ਹੁਣ ਹਵਾਈ ਜਹਾਜ਼ ਰਾਹੀਂ ਹੋਵੇਗੀ ਤੀਰਥ ਯਾਤਰਾ, ਸੰਗਰੂਰ ਪਹੁੰਚੇ ਸੀਐਮ ਮਾਨ ਨੇ ਲਾਇਬ੍ਰੇਰੀ, ਲਿਫਟਿੰਗ ਸੈਂਟਰ ਅਤੇ ਐਸਟ੍ਰੋਟਰਫ ਲੋਕਾਂ ਨੂੰ ਕੀਤੇ ਸਮਰਪਿਤ

Updated On: 

11 Jan 2024 19:39 PM

CM Bhagwant Mann in Sangrur: ਉਨ੍ਹਾਂ ਕਿਹਾ ਕਿ ਇਹ ਕਿਤਾਬਾਂ ਪੜ੍ਹ ਕੇ ਹੀ ਕੋਈ ਡੀਸੀ ਬਣ ਜਾਂਦਾ ਹੈ ਤੇ ਕੋਈ ਹੋਰ ਵੱਡੇ ਅਹੁਦੇ ਤੇ ਕਾਬਜ਼ ਹੁੰਦਾ ਹੈ। ਤੁਸੀਂ ਸਿਰਫ਼ ਪੜ੍ਹਾਈ 'ਤੇ ਧਿਆਨ ਦਿਓ, ਨੌਕਰੀਆਂ ਦੇਣੀਆਂ ਉਨ੍ਹਾਂ ਦਾ ਕੰਮ ਹੈ। ਮੁੱਖ ਮੰਤਰੀ ਨੇ ਸੂਬੇ ਦੀਆਂ ਔਰਤਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਤੇ ਵੀ ਵਿਸ਼ੇਸ਼ ਤੌਰ ਤੇ ਜ਼ੋਰ ਦਿੱਤਾ। ਇਸ ਤੋਂ ਬਾਅਦ ਸੀਐਮ ਮਾਨ ਪਿੰਡ ਭਾਗਰੋਲ ਦੇ ਸ਼ਹੀਦ ਦੇ ਪਰਿਵਾਰ ਨੂੰ ਚੈੱਕ ਦੇਣ ਲਈ ਨਿਕਲ ਗਏ।

ਹੁਣ ਹਵਾਈ ਜਹਾਜ਼ ਰਾਹੀਂ ਹੋਵੇਗੀ ਤੀਰਥ ਯਾਤਰਾ, ਸੰਗਰੂਰ ਪਹੁੰਚੇ ਸੀਐਮ ਮਾਨ ਨੇ ਲਾਇਬ੍ਰੇਰੀ, ਲਿਫਟਿੰਗ ਸੈਂਟਰ ਅਤੇ ਐਸਟ੍ਰੋਟਰਫ ਲੋਕਾਂ ਨੂੰ ਕੀਤੇ ਸਮਰਪਿਤ
Follow Us On

ਪੰਜਾਬ ਦੇ ਸੰਗਰੂਰ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਵਾਈ ਮਾਰਗ ਰਾਹੀਂ ਤੀਰਥ ਯਾਤਰਾ ਕਰਵਾਉਣ ਦਾ ਐਲਾਨ ਕੀਤਾ ਹੈ। ਇੱਥੇ ਉਨ੍ਹਾਂ ਨੇ ਹਾਕੀ ਐਸਟ੍ਰੋਟਰਫ ਦਾ ਆਗਾਜ਼ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਾਂਝਲਾ ਵਿੱਚ ਵੇਟ ਲਿਫਟਿੰਗ ਅਤੇ ਪੇਂਡੂ ਲਾਇਬ੍ਰੇਰੀ ਦਾ ਉਦਘਾਟਨ ਵੀ ਕੀਤਾ। ਇਨ੍ਹਾਂ ਸਭ ਤੋਂ ਇਲਾਵਾ ਮੁੱਖ ਮੰਤਰੀ ਨੇ ਪੰਜਾਬ ਦੀਆਂ ਔਰਤਾਂ ਨੂੰ ਰੁਜ਼ਗਾਰ ਦੇਣ ਦੀ ਗੱਲ ਵੀ ਕਹੀ ਹੈ।

ਸੀਐਮ ਮਾਨ ਨੇ ਕਿਹਾ ਕਿ ਅਸੀਂ ਤੀਰਥ ਯਾਤਰਾ ਸਕੀਮ ਸ਼ੁਰੂ ਕੀਤੀ ਹੈ। ਅਸੀਂ 1.75 ਕਰੋੜ ਰੁਪਏ ਐਡਵਾਂਸ ਵਿੱਚ ਦਿੱਤੇ, ਪਰ ਫਿਰ ਵੀ ਉਹ ਮੁਕਰ ਗਏ। ਉਨ੍ਹਾਂ ਨੇ ਸਾਨੂੰ ਇੰਜਣ ਦੇਣ ਤੋਂ ਇਨਕਾਰ ਕਰ ਦਿੱਤਾ, ਪਰ ਕੋਈ ਗੱਲ ਨਹੀਂ, ਅਸੀਂ ਤੁਹਾਨੂੰ ਹਵਾਈ ਜਹਾਜ਼ ਰਾਹੀਂ ਲੈ ਕੇ ਜਾਵਾਂਗੇ, ਅਸੀਂ ਬੁੱਕ ਕਰ ਵੀ ਕਰ ਲਏ ਹਨ। ਬੱਸ ਕੁਝ ਦਿਨ ਇੰਤਜ਼ਾਰ ਕਰੋ।

