ਲੁਧਿਆਣਾ ‘ਚ ਅਕਾਲੀ ਨੇਤਾ ‘ਤੇ ਇਨਕਮ ਟੈਕਸ ਦਾ ਛਾਪਾ: ਹੋਟਲ ਡੀਲ ਤੋਂ ਬਾਅਦ ਕਾਕਾ ਸੂਦ ਤੇ ਪਈ ਸੀ ਆਈਟੀ ਦੀ ਪੁੱਠੀ ਨਜ਼ਰ
Income Tax Raid on SAD Leader: ਕਾਕਾ ਸੂਦ ਦੇ ਟਿਕਾਣਿਆਂ ਤੋਂ ਕਈ ਮਹੱਤਵਪੂਰਨ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਬੂਤ ਜ਼ਬਤ ਕੀਤੇ ਗਏ ਹਨ। ਕਾਕਾ ਸੂਦ ਦੇ ਪਰਿਵਾਰਕ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਗਈ ਹੈ। ਇਹ ਵੀ ਚਰਚਾ ਹੈ ਕਿ ਇਸ ਜਾਂਚ ਵਿੱਚ ਕਾਕਾ ਸੂਦ ਦੇ ਕਰੀਬੀ ਲੋਕਾਂ ਨੂੰ ਵੀ ਸ਼ਾਮਲ ਕੀਤਾ ਜਾ ਸਕਦਾ ਹੈ।
ਲੁਧਿਆਣਾ ‘ਚ ਅਕਾਲੀ ਦਲ ਦੇ ਆਗੂ ਵਿਪਨ ਸੂਦ ਕਾਕਾ ‘ਤੇ ਇਨਕਮ ਟੈਕਸ ਦਾ ਛਾਪਾ ਪਿਆ ਹੈ। ਆਈਟੀ ਟੀਮਾਂ ਕਰੀਬ 2 ਘੰਟੇ ਪਹਿਲਾਂ ਲੁਧਿਆਣਾ ਪਹੁੰਚੀਆਂ। ਇਸ ਤੋਂ ਬਾਅਦ ਨਿਊ ਮਾਡਲ ਪਿੰਡ ਇਲਾਕੇ ਵਿੱਚ ਕਾਕਾ ਦੇ ਠਿਕਾਣਿਆਂ ਦੀ ਜਾਂਚ ਕੀਤੀ ਜਾ ਰਹੀ ਹੈ।
ਹਾਲਾਂਕਿ ਇਨਕਮ ਟੈਕਸ ਵੱਲੋਂ ਇਸ ਸਬੰਧੀ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਸੂਤਰਾਂ ਮੁਤਾਬਕ ਕਾਕਾ ਇਕ ਹੋਟਲ ਨਾਲ ਹੋਏ ਸੌਦੇ ਤੋਂ ਬਾਅਦ ਆਮਦਨ ਕਰ ਵਿਭਾਗ ਦੀਆਂ ਨਜ਼ਰਾਂ ਵਿੱਚ ਆਏ ਸਨ।
ਸੂਤਰਾਂ ਅਨੁਸਾਰ ਛਾਪੇਮਾਰੀ ਲਈ ਜਲੰਧਰ, ਲੁਧਿਆਣਾ, ਚੰਡੀਗੜ੍ਹ ਅਤੇ ਹਰਿਆਣਾ ਤੋਂ ਟੀਮਾਂ ਆਈਆਂ ਹਨ। ਜਿਸ ਵਿੱਚ 15 ਤੋਂ 20 ਦੇ ਕਰੀਬ ਅਧਿਕਾਰੀ ਤੇ ਕਰਮਚਾਰੀ ਸ਼ਾਮਲ ਹਨ। ਆਈਟੀ ਟੀਮ ਕਾਕਾ ਦੇ ਹੋਟਲ ਚੇਨ ਦੀ ਜਾਂਚ ਕਰ ਰਹੀ ਹੈ। ਜਿਸ ਵਿੱਚ ਉਨ੍ਹਾਂ ਖਿਲਾਫ਼ਆਮਦਨ ਤੋਂ ਵੱਧ ਜਾਇਦਾਦ ਦਾ ਸ਼ੱਕ ਹੈ।
ਦੱਸ ਦੇਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵਿਪਨ ਸੂਦ ਨੂੰ ਲੁਧਿਆਣਾ ਤੋਂ 2024 ਲਈ ਪਾਰਟੀ ਦਾ ਲੋਕ ਸਭਾ ਉਮੀਦਵਾਰ ਐਲਾਨਿਆ ਹੈ।