Faridkot ਦੇ ਰਿਸ਼ਵਤ ਕਾਂਡ ‘ਚ ਫਸੇ ਤਿੰਨ ਵੱਡੇ ਪੁਲਿਸ ਅਧਿਕਾਰੀ : ਕਤਲ ਕੇਸ ‘ਚ IG ਦੇ ਨਾਂਅ ਤੇ ਮੰਗੇ 50 ਲੱਖ ਰੁਪਏ, ਸਰਕਾਰ ਨੇ ਤਿੰਨਾਂ ਦੀ ਕੀਤੀ ਬਦਲੀ
ਡੀਆਈਜੀ ਫਿਰੋਜਪੁਰ ਦੇ ਨਿਰਦੇਸ਼ਾ 'ਤੇ ਵਿਜੀਲੈਂਸ ਵਿਭਾਗ ਵੱਲੋਂ ਕੀਤੀ ਗਈ ਇਨਕੁਆਰੀ ਵਿੱਚ ਕਥਿਤ ਦੋਸੀ ਪਾਏ ਜਾਣ ਤੋਂ ਬਾਅਦ ਫਰੀਦਕੋਟ ਪੁਲਿਸ ਦੇ ਇੱਕ ਐਸਪੀ, ਇੱਕ ਡੀਐਸਪੀ ਅਤੇ ਇੱਕ ਸਬ ਇੰਸਪੈਕਟਰ ਸਮੇਤ 5 ਲੋਕਾਂ 'ਤੇ ਆਈਜੀ ਫਰੀਦਕੋਟ ਦੇ ਨਾਮ 'ਤੇ ਕਥਿਤ 50 ਲੱਖ ਰੁਪਏ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪਏ ਦੀ ਰਿਸ਼ਵਤ ਵਸੂਲਣ ਦੇ ਦੋਸ਼ਾ ਤਹਿਤ ਕੇਸ ਦਰਜ ਹੋਇਆ ਹੈ। ਇਹ ਜਾਣਕਾਰੀ ਐੱਸਐੱਸਪੀ ਫਰੀਦਕੋਟ ਹਰਜੀਤ ਸਿੰਘ ਨੇ ਦਿੱਤੀ ।
ਫਰੀਦਕੋਟ। ਫਰੀਦਕੋਟ ਜਿਲ੍ਹੇ ਦੇ ਪਿੰਡ ਕੋਟਸੁਖੀਆ ਦੇ ਇੱਕ ਡੇਰੇ ਦੇ ਮਹੰਤ ਦਿਆਲ ਦਾਸ ਦੇ ਸਾਲ 2019 ਵਿਚ ਹੋਏ ਕਤਲ ਮਾਮਲੇ ਵਿਚ ਮੁਦਈ ਪੱਖ ਤੋਂ ਕਥਿਤ ਡਰਾ ਧਮਕਾ ਕੇ 50 ਲੱਖ ਰੁਪੈ ਦੀ ਰਿਸ਼ਵਤ ਮੰਗਣ ਅਤੇ 20 ਲੱਖ ਰੁਪੈ ਵਸੂਲਣ ਦੇ ਮਾਮਲੇ ਵਿੱਚ ਫਰੀਦਕੋਟ (Faridkot) ਪੁਲਿਸ ਨੇ ਥਾਣਾ ਸਦਰ ਕੋਟਕਪੂਰਾ ਵਿਖੇ ਫਰੀਦਕੋਟ ਦੇ ਐਸਪੀ ਗਗਨੇਸ਼ ਕੁਮਾਰ, ਡੀਐਸਪੀ ਸੁਸ਼ੀਲ ਕੁਮਾਰ ਅਤੇ ਸਬ ਇੰਸਪੈਕਟਰ ਖੇਮ ਚੰਦ ਪ੍ਰਾਸ਼ਰ ਸਮੇਤ ਕੁੱਲ 5 ਲੋਕਾਂ ਖਿਲਾਫ ਮੁਕੱਦਮਾਂ ਨੰਬਰ 64 ਦਰਜ ਕੀਤਾ ਹੈ।
