ਲੁਧਿਆਣਾ ‘ਚ ਮਾਲ ਗੱਡੀ ਪਟੜੀ ਤੋਂ ਉਤਰੀ, ਲੋਹੇ ਦੇ ਗਰਡਰ ਨੂੰ ਲਿਜਾਂਦੇ ਸਮੇਂ ਵਾਪਰਿਆ ਹਾਦਸਾ

Updated On: 

04 Oct 2023 11:16 AM

ਲੁਧਿਆਣਾ ਦੇ ਮੁੱਲਾਪੁਰ ਵਿੱਚ ਮਾਲ ਗੱਡੀ ਪਟੜੀ ਤੋਂ ਉਤਰ ਗਈ। ਜਿਸ ਤੋਂ ਬਾਅਦ ਫ਼ਿਰੋਜ਼ਪੁਰ ਲਾਈਨ 'ਤੇ ਚੱਲਣ ਵਾਲੀਆਂ ਸਾਰੀਆਂ ਟ੍ਰੇਨਾਂ ਨੂੰ ਅੱਧ ਵਿਚਕਾਰ ਹੀ ਰੋਕ ਦਿੱਤਾ ਗਿਆ। ਸੂਚਨਾ ਮਿਲਣ ਤੋਂ ਬਾਅਦ ਇੰਜੀਨੀਅਰਿੰਗ ਵਿਭਾਗ ਦੇ ਅਧਿਕਾਰੀ ਵੀ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ ਅਤੇ ਪਟੜੀ ਤੋਂ ਉਤਰੀ ਮਾਲ ਗੱਡੀ ਦੇ ਡੱਬਿਆਂ ਨੂੰ ਪਟੜੀ 'ਤੇ ਚੜਾਉਣ ਦਾ ਕੰਮ ਸ਼ੁਰੂ ਕਰ ਦਿੱਤਾ।

ਲੁਧਿਆਣਾ ਚ ਮਾਲ ਗੱਡੀ ਪਟੜੀ ਤੋਂ ਉਤਰੀ, ਲੋਹੇ ਦੇ ਗਰਡਰ ਨੂੰ ਲਿਜਾਂਦੇ ਸਮੇਂ ਵਾਪਰਿਆ ਹਾਦਸਾ
Follow Us On

ਲੁਧਿਆਣਾ ਨਿਊਜ਼। ਲੁਧਿਆਣਾ ਦੇ ਮੁੱਲਾਂਪੁਰ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ‘ਤੇ ਬੀਤੇ ਕੱਲ੍ਹ ਦੇਰ ਸ਼ਾਮ ਇੱਕ ਮਾਲ ਗੱਡੀ ਪਟੜੀ ਤੋਂ ਉਤਰ ਗਈ। ਦੱਸਿਆ ਜਾ ਰਿਹਾ ਹੈ ਕਿ ਮੁੱਲਾਂਪੁਰ ‘ਚ ਰੇਲਵੇ ਟਰੈਕ ਵਿਛਾਉਣ ਦਾ ਕੰਮ ਚੱਲ ਰਿਹਾ ਸੀ, ਜਿਸ ਕਾਰਨ ਮਾਲ ਗੱਡੀ ਲੋਹੇ ਦੇ ਗਰਡਰ ਆਦਿ ਸਮਾਨ ਲੈ ਕੇ ਜਾ ਰਹੀ ਸੀ। ਕਾਂਟਾ ਬਦਲਦੇ ਸਮੇਂ ਕੁਝ ਡੱਬੇ ਪਟੜੀ ਤੋਂ ਉਤਰ ਗਏ। ਜਿਸ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਹੜਕੰਪ ਮੱਚ ਗਿਆ।

ਲੋਕੋ ਪਾਇਲਟ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾਈ

ਮਿਲੀ ਜਾਣਕਾਰੀ ਮੁਤਾਬਕ ਲੋਕੋ ਪਾਇਲਟ ਨੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ ਕੇ ਟ੍ਰੇਨ ਨੂੰ ਰੋਕਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਦਿੱਤੀ। ਲੁਧਿਆਣਾ ਰੇਲਵੇ ਸਟੇਸ਼ਨ ਤੋਂ ਏ.ਆਰ.ਟੀ (ਐਕਸੀਡੈਂਟ ਰਿਲੀਫ ਟ੍ਰੇਨ) ਦੀ ਟੀਮ ਮੌਕੇ ‘ਤੇ ਪਹੁੰਚ ਗਈ। ਹਾਦਸੇ ਤੋਂ ਬਾਅਦ ਫ਼ਿਰੋਜ਼ਪੁਰ ਵੱਲ ਜਾਣ ਵਾਲੀ ਆਵਾਜਾਈ ਵਿੱਚ ਥੋੜ੍ਹਾ ਵਿਘਨ ਪਿਆ।

ਰੇਲਵੇ ਅਧਿਕਾਰੀ ਕਰ ਰਹੇ ਜਾਂਚ

ਮਾਲ ਗੱਡੀ ਰੇਲਵੇ ਟਰੈਕ ਤੋਂ ਕਿਵੇਂ ਉੱਤਰੀ ਇਸ ਬਾਰੇ ਰੇਲਵੇ ਅਧਿਕਾਰੀ ਜਾਂਚ ਕਰ ਰਹੇ ਹਨ। ਰੇਲਵੇ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਰਿਪੋਰਟ ਤਿਆਰ ਕਰਕੇ ਡਿਵੀਜ਼ਨ ਅਧਿਕਾਰੀਆਂ ਨੂੰ ਸੌਂਪਣਗੇ। ਇਸ ਹਾਦਸੇ ਤੋਂ ਬਾਅਦ ਫ਼ਿਰੋਜ਼ਪੁਰ ਲਾਈਨ ‘ਤੇ ਰੇਲ ਗੱਡੀਆਂ ਦੀ ਆਵਾਜਾਈ ਨੂੰ ਰੋਕ ਦਿੱਤੀ ਗਿਆ। ਦੇਰ ਰਾਤ ਤੱਕ ਰੇਲਵੇ ਵਿਭਾਗ ਦੇ ਉੱਚ ਅਧਿਕਾਰੀ ਮੌਕੇ ‘ਤੇ ਮੌਜੂਦ ਸਨ। ਦੇਰ ਰਾਤ ਤੱਕ ਮਾਲ ਗੱਡੀ ਦੇ ਡੱਬਿਆਂ ਨੂੰ ਪਟੜੀ ‘ਤੇ ਚੜਾਉਣ ਦੀ ਕੋਸ਼ਿਸ਼ ਜਾਰੀ ਸੀ।

ਗਨੀਮਤ ਇਹ ਰਹੀ ਕਿ ਮਾਲ ਗੱਡੀ ਦੇ ਡੱਬੇ ਪਟੜੀ ਤੋਂ ਉੱਤਰਨ ਤੋਂ ਬਾਅਦ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।