ਜਲੰਧਰ ਵਿੱਚ ਢਾਹਿਆ ਗਿਆ ਨਸ਼ਾ ਤਸਕਰਾਂ ਦਾ ਘਰ, ਲੋਕ ਸਭਾ ਚੋਣਾਂ ਵੇਲੇ ਹੋਈ ਸੀ ਗ੍ਰਿਫ਼ਤਾਰੀ
ਜਲੰਧਰ ਦੇ ਭਾਰਗਵ ਕੈਂਪ ਵਿੱਚ ਪੁਲਿਸ ਨੇ ਤਿੰਨ ਭਰਾਵਾਂ ਦੇ ਘਰ ਢਾਹ ਦਿੱਤੇ ਹਨ ਜੋ ਨਸ਼ਾ ਤਸਕਰੀ ਵਿੱਚ ਸ਼ਾਮਲ ਸਨ। ਇਹ ਕਾਰਵਾਈ ਲੋਕ ਸਭਾ ਚੋਣਾਂ ਦੌਰਾਨ ਹੈਰੋਇਨ ਸਮੇਤ ਗ੍ਰਿਫਤਾਰੀ ਤੋਂ ਬਾਅਦ ਕੀਤੀ ਗਈ ਹੈ। ਤਿੰਨਾਂ ਭਰਾਵਾਂ ਵਿਰੁੱਧ ਕਈ ਮਾਮਲੇ ਦਰਜ ਹਨ ਅਤੇ ਉਹਨਾਂ ਨੂੰ ਕਈ ਵਾਰ ਚੇਤਾਵਨੀ ਦੇਣ ਦੇ ਬਾਵਜੂਦ ਵੀ ਨਸ਼ਾ ਵੇਚਦੇ ਰਹੇ। ਪੁਲਿਸ ਨੇ ਇਸ ਕਾਰਵਾਈ ਦੌਰਾਨ ਭਾਰੀ ਫੋਰਸ ਤਾਇਨਾਤ ਕੀਤੀ ਸੀ।
ਜਲੰਧਰ ਵਿੱਚ ਢਾਹਿਆ ਗਿਆ ਨਸ਼ਾ ਤਸਕਰਾਂ ਦਾ ਘਰ
ਅੱਜ ਪੁਲਿਸ ਨੇ ਜਲੰਧਰ ਦੇ ਭਾਰਗਵ ਕੈਂਪ ਵਿੱਚ ਸ਼੍ਰੀ ਕਬੀਰ ਮੰਦਿਰ ਨੇੜੇ ਤਿੰਨ ਭਰਾਵਾਂ ਦੇ ਘਰ ਢਾਹ ਦਿੱਤੇ ਗਏ। ਜੋ ਕਿ ਨਸ਼ਾ ਦੀ ਤਸਕਰੀ ਦੇ ਮਾਮਲਿਆਂ ਵਿੱਚ ਸ਼ਾਮਿਲ ਸਨ, ਨਸ਼ਾ ਤਸਕਰ ਮੌਲਾ ਦੇ ਤਿੰਨ ਭਰਾ ਨਸ਼ੇ ਵੇਚਦੇ ਸਨ। ਅੱਜ ਸਵੇਰੇ ਪੁਲਿਸ ਨੇ ਭਾਰਗਵ ਕੈਂਪ ਵਿੱਚ ਭਾਰੀ ਫੋਰਸ ਤਾਇਨਾਤ ਕੀਤੀ। ਜਿਸ ਤੋਂ ਬਾਅਦ ਮੌਕੇ ‘ਤੇ ਬੁਲਡੋਜ਼ਰ ਬੁਲਾਇਆ ਗਿਆ ਅਤੇ ਤਿੰਨੋਂ ਨਸ਼ਾ ਤਸਕਰ ਭਰਾਵਾਂ ਦੇ ਘਰ ਢਾਹ ਦਿੱਤੇ ਗਏ।
ਇਸ ਕਾਰਵਾਈ ਦੌਰਾਨ ਜਲੰਧਰ ਸਿਟੀ ਪੁਲਿਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਮੌਜੂਦ ਸਨ। ਕਿਸੇ ਵੀ ਸਥਿਤੀ ਨੂੰ ਵਧਣ ਤੋਂ ਰੋਕਣ ਲਈ ਪੁਲਿਸ ਤਿਆਰ ਸੀ। ਵਰਿੰਦਰ ਸਿੰਘ ਉਰਫ਼ ਮੌਲਾ, ਉਸਦਾ ਭਰਾ ਰੋਹਿਤ ਅਤੇ ਜਤਿੰਦਰ, ਸਾਰੇ ਭਾਰਗਵ ਕੈਂਪ ਦੇ ਰਹਿਣ ਵਾਲੇ ਹਨ, ਕਈ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਹਨ।