ਜਿਸ ਸੰਬੰਧੀ ਜਾਣਕਾਰੀ ਦਿੰਦਿਆ ਐਸਐਸਪੀ (SSP) ਫਰੀਦਕੋਟ ਹਰਜੀਤ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਨਾਮਜਦ ਤਿੰਨਾਂ ਪੁਲਿਸ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਕਿਸੇ ਦੀ ਵੀ ਗ੍ਰਿਫਤਾਰੀ ਸੰਬੰਧੀ ਹਾਲੇ ਕੁਝ ਵੀ ਸਾਫ ਨਹੀਂ ਹੋ ਸਕਿਆ।
ਇਹ ਹੈ ਪੂਰਾ ਮਾਮਲਾ
ਸੂਤਰਾਂ ਅਨੁਸਾਰ 7 ਨਵੰਬਰ 2019 ਨੂੰ ਗਊਸ਼ਾਲਾ ਕੋਟਸੁਖੀਆ ਦੇ ਸੰਤ ਬਾਬਾ ਦਿਆਲ ਦਾਸ ਦਾ ਅਣਪਛਾਤੇ ਲੋਕਾਂ ਵਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਦੋਸ਼ ਹੈ ਕਿ ਇਸੇ ਮਾਮਲੇ ਵਿੱਚ ਹਰਕਾ ਦਾਸ ਡੇਰੇ ਦੇ ਮੁਖੀ ਬਾਬਾ ਗਗਨ ਦਾਸ ਨੂੰ ਅਫਸਰਾਂ ਨੇ ਡਰਾ ਧਮਕਾ ਕੇ ਆਈਜੀ ਪ੍ਰਦੀਪ ਕੁਮਾਰ ਦੇ ਨਾਂ ਤੇ 50 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਪਰ ਸੌਦਾ 35 ਲੱਖ ਰੁਪਏ ਵਿੱਚ ਤੈਅ ਹੋਇਆ ਸੀ।
ਇਸ ਵਿੱਚੋਂ 20 ਲੱਖ ਰੁਪਏ ਲੈ ਲਏ ਗਏ ਸਨ। ਹੁਣ 15 ਲੱਖ ਲੈਣ ਲਈ ਦਬਾਅ ਬਣਾਇਆ ਜਾ ਰਿਹਾ ਸੀ ਜਿਸ ਦੇ ਚਲਦੇ ਮੁਦਈ ਪੱਖ ਦੇ ਬਾਬਾ ਗਗਨ ਦਾਸ ਨੇ ਇਕ ਹਲਫ਼ੀਆ ਬਿਆਨ ਦੇ ਕੇ ਉਕਤ ਪੁਲਿਸ ਅਫਸਰਾਂ ਦੀ ਸ਼ਿਕਾਇਤ ਕੀਤੀ ਸੀ ਜਿਸ ਦੀ ਜਾਂਚ ਵਿਜੀਲੈਂਸ ਵਿਭਾਗ ਵਲੋਂ ਫਿਰੋਜ਼ਪੁਰ ਰੇਂਜ ਦੇ DIG ਦੇ ਦਿਸ਼ਾ ਨਿਰਦੇਸ਼ਾਂ ਤੇ ਕੀਤੀ ਗਈ ਸੀ।
ਵਿਜੀਲੈਂਸ ਦਫਤਰ ਪਹੁੰਚੇ ਅਫਸਰ
