ਪੰਜਾਬ ਚ 45 ਹਜਾਰ ਮ੍ਰਿਤਕ ਲੈ ਰਹੇ ਮੁਫਤ ਰਾਸ਼ਨ ਸਕੀਮ ਦਾ ਫਾਈਦਾ

Published: 

02 Feb 2023 15:43 PM

ਪੰਜਾਬ ਵਿੱਚ ਰਾਸ਼ਨ ਘੁਟਾਲਾ ਸਾਹਮਣੇ ਆਇਆ ਹੈ। ਜਿਥੇ ਹਜਾਰਾਂ ਦੀ ਗਿਣਤੀ ਵਿੱਚ ਮ੍ਰਿਤਕਾਂ ਦੇ ਨਾਂਅ ਤੇ ਰਾਸ਼ਨ ਲਿਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪੰਜਾਬ ਸਰਕਾਰ ਵਲੋਂ ਕੀਤੀ ਗਈ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ। ਜਿਸ ਵਿੱਚ ਕਈ ਰਸੂਖਦਾਰ ਲੋਕ ਵੀ ਗਰੀਬਾਂ ਵਾਲੀ ਸਹੂਲਤਾਂ ਲੈ ਰਹੇ ਹਨ।

ਪੰਜਾਬ ਚ 45 ਹਜਾਰ ਮ੍ਰਿਤਕ ਲੈ ਰਹੇ ਮੁਫਤ ਰਾਸ਼ਨ ਸਕੀਮ ਦਾ ਫਾਈਦਾ
Follow Us On

ਚੰਡੀਗੜ੍ਹ। ਪੰਜਾਬ ਵਿੱਚ ਹਜ਼ਾਰਾਂ ਮ੍ਰਿਤਕਾਂ ਨੂੰ ਆਟਾ ਦਾਲ ਸਕੀਮ ਤਹਿਤ ਰਾਸ਼ਨ ਮਿਲ ਰਿਹਾ ਹੈ। ਪਤਾ ਲੱਗਦਿਆਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੀ ਕਰਵਾਈ ਪੜਤਾਲ ਚ ਇਹ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਜਾਂਚ ਚ ਪਤਾ ਲੱਗਾ ਹੈ ਕਿ ਪੰਜਾਬ ਵਿੱਚ ਹਜਾਰਾਂ ਮ੍ਰਿਤਕ ਵਅਕਤੀ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈ ਰਹੇ ਹਨ। ਇਸੇ ਤਰ੍ਹਾਂ ਰਸੂਖਵਾਨ ਲੋਕ ਵੀ ਆਟਾ ਦਾਲ ਸਕੀਮ ਦੇ ਲਾਭਪਾਤਰੀ ਬਣੇ ਹੋਏ ਹਨ। ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਟਾ ਦਾਲ ਸਕੀਮ ਦੇ ਲਾਭਪਾਰਤੀਆਂ ਦਾ ਬਿਓਰਾ ਆਧਾਰ ਕਾਰਡਾਂ ਨਾਲ ਜੋੜਿਆ ਗਿਆ ਜਿਸ ਤੋਂ ਬਾਅਦ ਇਹ ਜਾਣਕਾਰੀ ਸਾਹਮਣੇ ਆਈ ਹੈ।