ਵੇਟ ਲਿਫਟਿੰਗ ਸੈਂਟਰ ਅਤੇ ਐਸਟ੍ਰੋ ਟਰਫ ਲੋਕਾਂ ਨੂੰ ਸਮਰਪਿਤ

ਮੁੱਖ ਮੰਤਰੀ ਨੇ ਵਾਰ ਹੀਰੋਜ਼ ਸਟੇਡੀਅਮ ਵਿੱਚ 14 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਵੇਟ ਲਿਫਟਿੰਗ ਸੈਂਟਰ ਅਤੇ 92 ਲੱਖ ਨਾਲ ਤਿਆਰ ਐਸਟ੍ਰੋ ਟਰਫ ਲੋਕਾਂ ਨੂੰ ਸਮਰਪਿਤ ਕੀਤੇ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ‘ਤੇ ਵਿਸ਼ੇਸ਼ ਧਿਆਨ ਦਿੱਤਾ ਹੈ, ਜਿਸ ਨਾਲ ਨੌਜਵਾਨਾਂ ਦੀ ਅਸੀਮ ਊਰਜਾ ਸਹੀ ਪਾਸੇ ਵੱਲ ਲੱਗ ਰਹੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪਹਿਲੀ ਵਾਰ ਖਿਡਾਰੀਆਂ ਨੂੰ ਖੇਡਾਂ ਦੀ ਤਿਆਰੀ ਲਈ ਫੰਡ ਦਿੱਤੇ ਹਨ ਤਾਂ ਜੋ ਉਹ ਖੇਡ ਮੁਕਾਬਲਿਆਂ ਵਿੱਚ ਮੱਲਾਂ ਮਾਰ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲ ਹੋਈਆਂ ਏਸ਼ਿਆਈ ਖੇਡਾਂ ਵਿੱਚ ਪੰਜਾਬੀਆਂ ਨੇ 19 ਤਗਮੇ ਜਿੱਤੇ, ਜੋ ਕਿ ਏਸ਼ੀਆਡ ਸ਼ੁਰੂ ਹੋਣ ਤੋਂ ਲੈ ਕੇ ਬਾਕੀ ਰਾਜਾਂ ਦੇ ਮੁਕਾਬਲੇ ਸਭ ਤੋਂ ਵੱਧ ਹਨ। ਉਨ੍ਹਾਂ ਅੱਗੇ ਕਿਹਾ ਕਿ ਇਹ ਸਾਰਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਭਾਰਤੀ ਹਾਕੀ ਦਲ ਵਿੱਚ 10 ਖਿਡਾਰੀ ਪੰਜਾਬ ਦੇ ਹਨ। ਭਗਵੰਤ ਸਿੰਘ ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਦੇ ਅਣਥੱਕ ਯਤਨਾਂ ਸਦਕਾ ਸੂਬੇ ਦੇ ਖਿਡਾਰੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਖਿਡਾਰੀਆਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਨਾਲ-ਨਾਲ ਨਗਦ ਇਨਾਮ ਅਤੇ ਹੋਰ ਸਹੂਲਤਾਂ ਦੇ ਕੇ ਉਨ੍ਹਾਂ ਦਾ ਮਾਣ-ਸਨਮਾਨ ਵੀ ਕਰ ਰਹੀ ਹੈ।

‘ਸਿੰਥੈਟਿਕ ਟਰੈਕ ਵਾਲੇ ਗਰਾਊਂਡ ਵਿਖੇ ਨਹੀਂ ਕਰਵਾਈ ਜਾਵੇਗੀ ਪਰੇਡ’

