ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਲਈ AI ਦੀ ਹੋਵੇ ਵਰਤੋਂ… ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਸਮੀਖਿਆ ਮੀਟਿੰਗ ਵਿੱਚ ਹਦਾਇਤਾਂ | jail-minister-laljit-singh-bhullar-review-meeting-on jail-security-artificial-intelligence ai Bhagwant mann more detail in punjabi Punjabi news - TV9 Punjabi

ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਲਈ AI ਦੀ ਹੋਵੇ ਵਰਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਸਮੀਖਿਆ ਮੀਟਿੰਗ ਵਿੱਚ ਹਦਾਇਤਾਂ

Updated On: 

17 Oct 2024 17:56 PM

Laljit Bhullar Meeting on Jail : ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਵੀਰਵਾਰ ਨੂੰ ਸਮੀਖਿਆ ਮੀਟਿੰਗ ਕੀਤੀ। ਉਨ੍ਹਾਂ ਨੇ ਜੇਲ੍ਹ ਦੇ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ ਚੱਲ ਰਹੇ ਪ੍ਰੋਜੈਕਟਾਂ, ਮੌਜੂਦਾ ਚੁਣੌਤੀਆਂ ਨਾਲ ਨਜਿੱਠਣ ਲਈ ਰਣਨੀਤੀਆਂ, ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ, ਸਿਹਤ ਸੰਭਾਲ ਸਹੂਲਤਾਂ ਵਿੱਚ ਸੁਧਾਰ, ਅੰਤਰ-ਵਿਭਾਗੀ ਸੰਚਾਰ ਵਿੱਚ ਸੁਧਾਰ ਅਤੇ ਮੁੜ ਵਸੇਬਾ ਪ੍ਰੋਗਰਾਮਾਂ ਵਿੱਚ ਹੋਰ ਸੁਧਾਰ ਬਾਰੇ ਵਿਸਥਾਰ ਵਿੱਚ ਚਰਚਾ ਕੀਤੀ।

ਪੰਜਾਬ ਦੀਆਂ ਜੇਲ੍ਹਾਂ ਵਿੱਚ ਸੁਰੱਖਿਆ ਲਈ AI ਦੀ ਹੋਵੇ ਵਰਤੋਂ ਮੰਤਰੀ ਲਾਲਜੀਤ ਸਿੰਘ ਭੁੱਲਰ ਦੀਆਂ ਸਮੀਖਿਆ ਮੀਟਿੰਗ ਵਿੱਚ ਹਦਾਇਤਾਂ

ਲਾਲਜੀਤ ਸਿੰਘ, ਪੰਜਾਬ ਕੈਬਿਨੇਟ ਮੰਤਰੀ

Follow Us On

ਪੰਜਾਬ ਦੇ ਜੇਲ੍ਹ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੀਆਂ ਜੇਲ੍ਹਾਂ ਨੂੰ ਹੋਰ ਸੁਰੱਖਿਅਤ ਬਣਾਉਣ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਆਧਾਰਿਤ ਅਤੇ ਅਤਿ-ਆਧੁਨਿਕ ਤਕਨੀਕ ਅਪਣਾਉਣ ‘ਤੇ ਜ਼ੋਰ ਦਿੱਤਾ ਹੈ। ਜੇਲ੍ਹ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਤੇ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਜੇਲ੍ਹਾਂ ਨੂੰ ਪੂਰੀ ਤਰ੍ਹਾਂ ਨਾਲ ਅਪਰਾਧ ਮੁਕਤ ਬਣਾਉਣ ਦੀ ਲੋੜ ਹੈ। ਮੋਬਾਈਲ ਵਰਗੇ ਉਪਕਰਨਾਂ ‘ਤੇ ਰੋਕਥਾਮ ਲਈ ਨਵੀਂ ਤਕਨੀਕ ਦੀ ਲੋੜ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੇਲ੍ਹਾਂ ਵਿੱਚ ਨਿਗਰਾਨੀ ਦੇ ਆਧੁਨਿਕ ਉਪਕਰਨ ਲਗਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ।

ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਉਹ ਜੇਲ੍ਹ ਵਿਭਾਗ ਲਈ ਲੋੜੀਂਦੇ ਫੰਡਾਂ ਲਈ ਜਲਦੀ ਹੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਮੁਲਾਕਾਤ ਕਰਨਗੇ ਅਤੇ ਜੇਲ੍ਹਾਂ ਦੇ ਆਧੁਨਿਕੀਕਰਨ ਅਤੇ ਉੱਥੇ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਜੇਲ੍ਹਾਂ ਵਿੱਚ ਕੈਦੀਆਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਉਨ੍ਹਾਂ ਕਿਹਾ ਕਿ ਸੂਬੇ ਵਿੱਚ ਨਵੀਆਂ ਜੇਲ੍ਹਾਂ ਦੀ ਉਸਾਰੀ ਦੇ ਨਾਲ-ਨਾਲ ਨਵੀਆਂ ਬੈਰਕਾਂ ਵੀ ਬਣਾਈਆਂ ਜਾਣਗੀਆਂ।

