ਸਾਬਕਾ ਜਥੇਦਾਰ ਦਾ ਸੁਖਬੀਰ ਨੂੰ ਜਵਾਬ, ਫੈਸਲਾ ਸਾਜ਼ਿਸ਼ ਸੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋ ਕੇ ਕਰੋ ਸਾਬਤ
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਸਾਰ ਭਰ 'ਚ ਵਸਦੀ ਸਿੱਖ ਸੰਗਤ ਨੂੰ ਇਹ ਗੱਲ ਪਤਾ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਪੇਸ਼ ਹੋ ਕੇ ਆਪਣੇ ਕੀਤੇ ਗੁਨਾਹਾਂ ਨੂੰ ਸਵੀਕਾਰ ਕੀਤਾ ਸੀ। ਉਸ ਸਮੇਂ ਪੰਥਕ ਮਰਿਆਦਾ ਤੇ ਰਿਵਾਇਤਾਂ ਦੇ ਅਨੁਸਾਰ ਉਨ੍ਹਾਂ ਵੱਲੋਂ ਸੇਵਾ ਵੀ ਕੀਤੀ ਗਈ ਸੀ।
ਸਾਬਕਾ ਜਥੇਦਾਰ ਦਾ ਸੁਖਬੀਰ ਨੂੰ ਜਵਾਬ, ਫੈਸਲਾ ਸਾਜ਼ਿਸ਼ ਸੀ ਤਾਂ ਤਖ਼ਤ ਸਾਹਿਬ 'ਤੇ ਪੇਸ਼ ਹੋ ਕੇ ਕਰੋ ਸਾਬਤ
ਬੀਤੀ ਦਿਨੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬਿਨਾਂ ਨਾਮ ਲਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ‘ਤੇ ਗੰਭੀਰ ਇਲਜ਼ਾਮ ਲਗਾਏ ਸਨ। ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਧਾਰਮਿਕ ਸਜ਼ਾ ਸੁਣਾਈ ਗਈ ਸੀ ਤਾਂ ਉਸ ਸਮੇਂ ਉਨ੍ਹਾਂ ਖਿਲਾਫ਼ ਸਾਜ਼ਿਸ ਰਚੀ ਗਈ ਸੀ। ਉਨ੍ਹਾਂ ਨੇ ਕਿਹਾ ਕਿ ਉਸ ਸਮੇਂ ਉਨ੍ਹਾਂ ਦੀ ਜਾਣਬੁਝ ਕੇ ਸ੍ਰੀ ਦਰਬਾਰ ਸਾਹਿਬ ਦੀ ਡਿਓੜੀ ਬਾਹਰ ਸੇਵਾ ਲਗਾਈ ਗਈ ਸੀ ਤੇ ਸ਼ਰਤ ਵੀ ਰੱਖੀ ਗਈ ਸੀ ਕਿ ਨਾਲ ਸੁਰੱਖਿਆ ਕਰਮਚਾਰੀ ਤੈਨਾਤ ਨਾ ਹੋਣ। ਉਸ ਸਮੇਂ ਸੇਵਾ ਦੌਰਾਨ ਇੱਕ ਸ਼ਖ਼ਸ ਵੱਲੋਂ ਉਨ੍ਹਾਂ ‘ਤੇ ਗੋਲੀਬਾਰੀ ਦੀ ਕੋਸ਼ਿਸ਼ ਕੀਤੀ ਗਈ ਸੀ। ਸੁਖਬੀਰ ਨੇ ਇਸ ਪੂਰੇ ਘਟਨਾਕ੍ਰਮ ਨੂੰ ਸਾਜ਼ਿਸ਼ ਕਰਾਰ ਦਿੱਤਾ ਸੀ। ਹਾਲਾਂਕਿ, ਇਨ੍ਹਾਂ ਇਲਜ਼ਾਮਾਂ ਤੋਂ ਬਾਅਦ ਹੁਣ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਸਾਹਮਣੇ ਆਏ ਹਨ, ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਇਹ ਸਾਜ਼ਿਸ਼ ਸੀ ਤਾਂ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਇਹ ਗੱਲ ਸਾਬਤ ਕਰਨ।
ਕੀ ਬੋਲੇ ਗਿਆਨੀ ਰਘਬੀਰ ਸਿੰਘ?
ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੰਸਾਰ ਭਰ ‘ਚ ਵਸਦੀ ਸਿੱਖ ਸੰਗਤ ਨੂੰ ਇਹ ਗੱਲ ਪਤਾ ਹੈ ਕਿ 2 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਮੁੱਚੀ ਅਕਾਲੀ ਲੀਡਰਸ਼ਿਪ ਨੇ ਪੇਸ਼ ਹੋ ਕੇ ਆਪਣੇ ਕੀਤੇ ਗੁਨਾਹਾਂ ਨੂੰ ਸਵੀਕਾਰ ਕੀਤਾ ਸੀ। ਉਸ ਸਮੇਂ ਪੰਥਕ ਮਰਿਆਦਾ ਤੇ ਰਿਵਾਇਤਾਂ ਦੇ ਅਨੁਸਾਰ ਉਨ੍ਹਾਂ ਵੱਲੋਂ ਸੇਵਾ ਵੀ ਕੀਤੀ ਗਈ ਸੀ।
ਉਨ੍ਹਾਂ ਕਿਹਾ ਕਿ ਬਾਅਦ ‘ਚ ਜੇਕਰ ਕੋਈ ਇਹ ਕਹੇ ਕਿ ਜੋ ਗੁਨਾਹ ਉਸ ਵੇਲੇ ਮੰਨੇ ਗਏ ਸਨ, ਉਹ ਅਸਲ ‘ਚ ਕੀਤੇ ਹੀ ਨਹੀਂ ਗਏ ਤਾਂ ਇਹ ਪੰਥਕ ਪਰੰਪਰਾਵਾਂ ਤੇ ਮਰਿਆਦਾ ਤੇ ਸਵਾਲ ਖੜੇ ਕਰਦਾ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹਾਲ ਹੀ ‘ਚ ਸੁਖਬੀਰ ਸਿੰਘ ਬਾਦਲ ਵੱਲੋਂ ਦਿੱਤੇ ਗਏ ਬਿਆਨ, ਜਿਸ ‘ਚ ਉਨ੍ਹਾਂ ਦੋ ਦਸੰਬਰ ਨੂੰ ਅਕਾਲ ਤਖਤ ਸਾਹਿਬ ਤੋਂ ਆਏ ਫੈਸਲੇ ਨੂੰ ਆਪਣੇ ਖਿਲਾਫ ਸਾਜ਼ਿਸ਼ ਦੱਸਿਆ, ਇਸ ਨਾਲ ਸਿੱਖ ਮਰਿਆਦਾ ਤੇ ਅਕਾਲ ਤਖਤ ਦੀ ਪਰੰਪਰਾ ਨੂੰ ਗੰਭੀਰ ਝਟਕਾ ਲੱਗਿਆ ਹੈ।
“ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਸਾਬਤ ਕਰਨ”
ਉਨ੍ਹਾਂ ਕਿਹਾ ਕਿ ਅਕਾਲ ਤਖਤ ਸਾਹਿਬ ਸਿੱਖ ਕੌਮ ਦੀ ਸਰਵੋਚ ਅਥਾਰਟੀ ਹੈ ਤੇ ਇੱਥੇ ਗੁਰੂ ਸਾਹਿਬ ਦੀ ਹਾਜ਼ਰੀ ‘ਚ ਲਏ ਗਏ ਫੈਸਲੇ ਪੰਥਕ ਰਿਵਾਇਤਾਂ ਤੇ ਸੰਗਤ ਦੀਆਂ ਭਾਵਨਾਵਾਂ ਦੇ ਅਧਾਰ ਤੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਉਸ ਸਮੇਂ ਵੀ ਗੁਰੂ ਮਰਿਆਦਾ ਦੇ ਅਨੁਸਾਰ ਮਾਈਕ ਫੜ ਕੇ ਆਪਣੇ ਗੁਨਾਹ ਕਬੂਲ ਕੀਤੇ ਗਏ ਸਨ ਤੇ ਉਸੇ ਦੇ ਆਧਾਰ ਤੇ ਫੈਸਲਾ ਕੀਤਾ ਗਿਆ ਸੀ।
ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਜੇਕਰ ਸੁਖਬੀਰ ਸਿੰਘ ਬਾਦਲ ਨੂੰ ਲੱਗਦਾ ਹੈ ਕਿ ਇਹ ਫੈਸਲਾ ਕਿਸੇ ਸਾਜ਼ਿਸ਼ ਤਹਿਤ ਕੀਤਾ ਗਿਆ ਸੀ, ਤਾਂ ਉਹ ਕਿਸੇ ਵੀ ਦਿਨ ਆਪਣੇ ਪਰਿਵਾਰ ਸਮੇਤ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਕੇ ਸੰਗਤ ਦੇ ਸਾਹਮਣੇ ਇਸ ਗੱਲ ਨੂੰ ਸਾਬਤ ਕਰਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ, ਪੰਜ ਸਿੰਘ ਸਾਹਿਬਾਨ ਹਾਜ਼ਰ ਹੋਣ ਤੇ ਸੰਗਤ ਦੇ ਸਾਹਮਣੇ ਸੱਚਾਈ ਰੱਖੀ ਜਾਵੇ।
ਇਹ ਵੀ ਪੜ੍ਹੋ
ਉਨ੍ਹਾਂ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਪੰਥ ਨੂੰ ਲੱਗੇ ਕਿ ਕੋਈ ਗਲਤੀ ਹੋਈ ਹੈ ਤਾਂ ਜੋ ਵੀ ਸਜ਼ਾ ਪੰਥ ਵੱਲੋਂ ਦਿੱਤੀ ਜਾਵੇਗੀ, ਉਹ ਉਸ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਉਨ੍ਹਾਂ ਦੁਬਾਰਾ ਦੁਹਰਾਇਆ ਕਿ 2 ਦਸੰਬਰ ਦਾ ਫੈਸਲਾ ਗੁਰੂ ਦੀ ਹਾਜ਼ਰੀ ‘ਚ, ਸੰਗਤ ਦੀਆਂ ਭਾਵਨਾਵਾਂ ਤੇ ਪੰਥਕ ਮਰਿਆਦਾਵਾਂ ਦੇ ਅਨੁਸਾਰ ਹੀ ਕੀਤਾ ਗਿਆ ਸੀ।
