰਟੀਆਂ ਨੇ ਵਿੱਢੀ ਤਿਆਰੀ –

ਇਸ ਲੋਕਸਭਾ ਸੀਟ ਨੂੰ ਲੈ ਕੇ ਸੂਬੇ ਦੀਆਂ ਸਾਰੀਆ ਸਿਆਸੀ ਪਾਰਟੀਆਂ ਨੇ ਆਪੋ-ਆਪਣੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਵੱਲੋਂ ਅਜਿਹੇ ਸੰਕੇਤ ਦਿੱਤੇ ਗਏ ਸਨ ਕਿ ਪਾਰਟੀ ਵੱਲੋਂ ਸੰਤੋਖ ਸਿੰਘ ਚੌਧਰੀ ਦੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਜਾ ਸਕਦਾ ਹੈ। ਦੂਜੇ ਪਾਸੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਇਹ ਐਸਸੀ ਸੀਟ ਹੈ ਜਿਸ ਲਈ ਪਾਰਟੀ ਆਪਣਾ ਪੂਰਾ ਜੋਰ ਲਗਾ ਰਹੀ ਹੈ। ਉੱਧਰ, ਅਕਾਲੀ ਦਲ ਦਾ ਬਸਪਾ ਨਾਲ ਗਠਜੋੜ ਹੈ, ਇਸ ਲਈ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਪਾਰਟੀ ਬਸਪਾ ਦਾ ਉਮੀਦਵਾਰ ਉਤਾਰ ਸਕਦੀ ਹੈ। ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਉਹ ਵੀ ਕਿਸੇ ਨਾ ਕਿਸੇ ਤਰ੍ਹਾਂ ਸੀਟ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕਰੇਗੀ।

ਡੇਰਾ ਬੱਲਾ ਨਿਭਾ ਸਕਦਾ ਹੈ ਅਹਿਮ ਭੂਮਿਕਾ

ਇਸ ਸਬੰਧੀ ਪਿੰਡ ਡੇਰਾ ਬੱਲਾ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਸੰਤੋਖ ਸਿੰਘ ਚੌਧਰੀ ਦੀ ਪਤਨੀ ਨੂੰ ਚੋਣ ਮੈਦਾਨ ਵਿੱਚ ਉਤਾਰਦੀ ਹੈ ਤਾਂ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਜਿੱਤ ਦੀਆਂ ਉਮੀਦਾਂ ਵੱਧ ਜਾਣਗੀਆਂ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਡੇਰਾ ਬੱਲਾ ਜਲੰਧਰ ਦੀ ਰਾਜਨੀਤੀ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ ਤਾਂ ਉਨ੍ਹਾਂ ਕਿਹਾ ਕਿ ਚੋਣਾਂ ਸਮੇਂ ਇੱਥੇ ਬਹੁਤ ਸਾਰੇ ਲੋਕ ਪਹੁੰਚ ਜਾਂਦੇ ਹਨ ਪਰ ਬਾਬਾ ਜੀ ਦੀ ਨਜਰ ਵਿੱਚ ਸਭ ਬਰਾਬਰ ਹਨ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਪਾਰਟੀ ਨੂੰ ਦੇਖ ਕੇ ਨਹੀਂ ਸਗੋਂ ਇਹ ਦੇਖ ਕੇ ਵੋਟ ਪਾਵਾਂਗੇ ਕਿ ਕਿਹੜਾ ਉਮੀਦਵਾਰ ਮੈਦਾਨ ਵਿੱਚ ਹੈ, ਜੇਕਰ ਆਮ ਆਦਮੀ ਪਾਰਟੀ ਕੋਈ ਚੰਗਾ ਉਮੀਦਵਾਰ ਖੜ੍ਹਾ ਕਰਦੀ ਹੈ ਤਾਂ ਉਹ ਵੀ ਸੀਟ ਜਿੱਤਕੇ ਲੈਕੇ ਜਾ ਸਕਦੀ ਹੈ।

ਜਲੰਧਰ ਦੇ ਲੋਕਾਂ ਦੀ ਰਾਏ

ਇਸ ਸਬੰਧੀ ਜਦੋਂ ਸ਼ਹਿਰ ਵਾਸੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਅਸੀਂ ਸੰਤੋਖ ਸਿੰਘ ਚੌਧਰੀ ਦੇ ਅਕਾਲ ਚਲਾਣੇ ‘ਤੇ ਦੁੱਖ ਪ੍ਰਗਟ ਕਰਦੇ ਹਾਂ। ਕਾਂਗਰਸ ਦੀ ਸੀਟ ਬਾਰੇ ਉਨ੍ਹਾਂ ਕਿਹਾ ਕਿ ਸੀਟ ਪਰਿਵਾਰ ਤੋਂ ਹੀ ਬਣਦੀ ਹੈ। ਲੋਕ ਆਮ ਆਦਮੀ ਪਾਰਟੀ ਤੋਂ ਤੰਗ ਆ ਚੁੱਕੇ ਹਨ, ਇਸ ਲਈ ਉਨ੍ਹਾਂ ਵੱਲੋਂ ਖੜ੍ਹਾ ਕੀਤਾ ਕੋਈ ਵੀ ਉਮੀਦਵਾਰ ਇੱਥੋਂ ਹਾਰੇਗਾ। ਕਿਉਂਕਿ ਆਮ ਆਦਮੀ ਪਾਰਟੀ ਵਪਾਰੀਆਂ ਨੂੰ ਤੰਗ ਕਰ ਰਹੀ ਹੈ। ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ-ਬਸਪਾ ਗਠਜੋੜ ਵੀ ਸੀਟ ਜਿੱਤ ਸਕਦਾ ਹੈ, ਜੇਕਰ ਅਕਾਲੀ ਦਲ ਬਸਪਾ ਦੇ ਕਿਸੇ ਉਮੀਦਵਾਰ ਨੂੰ ਟਿਕਟ ਦਿੰਦਾ ਹੈ ਤਾਂ ਉਸ ਦੀ ਵੀ ਜਿੱਤਣ ਦੀ ਚੰਗੀ ਸੰਭਾਵਨਾ ਹੈ। ਜੇਕਰ ਭਾਜਪਾ ਦੀ ਗੱਲ ਕਰੀਏ ਤਾਂ ਭਾਜਪਾ ਦੀ ਪੰਜਾਬ ਵਿੱਚ ਪਹਿਲਾਂ ਨਾਲੋਂ ਜ਼ਿਆਦਾ ਪਕੜ ਮਜਬੂਤ ਹੋ ਰਹੀ ਹੈ ਪਰ ਭਾਜਪਾ ਵੱਲੋਂ ਸੀਟ ਜਿੱਤਣਾ ਮੁਸ਼ਕਲ ਲੱਗ ਰਿਹਾ ਹੈ । ਬਾਕੀ ਜਦੋਂ ਚੋਣਾਂ ਹੋਣਗੀਆਂ ਉਦੋਂ ਲੋਕ ਅਪਣੀ ਵੋਟ ਰਾਹੀਂ ਹੀ ਇਸ ਦਾ ਪੱਕਾ ਜਵਾਬ ਦੇ ਸਕਣਗੇ ।