ਇਸ ਤੋਂ ਬਾਅਦ ਸ਼ੁੱਕਰਵਾਰ ਨੂੰ ਚੰਡੀਗੜ੍ਹ ਅਤੇ ਫਿਰੋਜ਼ਪੁਰ ਤੋਂ ਵਿਜੀਲੈਂਸ (Vigilance) ਅਧਿਕਾਰੀ ਫਰੀਦਕੋਟ ਪਹੁੰਚੇ। ਇੱਥੇ ਉਹਨਾਂ ਨੇ ਐਸਪੀ ਦਫ਼ਤਰ ਵਿੱਚ ਦੋ ਘੰਟੇ ਪੁੱਛ-ਪੜਤਾਲ ਕੀਤੀ। ਇਸ ਤੋਂ ਬਾਅਦ ਵਿਜੀਲੈਂਸ ਦੀ ਸਿਫਾਰਿਸ਼ ‘ਤੇ ਰਾਤ ਨੂੰ ਕੋਟਕਪੂਰਾ ਸਦਰ ਥਾਣੇ ‘ਚ 5 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।
ਇਹ ਵੀ ਪੜ੍ਹੋ
ਸੰਤ ਮੋਹਨ ਦਾਸ ਦਾ ਵੀ ਹੋ ਚੁੱਕਾ ਹੈ ਕਤਲ
ਫਰੀਦਕੋਟ ਦੇ ਪਿੰਡ ਕੋਟਸੁਖੀਆ ਵਿੱਚ ਸਥਿਤ ਹਰਕਾ ਦਾਸ ਡੇਰੇ ਦੇ ਮੁਖੀ ਦੇ ਅਹੁਦੇ ਲਈ ਪਿਛਲੇ ਕਈ ਸਾਲਾਂ ਤੋਂ ਸੰਘਰਸ਼ ਚੱਲ ਰਿਹਾ ਹੈ। ਇਸੇ ਸੰਘਰਸ਼ ਵਿੱਚ 1986 ਵਿੱਚ ਤਤਕਾਲੀ ਡੇਰਾ ਮੁਖੀ ਸੰਤ ਮੋਹਨ ਦਾਸ ਨੂੰ ਵੀ ਅਣਪਛਾਤੇ ਵਿਅਕਤੀਆਂ ਨੇ ਮਾਰ ਦਿੱਤਾ ਸੀ। 14 ਸਾਲ ਪਹਿਲਾਂ ਜਦੋਂ ਬਾਬਾ ਹਰੀ ਦਾਸ ਨੂੰ ਡੇਰੇ ਦਾ ਮੁਖੀ ਥਾਪਿਆ ਗਿਆ ਸੀ ਤਾਂ ਉਨ੍ਹਾਂ ਨੂੰ ਵੀ ਇਕ ਵਿਅਕਤੀ ਨਾਲ ਸਖ਼ਤ ਟੱਕਰ ਦਾ ਸਾਹਮਣਾ ਕਰਨਾ ਪਿਆ ਸੀ।
ਡੇਰੇ ਦੀਆਂ 2 ਰਾਜਾਂ ਵਿੱਚ 12 ਸ਼ਾਖਾਵਾਂ ਹਨ
ਡੇਰੇ ਦੀਆਂ ਪੰਜਾਬ ਵਿੱਚ 12 ਅਤੇ ਉੱਤਰਾਖੰਡ ਦੇ ਹਰਿਦੁਆਰ ਵਿੱਚ 12 ਸ਼ਾਖਾਵਾਂ ਹਨ, ਇਸ ਲਈ ਕੋਟਸੁਖੀਆ ਵਿੱਚ ਡੇਰੇ ਦੀ ਸਰਦਾਰੀ ਲਈ ਕੁਝ ਸ਼ਾਖਾਵਾਂ ਦੇ ਮੁਖੀਆਂ ਵਿੱਚ ਤਕਰਾਰ ਚੱਲ ਰਹੀ ਹੈ। ਕਿਉਂਕਿ ਡੇਰੇ ਕੋਲ ਕਾਫੀ ਵਾਹੀਯੋਗ ਜ਼ਮੀਨ ਹੈ। ਡੇਰੇ ਦੀ ਸਰਦਾਰੀ ਲਈ ਸੰਘਰਸ਼ ਤੋਂ ਇਲਾਵਾ ਇਸ ਦੀ ਕੁਝ ਜ਼ਮੀਨਾਂ ‘ਤੇ ਕਥਿਤ ਤੌਰ ‘ਤੇ ਕਬਜ਼ੇ ਕਰਨ ਵਾਲੇ ਨਿੱਜੀ ਵਿਅਕਤੀਆਂ ਨਾਲ ਵੀ ਵਿਵਾਦ ਚੱਲ ਰਿਹਾ ਹੈ।
ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