EX MLA on Police Remand: ਪੰਜ ਦਿਨਾਂ ਦੀ ਪੁਲਿਸ ਰਿਮਾਂਡ ‘ਤੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ, ਆਮਦਨ ਤੋਂ ਵੱਧ ਮਾਮਲੇ ‘ਚ ਹੋਈ ਕੱਲ ਹੋਈ ਸੀ ਗ੍ਰਿਫ਼ਤਾਰੀ

Updated On: 

17 May 2023 18:02 PM

Congress EX MLA Kikki Dhillon : 28 ਫਰਵਰੀ ਨੂੰ ਚੰਡੀਗੜ੍ਹ ਨੇੜੇ ਕਿੱਕੀ ਢਿੱਲੋਂ ਦੇ ਫਾਰਮ ਹਾਊਸ ਵਿੱਚ ਵਿਜੀਲੈਂਸ ਨੇ ਰੇਡ ਮਾਰੀ ਸੀ। ਕਿੱਕੀ ਢਿੱਲੋਂ ਦਾ ਇਹ ਫਾਰਮ ਹਾਊਸ ਪਿੰਡ ਮਾਨਕਪੁਰ ਸ਼ਰੀਫ ਦਾ ਰਕਬਾ ਹੈ ਜਿਹੜਾ ਸਿਸਵਾਂ ਦੇ ਨੇੜੇ ਪੈਂਦਾ ਹੈ।

EX MLA on Police Remand: ਪੰਜ ਦਿਨਾਂ ਦੀ ਪੁਲਿਸ ਰਿਮਾਂਡ ਤੇ ਸਾਬਕਾ ਕਾਂਗਰਸੀ ਵਿਧਾਇਕ ਕਿੱਕੀ ਢਿੱਲੋਂ, ਆਮਦਨ ਤੋਂ ਵੱਧ ਮਾਮਲੇ ਚ ਹੋਈ ਕੱਲ ਹੋਈ ਸੀ ਗ੍ਰਿਫ਼ਤਾਰੀ
Follow Us On

ਫਰੀਦਕੋਟ ਨਿਊਜ: ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਅਤੇ ਮਾਰਕਫੈੱਡ ਪੰਜਾਬ ਦੇ ਸਾਬਕਾ ਚੇਅਰਮੈਨ ਕੁਸ਼ਲਦੀਪ ਸਿੰਘ ਕਿੱਕੀ ਢਿਲੋਂ (Kushaldeep Singh Kikki Dhillon) ਨੂੰ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿਚ ਮੰਗਲਵਾਰ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਵਿਜੀਲੈਂਸ ਟੀਮ ਵੱਲੋਂ ਉਹਨਾਂ ਨੂੰ ਫਰੀਦਕੋਟ ਦੇ ਇਲਾਕਾ ਮੈਜਿਸਟ੍ਰੇਟ ਜਸਟਿਸ ਦਮਨਦੀਪ ਕਮਲ ਹੀਰਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੋਂ ਕੋਰਟ ਨੇ ਕਿੱਕੀ ਢਿੱਲੋਂ ਨੂੰ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ।

ਜਾਣਕਾਰੀ ਅਨੁਸਾਰ. ਵਜੀਲੈਂਸ ਵਿਭਾਗ ਦੀ ਟੀਮ ਨੇ ਮਾਮਲੇ ਦੀ ਜਾਂਚ ਵਿਚ ਪੁੱਛਗਿੱਛ ਲਈ ਸਾਬਕਾ ਕਿੱਕੀ ਦੇ 10 ਦਿਨ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ , ਪਰ ਅਦਾਲਤ ਨੇ ਦੋਹਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਲਿਸ ਨੂੰ ਸਾਬਕਾ ਵਿਧਾਇਕ ਦਾ 5 ਦਿਨ ਦੀ ਰਿਮਾਂਡ ਦਿੱਤੀ ਹੈ। ਹੁਣ ਵਿਜੀਲੈਂਸ ਵਿਭਾਗ ਦੀ ਟੀਮ 22 ਮਈ ਤੱਕ ਕੁਸ਼ਲਦੀਪ ਸਿੰਘ ਢਿੱਲੋਂ ਤੋਂ ਪੁੱਛਗਿੱਛ ਕਰੇਗੀ।