ਜੇਲ੍ਹਾਂ ਨੂੰ ਅਪਰਾਧ ਮੁਕਤ ਬਣਾਉਣ ਦੀ ਅਪੀਲ

ਲਾਲਜੀਤ ਸਿੰਘ ਭੁੱਲਰ ਨੇ ਜੇਲ੍ਹ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਕਿ ਜੇਲ੍ਹਾਂ ਨੂੰ ਪੂਰੀ ਤਰ੍ਹਾਂ ਅਪਰਾਧ ਮੁਕਤ ਬਣਾਉਣ ਲਈ ਤੁਰੰਤ ਕੰਮ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਵੱਖ-ਵੱਖ ਉਤਪਾਦ ਤਿਆਰ ਕੀਤੇ ਜਾਣ ਤਾਂ ਜੋ ਜੇਲ੍ਹਾਂ ਨੂੰ ਆਰਥਿਕ ਤੌਰ ਤੇ ਆਤਮ ਨਿਰਭਰ ਬਣਾਇਆ ਜਾ ਸਕੇ। ਇਸੇ ਤਰ੍ਹਾਂ ਕੈਦੀਆਂ ਅਤੇ ਨਜ਼ਰਬੰਦਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਦੇ ਨਾਲ-ਨਾਲ ਉਨ੍ਹਾਂ ਲਈ ਬਣਾਈਆਂ ਭਲਾਈ ਸਕੀਮਾਂ ਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇ।

ਇਸ ਦੌਰਾਨ ਜੇਲ੍ਹ ਸੁਪਰਡੈਂਟਾਂ ਨੇ ਆਪੋ-ਆਪਣੀਆਂ ਜੇਲ੍ਹਾਂ ਨਾਲ ਸਬੰਧਤ ਚੁਣੌਤੀਆਂ ਜਿਵੇਂ ਕਿ ਕੈਦੀਆਂ ਅਤੇ ਹਵਾਲਾਤੀਆਂ ਦੀ ਵਧਦੀ ਗਿਣਤੀ, ਸਟਾਫ਼ ਅਤੇ ਸਾਧਨਾਂ ਦੀ ਘਾਟ ਆਦਿ ਨੂੰ ਸਾਂਝਾ ਕੀਤਾ। ਕੈਬਨਿਟ ਮੰਤਰੀ ਨੇ ਭਰੋਸਾ ਦਿੱਤਾ ਕਿ ਸਰਕਾਰ ਜੇਲ੍ਹ ਪ੍ਰਬੰਧਨ ਵਿੱਚ ਸੁਧਾਰ ਲਈ ਲੰਮੇ ਸਮੇਂ ਦੇ ਉਪਾਅ ਲਾਗੂ ਕਰਨ ਦੇ ਨਾਲ-ਨਾਲ ਇਨ੍ਹਾਂ ਸਮੱਸਿਆਵਾਂ ਦੇ ਹੱਲ ਲਈ ਤੁਰੰਤ ਕਾਰਵਾਈ ਕਰੇਗੀ।

ਮਾਨਸਿਕ ਸਿਹਤ ਅਤੇ ਤੰਦਰੁਸਤੀ ‘ਤੇ ਫੋਕਸ

ਜੇਲ੍ਹ ਮੰਤਰੀ ਨੇ ਕੈਦੀਆਂ ਲਈ ਵਿਦਿਅਕ ਪ੍ਰੋਗਰਾਮਾਂ ਦਾ ਵਿਸਥਾਰ ਕਰਨ, ਨਿਗਰਾਨੀ ਅਤੇ ਪ੍ਰਸ਼ਾਸਨਿਕ ਕੰਮਾਂ ਲਈ ਤਕਨਾਲੋਜੀ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਮਾਨਸਿਕ ਸਿਹਤ ਅਤੇ ਤੰਦਰੁਸਤੀ ਨਾਲ ਸਬੰਧਤ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਦੀਆਂ ਯੋਜਨਾਵਾਂ ਦੀ ਰੂਪਰੇਖਾ ਵੀ ਦਿੱਤੀ। ਲਾਲਜੀਤ ਸਿੰਘ ਭੁੱਲਰ ਨੇ ਜੇਲ੍ਹਾਂ ਵਿੱਚ ਸੁਧਾਰ ਦੇ ਏਜੰਡੇ ਨੂੰ ਅੱਗੇ ਲਿਜਾਣ ਲਈ ਸੁਪਰਡੈਂਟਾਂ ਅਤੇ ਵਿਭਾਗ ਦੇ ਸਮੂਹਿਕ ਯਤਨਾਂ ਤੇ ਤਸੱਲੀ ਪ੍ਰਗਟਾਈ।

ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ (ਜੇਲ੍ਹ) ਅਲੋਕ ਸ਼ੇਖਰ, ਏਡੀਜੀਪੀ (ਜੇਲ੍ਹ) ਅਰੁਣ ਪਾਲ ਸਿੰਘ, ਆਈਜੀ (ਜੇਲ੍ਹ) ਆਰਕੇ ਅਰੋੜਾ, ਡੀਆਈਜੀ (ਜੇਲ੍ਹ ਹੈੱਡਕੁਆਰਟਰ) ਸੁਰਿੰਦਰ ਸਿੰਘ ਅਤੇ ਸਮੂਹ ਜੇਲ੍ਹ ਸੁਪਰਡੈਂਟ ਅਤੇ ਹੈੱਡਕੁਆਰਟਰ ਦੇ ਅਧਿਕਾਰੀ ਹਾਜ਼ਰ ਸਨ।

Exit mobile version