ਹੁਸ਼ਿਆਰਪੁਰ ‘ਚ ਚਾਰ ਅੱਤਵਾਦੀ ਗ੍ਰਿਫ਼ਤਾਰ, 2.5 ਕਿਲੋ IED ਤੇ ਦੋ ਪਿਸਤੌਲ ਬਰਾਮਦ; BKI ਦੇ ਇਸ਼ਾਰੇ ‘ਤੇ ਰਚੀ ਸਾਜ਼ਿਸ਼

Published: 

24 Jan 2026 10:25 AM IST

ਹੁਸ਼ਿਆਰਪੁਰ ਪੁਲਿਸ ਨੇ ਜਲੰਧਰ ਕਾਊਂਟਰ ਇੰਟੈਲੀਜੈਂਸ ਦੇ ਸਹਿਯੋਗ ਨਾਲ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ। ਪੁਲਿਸ ਨੇ ਗੜ੍ਹਸ਼ੰਕਰ ਤੋਂ ਚਾਰ ਕਾਰਕੁਨਾਂ ਨੂੰ ਗ੍ਰਿਫਤਾਰ ਕੀਤਾ ਅਤੇ 2.5 ਕਿਲੋਗ੍ਰਾਮ ਆਰਡੀਐਕਸ ਅਤੇ ਦੋ ਪਿਸਤੌਲਾਂ ਵਾਲਾ ਇੱਕ ਆਈਈਡੀ ਬਰਾਮਦ ਕੀਤਾ।

ਹੁਸ਼ਿਆਰਪੁਰ ਚ ਚਾਰ ਅੱਤਵਾਦੀ ਗ੍ਰਿਫ਼ਤਾਰ, 2.5 ਕਿਲੋ IED ਤੇ ਦੋ ਪਿਸਤੌਲ ਬਰਾਮਦ; BKI ਦੇ ਇਸ਼ਾਰੇ ਤੇ ਰਚੀ ਸਾਜ਼ਿਸ਼

ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ (Photo Credit: @DGPPunjabPolice)

Follow Us On

26 ਜਨਵਰੀ ਨੂੰ ਗਣਤੰਤਰ ਦਿਵਸ ਤੋਂ ਪਹਿਲਾਂ ਪਾਕਿਸਤਾਨ ਦੇ ਆਈਐਸਆਈ-ਸਮਰਥਿਤ ਅੱਤਵਾਦੀ ਨੈੱਟਵਰਕ ਖਿਲਾਫ ਇੱਕ ਵੱਡੀ ਸਫਲਤਾ ਮਿਲੀ। ਜਿਸ ਵਿੱਚ ਹੁਸ਼ਿਆਰਪੁਰ ਪੁਲਿਸ ਨੇ ਕਾਊਂਟਰ ਇੰਟੈਲੀਜੈਂਸ, ਜਲੰਧਰ ਨਾਲ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਪਾਬੰਦੀਸ਼ੁਦਾ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਇੱਕ ਅੱਤਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਆਪ੍ਰੇਸ਼ਨ ਦੌਰਾਨ ਚਾਰ ਮਾਡਿਊਲ ਸੰਚਾਲਕਾਂ ਨੂੰ ਲਗਭਗ 2.5 ਕਿਲੋਗ੍ਰਾਮ ਵਜ਼ਨ ਵਾਲੇ ਆਰਡੀਐਕਸ-ਅਧਾਰਤ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (IED) ਸਮੇਤ ਗ੍ਰਿਫ਼ਤਾਰ ਕੀਤਾ ਗਿਆ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਿਲਜੋਤ ਸਿੰਘ, ਹਰਮਨ ਸਿੰਘ ਉਰਫ਼ ਹੈਰੀ ਉਰਫ਼ ਹਰੀ, ਅਜੈ ਉਰਫ਼ ਮਾਹਿਰਾ ਅਤੇ ਅਰਸ਼ਦੀਪ ਸਿੰਘ ਉਰਫ਼ ਅਰਸ਼ ਕੰਦੋਲਾ ਵਜੋਂ ਹੋਈ ਹੈ। ਇਹ ਸਾਰੇ ਐਸਬੀਐਸ ਨਗਰ ਜ਼ਿਲ੍ਹੇ ਦੇ ਰਾਹੋਂ ਇਲਾਕੇ ਦੇ ਵਸਨੀਕ ਹਨ। ਆਰਡੀਐਕਸ-ਅਧਾਰਤ ਆਈਈਡੀ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਹਨ।

