ਦਿੱਲੀ: ਪ੍ਰਦੂਸ਼ਣ ਵਿਰੁੱਧ ਇੰਡੀਆ ਗੇਟ ‘ਤੇ ਪ੍ਰਦਰਸ਼ਨ, ਪੁਲਿਸ ਅਧਿਕਾਰੀਆਂ ‘ਤੇ ਪੈਪਰ ਸਪਰੇਅ ਨਾਲ ਹਮਲਾ, ਮਾਮਲਾ ਦਰਜ
Delhi Pollution Protest: ਦਿੱਲੀ ਦੀ ਜ਼ਹਿਰੀਲੀ ਹਵਾ ਵਿਰੁੱਧ ਇੰਡੀਆ ਗੇਟ 'ਤੇ ਪ੍ਰਦਰਸ਼ਨ ਹਿੰਸਕ ਹੋ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਅਧਿਕਾਰੀਆਂ 'ਤੇ ਪੈਪਰ (ਮਿਰਚ) ਸਪਰੇਅ ਛਿੜਕਿਆ, ਜਿਸ ਨਾਲ ਕਈ ਅਧਿਕਾਰੀ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਉਨ੍ਹਾਂ ਨੂੰ ਬੈਰੀਕੇਡ ਪਾਰ ਕਰਨ ਤੋਂ ਰੋਕ ਰਹੀ ਸੀ।
ਦਿੱਲੀ: ਪ੍ਰਦੂਸ਼ਣ ਵਿਰੁੱਧ ਇੰਡੀਆ ਗੇਟ 'ਤੇ ਪ੍ਰਦਰਸ਼ਨ
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਪ੍ਰਦੂਸ਼ਣ ਦੀ ਸਥਿਤੀ ਕਿਸੇ ਤੋਂ ਲੁਕੀ ਹੋਈ ਨਹੀਂ ਹੈ। ਦੀਵਾਲੀ ਤੋਂ ਬਾਅਦ ਹਵਾ ਦੀ ਗੁਣਵੱਤਾ ਲਗਾਤਾਰ ਮਾੜੀ ਰਹੀ ਹੈ। ਇਹੀ ਕਾਰਨ ਹੈ ਕਿ ਹੁਣ ਲਗਾਤਾਰ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਦੇਖਣ ਨੂੰ ਮਿਲ ਰਿਹਾ ਹੈ। ਐਤਵਾਰ ਨੂੰ ਇੰਡੀਆ ਗੇਟ ‘ਤੇ ਇੱਕ ਵਿਸ਼ਾਲ ਵਿਰੋਧ ਪ੍ਰਦਰਸ਼ਨ ਹੋਇਆ। ਸ਼ਾਮ ਨੂੰ ਪੁਲਿਸ ਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਤਣਾਅਪੂਰਨ ਸਥਿਤੀ ਪੈਦਾ ਹੋ ਗਈ, ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪੈਪਰ ਸਪਰੇਅ ਛਿੜਕਿਆ, ਜਿਸ ਨਾਲ ਕਈ ਅਧਿਕਾਰੀ ਜ਼ਖਮੀ ਹੋ ਗਏ।
ਪੈਪਰ ਸਪਰੇਅ ਹਮਲੇ ਕਾਰਨ ਪੁਲਿਸ ਕਰਮਚਾਰੀ ਜ਼ਖਮੀ ਹੋ ਗਏ ਤੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਪੁਲਿਸ ਉਨ੍ਹਾਂ ਨੂੰ ਬੈਰੀਕੇਡ ਪਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰ ਰਹੀ ਸੀ। ਪੁਲਿਸ ਹੁਣ ਇਸ ਮਾਮਲੇ ‘ਚ ਕਾਨੂੰਨੀ ਕਾਰਵਾਈ ਕਰ ਰਹੀ ਹੈ।
ਅਧਿਕਾਰੀਆਂ ਨੇ ਪੂਰੀ ਘਟਨਾ ਬਾਰੇ ਕੀ ਕਿਹਾ?
