ਕਾਂਗਰਸ ਦੀ ਬੈਠਕ ‘ਚ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਨੇ ਵਧਾਈ ਹਲਚਲ, ਕੀ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ?

Updated On: 

12 Jun 2026 18:20 PM IST

ਨਵੀਂ ਦਿੱਲੀ ਵਿਖੇ ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਕਾਂਗਰਸ ਹਾਈਕਮਾਂਡ ਦੀ ਅਹਿਮ ਬੈਠਕ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ।

ਕਾਂਗਰਸ ਦੀ ਬੈਠਕ ਚ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਨੇ ਵਧਾਈ ਹਲਚਲ, ਕੀ ਬਦਲੇਗਾ ਪੰਜਾਬ ਕਾਂਗਰਸ ਦਾ ਪ੍ਰਧਾਨ?

ਨਵੀਂ ਦਿੱਲੀ ਵਿਖੇ ਰਾਹੁਲ ਗਾਂਧੀ ਅਤੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਦੀ ਅਗਵਾਈ ਹੇਠ ਵੀਰਵਾਰ ਨੂੰ ਹੋਈ ਕਾਂਗਰਸ ਹਾਈਕਮਾਂਡ ਦੀ ਅਹਿਮ ਬੈਠਕ ਵਿੱਚ ਪੰਜਾਬ ਦੇ ਸਾਬਕਾ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਮੌਜੂਦਗੀ ਨੇ ਸੂਬੇ ਦੇ ਸਿਆਸੀ ਗਲਿਆਰਿਆਂ ਵਿੱਚ ਵੱਡੀ ਹਲਚਲ ਪੈਦਾ ਕਰ ਦਿੱਤੀ ਹੈ।

ਦਰਅਸਲ, ਹਾਈਕਮਾਂਡ ਵੱਲੋਂ ਸੱਦੀ ਗਈ ਇਸ ਵਿਸ਼ੇਸ਼ ਬੈਠਕ ਵਿੱਚ ਸਿਰਫ਼ ਸਾਰੇ ਸੂਬਿਆਂ ਦੇ ਇੰਚਾਰਜਾਂ ਅਤੇ ਪ੍ਰਧਾਨਾਂ ਨੂੰ ਹੀ ਸੱਦਿਆ ਗਿਆ ਸੀ। ਇਸੇ ਕਾਰਨ ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੀ ਦਿੱਲੀ ਪਹੁੰਚੇ ਹੋਏ ਸਨ। ਇਸ ਦੇ ਨਾਲ ਹੀ ਪੰਜਾਬ ਤੋਂ ਸਾਂਸਦ ਅਤੇ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਰਾਜਸਥਾਨ ਦੇ ਇੰਚਾਰਜ ਹੋਣ ਦੀ ਹੈਸੀਅਤ ਨਾਲ ਇਸ ਬੈਠਕ ਵਿੱਚ ਸ਼ਾਮਲ ਸਨ। ਪਰ ਇਹਨਾਂ ਸਭ ਦੇ ਵਿਚਕਾਰ ਵਿਜੇ ਇੰਦਰ ਸਿੰਗਲਾ ਇਸ ਬੈਠਕ ਵਿੱਚ ਕਿਉਂ ਅਤੇ ਕਿਸ ਅਹੁਦੇ ਜਾਂ ਹੈਸੀਅਤ ਨਾਲ ਬੁਲਾਏ ਗਏ ਸਨ, ਇਹ ਪੂਰੀ ਬੈਠਕ ਦੌਰਾਨ ਪੰਜਾਬ ਦੇ ਬਾਕੀ ਕਾਂਗਰਸੀ ਆਗੂਆਂ ਲਈ ਇੱਕ ਬਹੁਤ ਵੱਡਾ ਸਵਾਲ ਬਣਿਆ ਰਿਹਾ।

ਸੂਬਾ ਪ੍ਰਧਾਨ ਬਦਲਣ ਦੀਆਂ ਚਰਚਾਵਾਂ ਹੋਈਆਂ ਤੇਜ਼

ਹਾਈਕਮਾਂਡ ਦੀ ਇਸ ਉੱਚ ਪੱਧਰੀ ਬੈਠਕ ਵਿੱਚ ਵਿਜੇ ਇੰਦਰ ਸਿੰਗਲਾ ਦੀ ਅਚਨਚੇਤ ਮੌਜੂਦਗੀ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਪ੍ਰਧਾਨ ਨੂੰ ਬਦਲਣ ਦੀਆਂ ਅਟਕਲਾਂ ਨੂੰ ਇੱਕ ਵਾਰ ਫਿਰ ਭਾਰੀ ਬਲ ਦੇ ਦਿੱਤਾ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਜੇਕਰ ਨਵਾਂ ਪ੍ਰਧਾਨ ਲਗਾਇਆ ਜਾਂਦਾ ਹੈ ਤਾਂ ਉਸ ਲਈ ਸਿੰਗਲਾ ਦਾ ਨਾਮ ਹੀ ਸਭ ਤੋਂ ਮੋਹਰੀ ਚੱਲ ਰਿਹਾ ਹੈ।