ਮੁਲਜ਼ਮਾਂ ਨੂੰ ਰੋਕਣ ਦੀ ਕੀਤੀ ਗਈ ਸੀ ਕੋਸ਼ਿਸ
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮੁਲਜ਼ਮਾਂ ਨੂੰ ਸਮਝਾ ਬੁਝਾ ਕੇ ਨਸ਼ੇ ਦੇ ਧੰਦੇ ਨੂੰ ਬੰਦ ਕਰਨ ਅਤੇ ਗੈਰ ਕਾਨੂੰਨੀ ਕੰਮਾਂ ਤੋਂ ਰੋਕਣ ਦੀ ਕੋਸ਼ਿਸ ਕੀਤੀ ਸੀ। ਉਹ ਤਿੰਨੋਂ ਕਈ ਕੋਸ਼ਿਸਾਂ ਦੇ ਬਾਵਜੂਦ ਵੀ, ਨਸ਼ੇ ਵੇਚਣ ਤੋਂ ਨਹੀਂ ਹਟ ਰਹੇ ਸਨ। ਜਿਸ ਕਾਰਨ ਸਰਕਾਰੀ ਹਦਾਇਤਾਂ ਅਨੁਸਾਰ ਪੁਲਿਸ ਵੱਲੋਂ ਤਿੰਨਾਂ ਭਰਾਵਾਂ ਵਿਰੁੱਧ ਇਹ ਕਾਰਵਾਈ ਕੀਤੀ ਗਈ।
‘ਯੁੱਧ ਨਸ਼ੇ ਵਿਰੁੱਧ’ ਦੇ ਅਧੀਨ ਕਾਰਵਾਈ ਜਲੰਧਰ ਤੋਂ Live.. https://t.co/bXh0pAho9v
— AAP Punjab (@AAPPunjab) March 21, 2025
ਹੈਰੋਇਨ ਨਾਲ ਹੋਈ ਸੀ ਗ੍ਰਿਫ਼ਤਾਰੀ
ਪੰਜਾਬ ਪੁਲਿਸ ਦੇ ਰਿਕਾਰਡ ਅਨੁਸਾਰ, ਤਿੰਨ ਭਰਾਵਾਂ ਵਿੱਚੋਂ ਸਭ ਤੋਂ ਬਦਨਾਮ ਤਸਕਰ ਵਰਿੰਦਰ ਸਿੰਘ ਉਰਫ਼ ਮੌਲਾ ਹੈ। ਸਾਰਾ ਨਸ਼ੇ ਦਾ ਕਾਰੋਬਾਰ ਉਸਦੀ ਨਿਗਰਾਨੀ ਹੇਠ ਚੱਲਦਾ ਹੈ। ਇਸ ਦੇ ਨਾਲ ਹੀ ਤਿੰਨਾਂ ਭਰਾਵਾਂ ਵਿਰੁੱਧ ਨਸ਼ਾ ਤਸਕਰੀ ਦੇ ਅੱਧਾ ਦਰਜਨ ਦੇ ਕਰੀਬ ਮਾਮਲੇ ਦਰਜ ਹਨ। ਮੁਲਜ਼ਮ ਨੂੰ ਪੁਲਿਸ ਨੇ ਪਿਛਲੀਆਂ ਲੋਕ ਸਭਾ ਚੋਣਾਂ ਦੌਰਾਨ ਇੱਕ ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ।
ਇਸ ਦੌਰਾਨ ਮੌਜੂਦ ਸੰਸਦ ਮੈਂਬਰ ਅਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਉਕਤ ਇਲਾਕੇ ਵਿੱਚ ਨਸ਼ਿਆਂ ਦਾ ਮੁੱਦਾ ਉਠਾਇਆ ਸੀ। ਪੁਲਿਸ ਪ੍ਰਸ਼ਾਸਨ ਨੇ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਬਣਦੀ ਕਾਰਵਾਈ ਨੂੰ ਇੰਜ਼ਾਮ ਦਿੱਤਾ ਅਤੇ ਮੁਲਜ਼ਮਾਂ ਦੀ ਰਿਹਾਇਸ਼ ਨੂੰ ਢਹਿ ਢੇਰੀ ਕਰ ਦਿੱਤਾ।