ਇੱਕ ਸੀਨੀਅਰ ਅਧਿਕਾਰੀ ਨੇ ਮਿਰਚ ਸਪਰੇਅ ਘਟਨਾ ਬਾਰੇ ਕਿਹਾ, ਕੁੱਝ ਪ੍ਰਦਰਸ਼ਨਕਾਰੀ ਸੀ-ਹੈਕਸਾਗਨ ‘ਚ ਦਾਖਲ ਹੋਏ ਸਨ ਤੇ ਆਵਾਜਾਈ ਨੂੰ ਰੋਕਣ ਲਈ ਲਗਾਏ ਗਏ ਬੈਰੀਕੇਡਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਅਸੀਂ ਉਨ੍ਹਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਕਈ ਐਂਬੂਲੈਂਸਾਂ ਤੇ ਮੈਡੀਕਲ ਕਰਮਚਾਰੀ ਉਨ੍ਹਾਂ ਦੇ ਪਿੱਛੇ ਫਸੇ ਹੋਏ ਹਨ ਤੇ ਉਨ੍ਹਾਂ ਨੂੰ ਐਮਰਜੈਂਸੀ ਪਹੁੰਚ ਦੀ ਲੋੜ ਹੈ, ਪਰ ਉਹ ਗੁੱਸੇ ‘ਚ ਆ ਗਏ। ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੂੰ ਅਹਿਸਾਸ ਹੋਇਆ ਕਿ ਸਥਿਤੀ ਝਗੜੇ ‘ਚ ਬਦਲ ਸਕਦੀ ਹੈ। ਉਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਪਿੱਛੇ ਹਟਣ ਲਈ ਕਿਹਾ।
ਹਾਲਾਂਕਿ, ਉਨ੍ਹਾਂ ਨੇ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ ਤੇ ਬੈਰੀਕੇਡ ਤੋੜ ਦਿੱਤੇ। ਪ੍ਰਦਰਸ਼ਨਕਾਰੀ ਸੜਕ ‘ਤੇ ਆ ਗਏ ਤੇ ਬੈਠ ਗਏ। ਜਦੋਂ ਸਾਡੀਆਂ ਟੀਮਾਂ ਨੇ ਉਨ੍ਹਾਂ ਨੂੰ ਹਟਾਉਣ ਦੀ ਕੋਸ਼ਿਸ਼ ਕੀਤੀ, ਤਾਂ ਕੁੱਝ ਪ੍ਰਦਰਸ਼ਨਕਾਰੀਆਂ ਨੇ ਪੁਲਿਸ ‘ਤੇ ਪੈਪਰ ਸਪਰੇਅ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ, ਆਵਾਜਾਈ ‘ਚ ਵਿਘਨ ਤੋਂ ਬਚਣ ਲਈ ਪ੍ਰਦਰਸ਼ਨਕਾਰੀਆਂ ਨੂੰ ਸੀ-ਹੈਕਸਾਗਨ ਤੋਂ ਹਟਾ ਦਿੱਤਾ ਗਿਆ।
ਸਖਤ ਕਾਰਵਾਈ ਕੀਤੀ ਜਾਵੇਗੀ – ਡਿਪਟੀ ਕਮਿਸ਼ਨਰ
ਡਿਪਟੀ ਕਮਿਸ਼ਨਰ ਆਫ਼ ਪੁਲਿਸ ਦੇਵੇਸ਼ ਕੁਮਾਰ ਮਹਲਾ ਨੇ ਕਿਹਾ, ਇਹ ਬਹੁਤ ਅਜੀਬ ਸੀ। ਪਹਿਲੀ ਵਾਰ, ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਤੇ ਕਾਨੂੰਨ ਵਿਵਸਥਾ ਦਾ ਪ੍ਰਬੰਧਨ ਕਰਨ ਵਾਲੇ ਅਧਿਕਾਰੀਆਂ ‘ਤੇ ਪੈਪਰ ਸਪਰੇਅ ਦੀ ਵਰਤੋਂ ਕੀਤੀ। ਮਹਲਾ ਦੇ ਅਨੁਸਾਰ, ਇਹ ਪਹਿਲੀ ਵਾਰ ਹੈ ਜਦੋਂ ਪੁਲਿਸ ਅਧਿਕਾਰੀਆਂ ਨੂੰ ਭੀੜ ਕੰਟਰੋਲ ਮੁਹਿੰਮ ਦੌਰਾਨ ਪੈਪਰ ਸਪਰੇਅ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਵੀ ਪੜ੍ਹੋ
ਉਨ੍ਹਾਂ ਕਿਹਾ, “ਸਾਡੇ ਕੁਝ ਅਧਿਕਾਰੀਆਂ ਦੀਆਂ ਅੱਖਾਂ ਤੇ ਚਿਹਰੇ ‘ਤੇ ਛਿੜਕਾਅ ਕੀਤਾ ਗਿਆ ਸੀ ਤੇ ਉਹ ਇਸ ਸਮੇਂ ਆਰਐਮਐਲ ਹਸਪਤਾਲ ‘ਚ ਇਲਾਜ ਅਧੀਨ ਹਨ। ਇਸ ਸਬੰਧ ‘ਚ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।”
ਵਿਰੋਧ ਪ੍ਰਦਰਸ਼ਨ ਕਿਉਂ ਹੋ ਰਹੇ ਸਨ?
ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਹਵਾ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਜ਼ਹਿਰੀਲੀ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਅਨੁਸਾਰ, ਐਤਵਾਰ ਨੂੰ, ਹਵਾ ਦੀ ਗੁਣਵੱਤਾ ਬਹੁਤ ਮਾੜੀ ਸ਼੍ਰੇਣੀ ‘ਚ ਰਹੀ, ਏਕਿਊਆਈ 391 ਸੀ। ਇਹ ਹਵਾ ਪ੍ਰਦੂਸ਼ਣ ਜਨਤਕ ਵਿਰੋਧ ਪ੍ਰਦਰਸ਼ਨਾਂ ਦਾ ਕਾਰਨ ਹੈ। ਅੰਕੜਿਆਂ ਦੇ ਅਨੁਸਾਰ, 19 ਨਿਗਰਾਨੀ ਸਟੇਸ਼ਨਾਂ ਨੇ “ਗੰਭੀਰ” ਪ੍ਰਦੂਸ਼ਣ ਪੱਧਰ ਦੀ ਰਿਪੋਰਟ ਕੀਤੀ, ਜਦੋਂ ਕਿ 19 ਹੋਰਾਂ ਨੇ 300 ਤੋਂ ਉੱਪਰ “ਬਹੁਤ ਮਾੜਾ” ਪੱਧਰ ਦਰਜ ਕੀਤਾ।
