ਹੁਸ਼ਿਆਰਪੁਰ ਨਿਊਜ: ਭਗੌੜੇ ਅੰਮ੍ਰਿਤਪਾਲ ਸਿੰਘ (Amritpal Singh) ਬਾਰੇ ਪੰਜਾਬ ਪੁਲਿਸ ਨੂੰ ਇੱਕ ਹੋਰ ਵੱਡੀ ਕਾਮਯਾਬੀ ਮਿਲੀ ਹੈ । ਪੰਜਾਬ ਪੁਲਿਸ ਨੇ ਵੀਰਵਾਰ ਨੂੰ ਹੁਸ਼ਿਆਰਪੁਰ ਵਿੱਚ ਅੰਮ੍ਰਿਤਪਾਲ ਸਿੰਘ ਦੀ ਮਦਦ ਕਰਨ ਵਾਲੇ ਦੋ ਸੱਕੇ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਹੈ । ਪੁਲਿਸ ਪੁੱਛਗਿੱਛ ‘ਚ ਪਤਾ ਲੱਗਾ ਹੈ ਕਿ ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਨੂੰ ਖਾਣਾ ਖੁਆਇਆ ਸੀ ਅਤੇ ਕੱਪੜੇ ਵੀ ਦਿੱਤੇ ਸਨ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ, ਰਾਜਪੁਰਾ ਪਿੰਡ ਦੇ ਇਨ੍ਹਾਂ ਦੋ ਭਰਾਵਾਂ ਵਿੱਚੋਂ ਇੱਕ ਦਾ ਨਾਂ ਗੁਰਦੀਪ ਅਤੇ ਦੂਜੇ ਦਾ ਕੁਲਦੀਪ ਹੈ। 28 ਮਾਰਚ ਨੂੰ ਜਦੋਂ ਅੰਮ੍ਰਿਤਪਾਲ ਸਿੰਘ ਆਪਣੀ ਇਨੋਵਾ ਕਾਰ ਹੁਸ਼ਿਆਰਪੁਰ ਦੇ ਪਿੰਡ ਮਨਰਾਈਆਂ ਵਿਖੇ ਛੱਡ ਕੇ ਭੱਜਿਆ ਸੀ ਤਾਂ ਇਨ੍ਹਾ ਨੇ ਹੀ ਉਸ ਨੂੰ ਆਪਣੇ ਘਰ ਪਨਾਹ ਦਿੱਤੀ ਹੋਈ ਸੀ।
ਅੰਮ੍ਰਿਤਪਾਲ ਸਿੰਘ ਨੂੰ ਲੈਣ ਲਈ ਪਹੁੰਚੀ ਸੀ ਸਵਿਫਟ ਕਾਰ
ਖਾਣਾ ਖਾਣ ਅਤੇ ਕੱਪੜੇ ਬਦਲਣ ਤੋਂ ਬਾਅਦ ਇੱਕ ਅੰਮ੍ਰਿਤਪਾਲ ਸਿੰਘ ਨੂੰ ਲੈਣ ਲਈ ਸਵਿਫਟ ਕਾਰ ਪਿੰਡ ਮਨਰਾਈਆਂ ਪਿੰਡ ਪਹੁੰਚੀ ਸੀ। ਕਾਰ ਵਿੱਚ ਬੈਠ ਕੇ ਅੰਮ੍ਰਿਤਪਾਲ ਸਿੰਘ ਕਿਸੇ ਅਣਪਛਾਤੀ ਥਾਂ ਲਈ ਰਵਾਨਾ ਹੋ ਗਿਆ ਸੀ। ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ 18 ਮਾਰਚ ਤੋਂ ਫਰਾਰ ਹੈ।
ਪੰਜਾਬ ਪੁਲਿਸ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਵੀ ਉਹ ਅਜੇ ਤੱਕ ਫੜਿਆ ਨਹੀਂ ਗਿਆ ਹੈ। ਫਰਾਰੀ ਦੌਰਾਨ ਅੰਮ੍ਰਿਤਪਾਲ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਹੈ। ਪੁਲਿਸ ਤੋਂ ਬਚਣ ਲਈ ਉਹ ਆਪਣਾ ਭੇਸ ਵੀ ਬਦਲ ਰਿਹਾ ਹੈ। ਹਾਲ ਹੀ ਵਿੱਚ ਪੰਜਾਬ ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਪਪਲਪ੍ਰੀਤ ਨੂੰ ਗ੍ਰਿਫ਼ਤਾਰ ਕੀਤਾ ਹੈ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