ਕੋਰਟ ‘ਚ ਹੋਇਆ ਕਾਂਗਰਸੀ ਵਰਕਰਾ ਦਾ ਇਕੱਠ

ਕਿੱਕੀ ਦੀ ਕੋਰਟ ਚ ਪੇਸ਼ੀ ਤੋਂ ਪਹਿਲਾਂ ਅੱਜ ਸਵੇਰ ਤੋਂ ਹੀ ਕਾਂਗਰਸੀ ਵਰਕਰ ਫਰੀਦਕੋਟ ਅਦਾਲਤ ਕੰਪਲੈਕਸ ਦੇ ਬਾਹਰ ਵੱਡੀ ਗਿਣਤੀ ਚ ਇਕੱਠੇ ਹੋ ਗਏ ਕੰਪਲੈਕਸ ਵਿਚ ਧਰਨਾਂ ਲਗਾ ਕੇ ਵਿਜੀਲੈਂਸ ਦੀ ਕਾਰਵਾਈ ਅਤੇ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਉੱਥੇ ਹੀ ਅਦਾਲਤ ਵਿਚ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੀ ਪੇਸ਼ੀ ਦੌਰਾਨ ਪੰਜਾਬ ਕਾਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਬਕਾ ਮੰਤਰੀ ਭਾਰਤ ਭੂਸ਼ਨ ਆਸੂ, ਤ੍ਰਿਪਤ ਰਜਿੰਦਰ ਬਾਜਵਾ, ਸੁਖਬਿੰਦਰ ਸਿੰਘ ਸੁਖ ਸਰਕਾਰੀਆ ਆਦਿ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਆਗੂ ਮੌਜੂਦ ਰਹੇ।

ਸਿਆਸੀ ਬਦਲਾਖੋਰੀ ਤੇ ਤਹਿਤ ਹੋਈ ਗ੍ਰਿਫਤਾਰੀ – ਰਾਜਾ ਵੜਿੰਗ

ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਪੁਲੀਟਿਕਲ ਵੈਂਡੇਟਾ ਯਾਨੀ ਸਿਆਸੀ ਬਦਲਾਖੋਰੀ ਦੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਾਂਗਰਸੀ ਆਗੂਆਂ ਨੂੰ ਨਿਸ਼ਾਨਾਂ ਬਣਾ ਰਹੀ ਹੈ ਪਰ ਕਾਂਗਰਸੀ ਆਗੂ ਹਾਰ ਮੰਨਣ ਵਾਲੇ ਨਹੀਂ ਹਨ। ਉਹਨਾਂ ਕਿਹਾ ਕਿ ਜਦੋਂ ਤੱਕ ਅਦਾਲਤ ਕਿਸੇ ਨੂੰ ਦੋਸੀ ਨਹੀਂ ਠਹਿਰਾ ਦਿੰਦੀ, ਉਦੋਂ ਤੱਕ ਕਿਸੇ ਨੂੰ ਵੀ ਦੋਸੀ ਨਹੀਂ ਮੰਨਿਆ ਜਾ ਸਕਦਾ। ਉਹਨਾਂ ਕਿਹਾ ਕਿ ਸਾਨੂੰ ਮਾਨਯੋਗ ਅਦਾਲਤ ਤੇ ਭਰੋਸਾ ਹੈ ਅਤੇ ਜਿੱਤ ਸੱਚ ਦੀ ਹੋਵੇਗੀ।

ਕਿੱਕੀ ਨੇ ਇਨਸਾਫ਼ ਮਿਲਣ ਦਾ ਜਤਾਇਆ ਭਰੋਸਾ

ਅਦਾਲਤ ਚ ਪੇਸ਼ੀ ਦੌਰਾਨ ਲੈ ਜਾਂਦੇ ਸਮੇਂ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਨੇ ਮੀਡੀਆ ਨਾਲ ਗੱਲਬਾਤ ਕਰਦਿਆ ਉਹਨਾਂ ਕਿਹਾ ਕਿ ਉਹਨਾਂ ਕਾਨੂੰਨ ਤੇ ਪੂਰਾ ਭਰੋਸਾ ਹੈ ਅਤੇ ਉਹਨਾਂ ਨੂੰ ਇਨਸਾਫ ਮਿਲੇਗਾ। ਉਹਨਾਂ ਕਿਹਾ ਕਿ ਇਸ ਤਰਾਂ ਇਲਜਾਮ ਲਗਾਉਣੇ ਸੌਖੇ ਹਨ ਪਰ ਉਹਨਾਂ ਨੂੰ ਸਾਬਤ ਕਰਨਾਂ ਔਖਾ ਹੈ। ਉੱਧਰ ਕੁਸ਼ਲਦੀਪ ਸਿੰਘ ਕਿੱਕੀ ਢਿੱਲੋਂ ਦੇ ਵਕੀਲ ਸਤਿੰਦਰਜੀਤ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਸਾਹਮਣੇ ਕੁਸਲਦੀਪ ਸਿੰਘ ਕਿੱਕੀ ਢਿੱਲੋ 11 ਵਾਰ ਪੇਸ਼ ਹੋਏ ਸਨ ਅਤੇ ਉਨ੍ਹਾਂ ਨੇ ਜਾਂਚ ਚ ਪੂਰਾ ਸਹਿਯੋਗ ਦਿੱਤਾ ਹੈ। ਜਦੋਂ ਵੀ ਵਿਜੀਲੈਂਸ ਨੇ ਉਹਨਾਂ ਨੂੰ ਪੁਛਗਿੱਛ ਲਈ ਬੁਲਾਇਆ ਤਾਂ ਉਨ੍ਹਾ ਨੇ ਜਾਂਚ ਚ ਪੂਰਾ ਸਹਿਯੋਗ ਕੀਤਾ ਹੈ।

ਉੱਧਰ ਕੋਰਟ ਚ ਮੌਜੂਦ ਵਿਜੀਲੈਂਸ ਅਧਿਕਾਰੀ ਮੀਡੀਆ ਤੋਂ ਬਚਦੇ ਨਜਰ ਆਏ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version