ਜਲੰਧਰ ਦੇ ਪਿੰਡ ਮਾਹਲਾ ‘ਚ ਬੇਅਦਬੀ ਦੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਸੁੱਟੇ ਗਏ
ਸੂਚਨਾ ਮਿਲਣ 'ਤੇ, ਵੱਡੀ ਗਿਣਤੀ 'ਚ ਪਿੰਡ ਵਾਸੀ ਗੁਰਦੁਆਰਾ ਸਾਹਿਬ ਪਹੁੰਚੇ। ਗੁਰਦੁਆਰੇ 'ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਪਰ ਘਟਨਾ ਸਮੇਂ ਕੋਈ ਵੀ ਚਾਲੂ ਨਹੀਂ ਸੀ। ਇਸ ਗੁਰਦੁਆਰੇ ਨੂੰ ਪਿੰਡ ਦਾ ਸਭ ਤੋਂ ਪੁਰਾਣਾ ਤੇ ਸ਼ਰਧਾ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਹੈ, ਹਾਲਾਂਕਿ ਇੱਥੇ ਕੋਈ ਸਥਾਈ ਗ੍ਰੰਥੀ ਸਿੰਘ ਨਿਯੁਕਤ ਨਹੀਂ ਹੈ।
ਜਲੰਧਰ ਦੇ ਪਿੰਡ ਮਾਹਲਾ 'ਚ ਬੇਅਦਬੀ ਦੀ ਘਟਨਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਪਾੜ ਕੇ ਸੁੱਟੇ ਮਿਲੇ
ਜਲੰਧਰ ਦਿਹਾਤੀ ਦੇ ਗੁਰਾਇਆ ਖੇਤਰ ਦੇ ਪਿੰਡ ਮਾਹਲਾ ‘ਚ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੁਆਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਇੱਕ ਗੰਭੀਰ ਘਟਨਾ ਵਾਪਰੀ ਹੈ। ਇਸ ਘਟਨਾ ਨੇ ਪੂਰੇ ਪਿੰਡ ਤੇ ਆਸ ਪਾਸ ਦੇ ਇਲਾਕਿਆਂ ‘ਚ ਗੁੱਸੇ ਅਤੇ ਤਣਾਅ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਪਿੰਡ ਵਾਸੀਆਂ ਨੇ ਇਸ ਨੂੰ ਆਪਣੀ ਸ਼ਰਧਾ ‘ਤੇ ਸਿੱਧਾ ਹਮਲਾ ਦੱਸਿਆ ਹੈ ਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਮੁਤਾਬਕ, ਪਿੰਡ ਦੀ ਵਸਨੀਕ ਜਸਪ੍ਰੀਤ ਕੌਰ ਨੇ ਦੱਸਿਆ ਕਿ ਉਹ ਸ਼ਾਮ 5 ਵਜੇ ਦੇ ਕਰੀਬ ਗੁਰਦੁਆਰਾ ਸਾਹਿਬ ਗਈ ਸੀ। ਉਸ ਸਮੇਂ ਅੰਦਰ ਕੋਈ ਨਹੀਂ ਸੀ, ਇਸ ਲਈ ਉਹ ਬਾਹਰੋਂ ਮੱਥਾ ਟੇਕ ਕੇ ਘਰ ਵਾਪਸ ਆ ਗਈ। ਲਗਭਗ ਇੱਕ ਘੰਟੇ ਬਾਅਦ, ਸ਼ਾਮ 6 ਵਜੇ ਦੇ ਕਰੀਬ, ਗੁਰਦੁਆਰਾ ਸਾਹਿਬ ‘ਚ ਬੇਅਦਬੀ ਦੀ ਘਟਨਾ ਵਾਪਰੀ। ਥੋੜ੍ਹੀ ਦੇਰ ਬਾਅਦ, ਪਿੰਡ ਵਾਸੀਆਂ ਨੂੰ ਇੱਕ ਫੋਨ ਆਇਆ ਜਿਸ ‘ਚ ਉਨ੍ਹਾਂ ਨੂੰ ਸੂਚਿਤ ਕੀਤਾ ਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਗ ਪਾੜ ਕੇ ਸੁੱਟ ਦਿੱਤ ਗਏ ਹਨ।
ਸੂਚਨਾ ਮਿਲਣ ‘ਤੇ, ਵੱਡੀ ਗਿਣਤੀ ‘ਚ ਪਿੰਡ ਵਾਸੀ ਗੁਰਦੁਆਰਾ ਸਾਹਿਬ ਪਹੁੰਚੇ। ਗੁਰਦੁਆਰੇ ‘ਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ, ਪਰ ਘਟਨਾ ਸਮੇਂ ਕੋਈ ਵੀ ਚਾਲੂ ਨਹੀਂ ਸੀ। ਇਸ ਗੁਰਦੁਆਰੇ ਨੂੰ ਪਿੰਡ ਦਾ ਸਭ ਤੋਂ ਪੁਰਾਣਾ ਤੇ ਸ਼ਰਧਾ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਹੈ, ਹਾਲਾਂਕਿ ਇੱਥੇ ਕੋਈ ਸਥਾਈ ਗ੍ਰੰਥੀ ਸਿੰਘ ਨਿਯੁਕਤ ਨਹੀਂ ਹੈ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ। ਡੀਐਸਪੀ ਫਿਲੌਰ ਤੇ ਐਸਐਚਓ ਗੁਰਾਇਆ ਨੇ ਸਥਿਤੀ ਦਾ ਜਾਇਜ਼ਾ ਲਿਆ ਤੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ। ਪਿੰਡ ਦੀ ਸਰਪੰਚ ਬਲਵਿੰਦਰ ਕੌਰ ਨੇ ਇਸ ਘਟਨਾ ਨੂੰ ਬਹੁਤ ਹੀ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜ ਕੇ ਸਖ਼ਤ ਸਜ਼ਾ ਦਿੱਤੀ ਜਾਵੇ ਤਾਂ ਜੋ ਭਵਿੱਖ ‘ਚ ਕੋਈ ਵੀ ਅਜਿਹੀ ਹਰਕਤ ਕਰਨ ਦੀ ਹਿੰਮਤ ਨਾ ਕਰੇ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ‘ਚ ਲੱਗੀ ਹੋਈ ਹੈ।