ਧਨਾਂਢ ਵੀ ਚੁੱਕ ਰਹੇ ਆਟਾ ਦਾਲ ਸਕੀਮ ਦਾ ਫਾਈਦਾ

ਵੇਰਵਿਆਂ ਅਨੁਸਾਰ ਪੰਜਾਬ ਚ ਕਰੀਬ 10.56 ਲੱਖ ਅਜਿਹੇ ਰਸੂਖਵਾਨਾਂ ਦੀ ਸ਼ਨਾਖਤ ਹੋਈ ਹੈ, ਜਿਨ੍ਹਾਂ ਨੁੰ ਆਟਾ ਦਾਲ ਸਕੀਮ ਦਾ ਰਾਸ਼ਨ ਮਿਲ ਰਿਹਾ ਹੈ। ਪੰਜਾਬ ਮੰਡੀ ਬੋਰਡ ਦੇ 12.50 ਲੱਖ ਲੋਕਾਂ ਦਾ ਅੰਕੜਾ ਸਰਕਾਰ ਨੂੰ ਦਿੱਤਾ ਸੀ, ਜਿਨ੍ਹਾਂ ਵੱਲੋ. ਸਲਾਨਾ 60 ਹਜਾਰ ਤੋਂ ਵੱਧ ਮੁੱਲ ਦੀ ਫਸਲ ਵੇਚੀ ਗਈ ਸੀ। ਇਨ੍ਹਾਂ ਚੋ ਕਰੀਬ 7 ਲੱਖ ਲੋਕ ਅਜਿਹੇ ਮਿਲੇ ਹਨ ਜਿਨ੍ਹਾਂ ਦੀ ਸਲਾਨਾ ਆਮਦਨ 2 ਲੱਖ ਰੁਪਏ ਤੋਂ ਜਿਆਦਾ ਸੀ, ਪਰ ਇਸ ਸਕੀਮ ਦੇ ਲਾਭਪਾਤਰੀ ਬਣਨ ਲਈ ਉਨ੍ਹਾਂ ਦੀ ਆਮਦਨ ਹੱਦ ਸਾਲਾਨਾ 60 ਹਜਾਰ ਰੁਪਏ ਮਿਥੀ ਹੋਈ ਹੈ।

ਹੁਣ ਤੱਕ ਰੱਦ ਕੀਤੇ ਗਏ 9.91 ਰਾਸ਼ਨ ਕਾਰਡ

ਸੂਬਾ ਸਰਕਾਰ ਵੱਲੋਂ ਵਿੱਢੀ ਪੜਤਾਲ ਦੀ ਪਹਿਲੀ ਫਰਵਰੀ ਤੱਕ ਰਿਪੋਰਟ ਤੇ ਨਜਰ ਮਾਰੀਏ ਤਾਂ 9.91 ਰਾਸ਼ਨ ਕਾਰਡ ਰੱਦ ਕੀਤੇ ਜਾ ਚੁੱਕੇ ਹਨ। ਪੰਜਾਬ ਵਿਚ ਕੁੱਲ 40.68 ਲੱਖ ਰਾਸ਼ਨ ਕਾਰਡ ਹਨ, ਜਿਨ੍ਹਾਂ ਚੋ 20.78 ਲੱਖ ਦੀ ਪੜਤਾਲ ਹੋ ਚੁੱਕੀ ਹੈ। ਇਸ ਪੜਤਾਲ ਵਿਚ 1.63 ਲੱਖ ਰਾਸ਼ਨ ਕਾਰਡ ਅਯੋਗ ਪਾਏ ਗਏ ਹਨ ਜੋ ਕਰੀਬ 7.88 ਫੀਸਦ ਬਣਦੇ ਹਨ। ਹਾਲਾਕਿ ਹਾਲੇ ਸਿਰਫ 51.08 ਫੀਸਦ ਕਾਰਡਾਂ ਦੀ ਹੀ ਪੜਤਾਲ ਦਾ ਕੰਮ ਨੇਪਰੇ ਚੜਿਆ ਹੈ।

ਲਾਭਪਾਤਰੀਆਂ ਦੀ ਗਿਣਤੀ ਮਿਥੇ ਕੋਟੇ ਤੋਂ ਕਿਤੇ ਵੱਧ

ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਕੇਂਦਰ ਸਰਕਾਰ ਨੇ ਪੰਜਾਬ ਨੂੰ ਤਿੰਨ ਮਹੀਨਿਆਂ ਦਾ ਅਨਾਜ ਦਾ ਕੋਟਾ ਭੇਜਿਆ ਸੀ ਅਤੇ ਇਸ ਵਿੱਚ ਕਰੀਬ 11 ਫੀਸਦੀ ਦੀ ਕਟੌਤੀ ਕਰ ਦਿੱਤੀ ਗਈ ਸੀ ਕਿਉਂਕਿ ਪੰਜਾਬ ਵਿੱਚ ਲਾਭਪਾਤਰੀਆਂ ਦੀ ਗਿਣਤੀ ਕੇਂਦਰ ਵੱਲੋਂ ਨਿਰਧਾਰਤ ਕੋਟੇ ਤੋਂ ਕਿਤੇ ਵੱਧ ਹੈ। ਇਸ ਸਮੇਂ ਪੰਜਾਬ ਵਿੱਚ ਕੁੱਲ 1.57 ਕਰੋੜ ਲਾਭਪਾਤਰੀਆਂ ਨੂੰ ਅਨਾਜ ਦਿੱਤਾ ਜਾ ਰਿਹਾ ਹੈ।