ਦੂਜੇ ਪਾਸੇ, ਪੰਜਾਬ ਕਾਂਗਰਸ ਦੇ ਇੰਚਾਰਜ ਭੂਪੇਸ਼ ਬਘੇਲ ਹਾਈਕਮਾਂਡ ਦੇ ਸਾਹਮਣੇ ਇਸ ਗੱਲ ‘ਤੇ ਅੜੇ ਹੋਏ ਹਨ ਕਿ ਆਗਾਮੀ ਚੋਣਾਂ ਤੱਕ ਮੌਜੂਦਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਹੀ ਅਹੁਦੇ ‘ਤੇ ਬਰਕਰਾਰ ਰੱਖਿਆ ਜਾਵੇ। ਪਰ ਬੈਠਕ ਵਿੱਚ ਸਿੰਗਲਾ ਦੀ ਸ਼ਮੂਲੀਅਤ ਕਿਸੇ ਵੱਖਰੇ ਹੀ ਸਿਆਸੀ ਉਲਟਫੇਰ ਵੱਲ ਇਸ਼ਾਰਾ ਕਰ ਰਹੀ ਹੈ। ਇਸ ਅਹਿਮ ਬੈਠਕ ਦੌਰਾਨ ਰਾਹੁਲ ਗਾਂਧੀ ਅਤੇ ਮੱਲਿਕਾਰਜੁਨ ਖੜਗੇ ਨੇ ਭੂਪੇਸ਼ ਬਘੇਲ ਅਤੇ ਰਾਜਾ ਵੜਿੰਗ ਨਾਲ ਸੂਬੇ ਦੇ ਮੌਜੂਦਾ ਸਿਆਸੀ ਹਾਲਾਤ ‘ਤੇ ਡੂੰਘੀ ਚਰਚਾ ਕੀਤੀ ਅਤੇ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਸਬੰਧ ਵਿੱਚ ਅਹਿਮ ਫੀਡਬੈਕ ਵੀ ਲਿਆ।

ਪੰਜਾਬ ਵਿੱਚ ਖੜਗੇ ਅਤੇ ਰਾਹੁਲ ਦੀ ਅਗਵਾਈ ਹੇਠ ਚੋਣ ਲੜੇਗੀ ਕਾਂਗਰਸ

ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਵਿੱਚ ਹੋਣ ਵਾਲੀਆਂ ਆਗਾਮੀ ਚੋਣਾਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੀ ਯੋਗ ਅਗਵਾਈ ਹੇਠ ਹੀ ਲੜੀਆਂ ਜਾਣਗੀਆਂ।

ਜਦੋਂ ਰਾਜਾ ਵੜਿੰਗ ਨੂੰ ਪਾਰਟੀ ਵਿੱਚ ਉਨ੍ਹਾਂ ਦੀ ਆਪਣੀ ਭੂਮਿਕਾ ਅਤੇ ਪ੍ਰਧਾਨਗੀ ਬਦਲਣ ਦੀਆਂ ਚਰਚਾਵਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਤੋਂ ਪਾਰਟੀ ਦੇ ਇੱਕ ਵਫ਼ਾਦਾਰ ਵਰਕਰ ਰਹੇ ਹਨ ਅਤੇ ਅੱਗੇ ਵੀ ਇੱਕ ਸਧਾਰਨ ਵਰਕਰ ਵਜੋਂ ਪਾਰਟੀ ਦੀ ਸੇਵਾ ਕਰਦੇ ਰਹਿਣਗੇ। ਉਨ੍ਹਾਂ ਦਾਅਵਾ ਕੀਤਾ ਕਿ ਇਸ ਵੇਲੇ ਪੰਜਾਬ ਵਿੱਚ ਕਾਂਗਰਸ ਬੇਹੱਦ ਮਜ਼ਬੂਤ ਸਥਿਤੀ ਵਿੱਚ ਹੈ ਅਤੇ ਸੂਬੇ ਵਿੱਚ ਅਗਲੀ ਸਰਕਾਰ ਕਾਂਗਰਸ ਦੀ ਹੀ ਬਣਨ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਰ ਇੱਕ ਕਾਂਗਰਸੀ ਆਗੂ ਅਤੇ ਵਰਕਰ ਦਾ ਇੱਕੋ-ਇੱਕ ਨਿਸ਼ਾਨਾ ਪਾਰਟੀ ਨੂੰ ਜਿਤਾਉਣਾ ਹੈ ਅਤੇ ਹਰ ਕੋਈ ਇਸ ਟੀਚੇ ਨੂੰ ਹਾਸਲ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।

Follow Us