BKI ਹੈਂਡਲਰਾਂ ਵੱਲੋਂ ਚਲਾਇਆ ਜਾ ਰਿਹਾ ਸੀ ਅੱਤਵਾਦੀ ਮਾਡਿਊਲ

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਅੱਤਵਾਦੀ ਮਾਡਿਊਲ ਅਮਰੀਕਾ ਸਥਿਤ ਬੀਕੇਆਈ ਹੈਂਡਲਰਾਂ ਦੁਆਰਾ ਚਲਾਇਆ ਜਾ ਰਿਹਾ ਸੀ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਬਰਾਮਦ ਕੀਤੇ ਗਏ ਆਈਈਡੀ ਆਉਣ ਵਾਲੇ ਗਣਤੰਤਰ ਦਿਵਸ ਦੇ ਜਸ਼ਨਾਂ ਦੇ ਨਾਲ ਇੱਕ ਯੋਜਨਾਬੱਧ ਅੱਤਵਾਦੀ ਹਮਲੇ ਨੂੰ ਅੰਜਾਮ ਦੇਣ ਲਈ ਵਰਤੇ ਜਾਣੇ ਸਨ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਅੱਗੇ ਅਤੇ ਪਿੱਛੇ ਸਬੰਧਾਂ ਨੂੰ ਸਥਾਪਤ ਕਰਨ ਲਈ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ।

ਹੁਸ਼ਿਆਰਪੁਰ ਪੁਲਿਸ ਨੇ ਸਾਂਝੇ ਕੀਤੇ ਆਪ੍ਰੇਸ਼ਨ ਦੇ ਵੇਰਵੇ

ਆਪ੍ਰੇਸ਼ਨ ਦੇ ਵੇਰਵੇ ਸਾਂਝੇ ਕਰਦਿਆਂ, ਹੁਸ਼ਿਆਰਪੁਰ ਦੇ ਸੀਨੀਅਰ ਪੁਲਿਸ ਸੁਪਰਡੈਂਟ (ਐਸਐਸਪੀ) ਸੰਦੀਪ ਮਲਿਕ ਨੇ ਕਿਹਾ ਕਿ ਖੁਫੀਆ ਜਾਣਕਾਰੀ ਦੇ ਆਧਾਰ ‘ਤੇ, ਹੁਸ਼ਿਆਰਪੁਰ ਪੁਲਿਸ ਅਤੇ ਸੀਆਈ ਜਲੰਧਰ ਟੀਮਾਂ ਦੁਆਰਾ ਇੱਕ ਸਾਂਝੇ ਆਪ੍ਰੇਸ਼ਨ ਵਿੱਚ ਚਾਰ ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਆਰਡੀਐਕਸ-ਅਧਾਰਤ ਆਈਈਡੀ ਅਤੇ ਦੋ ਪਿਸਤੌਲ ਬਰਾਮਦ ਕੀਤੇ ਗਏ।

ਐਸਐਸਪੀ ਨੇ ਅੱਗੇ ਦੱਸਿਆ ਕਿ ਜਾਂਚ ਤੋਂ ਇਹ ਵੀ ਪਤਾ ਲੱਗਾ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਬੀਕੇਆਈ ਹੈਂਡਲਰਾਂ ਨੇ ਇੱਕ ਅੱਤਵਾਦੀ ਮਾਡਿਊਲ ਸਥਾਪਤ ਕੀਤਾ ਸੀ। ਜਿਸ ਨੂੰ ਅੰਮ੍ਰਿਤਸਰ ਦਿਹਾਤੀ ਖੇਤਰ ਦੇ ਸਰਹੱਦੀ ਖੇਤਰਾਂ ਰਾਹੀਂ ਹਥਿਆਰਾਂ ਦੀ ਤਸਕਰੀ ਕਰਨ, ਉਨ੍ਹਾਂ ਨੂੰ ਪ੍ਰਾਪਤ ਕਰਨ ਅਤੇ ਲੌਜਿਸਟਿਕਸ ਦਾ ਪ੍ਰਬੰਧਨ ਕਰਨ ਦਾ ਕੰਮ ਸੌਂਪਿਆ ਗਿਆ ਸੀ। ਇਸ ਮਾਮਲੇ ਵਿੱਚ ਹੋਰ ਜਾਂਚ ਜਾਰੀ ਹੈ।

ਇਸ ਸਬੰਧ ਵਿੱਚ ਐਫਆਈਆਰ ਨੰਬਰ 11, ਮਿਤੀ 23/01/2026, ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਪੁਲਿਸ ਸਟੇਸ਼ਨ ਵਿੱਚ ਬੀਐਨਐਸ ਦੀਆਂ ਧਾਰਾਵਾਂ 113(1) ਅਤੇ 113(3), ਅਸਲਾ ਐਕਟ ਦੀਆਂ ਧਾਰਾਵਾਂ 25 ਅਤੇ 25(1B)(a) ਅਤੇ ਭਾਰਤੀ ਵਿਸਫੋਟਕ ਐਕਟ ਦੀਆਂ ਧਾਰਾਵਾਂ 4 ਅਤੇ 5 ਤਹਿਤ ਦਰਜ ਕੀਤੀ ਗਈ ਹੈ।