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਪੰਜਾਬ ਭਰ ਵਿੱਚ ਗਣਤੰਤਰ ਦਿਵਸ ਦੀ ਪਰੇਡ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਗਰਾਊਂਡ ਵਿਖੇ ਨਹੀਂ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪਰੇਡ ਦੌਰਾਨ ਰਾਜ ਅਤੇ ਦੇਸ਼ ਦੀ ਅਮੀਰ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਣ ਲਈ ਕਈ ਝਾਕੀਆਂ ਅਤੇ ਹੋਰ ਸਮਾਗਮ ਕਰਵਾਏ ਜਾਂਦੇ ਹਨ। । ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸਮਾਗਮਾਂ ਦੌਰਾਨ ਪਰੇਡ ਸਮੇਂ ਵਾਹਨਾਂ ਅਤੇ ਹੋਰ ਮਸ਼ੀਨਰੀ ਦੀ ਆਵਾਜਾਈ ਟਰੈਕ ਨੂੰ ਨੁਕਸਾਨ ਪਹੁੰਚਾਉਂਦੀ ਹੈ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਟਰੈਕ ਨੂੰ ਨੁਕਸਾਨ ਪਹੁੰਚਣ ਨਾਲ ਖਿਡਾਰੀਆਂ ਨੂੰ ਬਹੁਤ ਜ਼ਿਆਦਾ ਦਿੱਕਤ ਪੇਸ਼ ਆਉਂਦੀ ਹੈ, ਜੋ ਬਿਲਕੁਲ ਵੀ ਠੀਕ ਨਹੀਂ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਕਿਸੇ ਵੀ ਸਥਿਤੀ ਤੋਂ ਬਚਣ ਲਈ ਸੂਬਾ ਸਰਕਾਰ ਨੇ ਗਣਤੰਤਰ ਦਿਵਸ ਦੀ ਪਰੇਡ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਸਟੇਡੀਅਮ ਵਿੱਚ ਨਾ ਕਰਵਾਉਣ ਦਾ ਫੈਸਲਾ ਲਿਆ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸੇ ਫੈਸਲੇ ਤਹਿਤ ਗਣਤੰਤਰ ਦਿਵਸ ਮੌਕੇ ਲੁਧਿਆਣਾ ਵਿਖੇ ਹੋਣ ਵਾਲਾ ਸਮਾਗਮ ਹੁਣ ਪੀ.ਏ.ਯੂ ਵਿਖੇ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ ਅਤੇ ਖਿਡਾਰੀਆਂ ਜਾਂ ਖੇਡਾਂ ਦੇ ਬੁਨਿਆਦੀ ਢਾਂਚੇ ਦਾ ਕੋਈ ਨੁਕਸਾਨ ਨਹੀਂ ਹੋਣ ਦਿੱਤਾ ਜਾਵੇਗਾ।

‘ਔਰਤਾਂ ਨੂੰ ਘਰ ਬੈਠੇ ਹੀ ਰੁਜ਼ਗਾਰ ਮੁਹੱਈਆ ਕਰਵਾਉਣਾ ਮਕਸਦ’

ਸੀਐਮ ਭਗਵੰਤ ਮਾਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਪੰਜਾਬ ਦੀਆਂ ਔਰਤਾਂ ਆਪਣੇ ਪੈਰਾਂ ‘ਤੇ ਖੜ੍ਹੀਆਂ ਹੋਣ। ਸਰਕਾਰੀ ਸਕੂਲਾਂ ਦੀਆਂ ਵਰਦੀਆਂ ਨੂੰ ਗ੍ਰਹਿਣੀਆਂ ਕੋਲੋਂ ਸਿਲਾਈ ਕਰਵਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। 25 ਦੇ ਕਰੀਬ ਪ੍ਰਾਈਵੇਟ ਸਕੂਲਾਂ ਨੇ ਵੀ ਸਰਕਾਰ ਤੋਂ ਵਰਦੀਆਂ ਸਿਲਾਈ ਕਰਵਾਉਣ ਲਈ ਹਾਮੀ ਭਰੀ ਹੈ। ਇੰਹੀ ਨਹੀਂ, ਇਸ ਸਬੰਧੀ ਹੋਰਨਾਂ ਸੂਬਿਆਂ ਨਾਲ ਵੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਦਾ ਇੱਕ ਹੀ ਉਦੇਸ਼ ਹੈ, ਕਿ ਔਰਤਾਂ ਵੀ ਘਰ ਬੈਠੇ ਹੀ ਰੁਜ਼ਗਾਰ ਮਿਲ ਸਕੇ।

ਕੇਂਦਰ ਵਾਰ-ਵਾਰ ਖੜੀਆਂ ਕਰ ਰਿਹਾ ਰੁਕਾਵਟਾਂ – ਸੀਐਮ ਮਾਨ

ਸੀਐਮ ਮਾਨ ਨੇ ਕਿਹਾ ਕਿ ਕੇਂਦਰ ਸਰਕਾਰ ਵਾਰ-ਵਾਰ ਕੰਮ ਵਿੱਚ ਰੁਕਾਵਟਾਂ ਖੜ੍ਹੀਆਂ ਕਰ ਰਹੀ ਹੈ। ਪਰ ਉਹ ਰੁਕਣ ਵਾਲੇ ਨਹੀਂ ਹਨ। ਅਸੀਂ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲ ਕੀਤੀ ਹੈ। ਉਨ੍ਹਾਂ ਨੂੰ ਚੌਲ ਚਾਹੀਦੇ ਹਨ। ਅਸੀਂ ਇਹ ਵੀ ਕਿਹਾ ਹੈ ਕਿ ਪੰਜਾਬ ਉਨ੍ਹਾਂ ਨੂੰ ਰੇਲ ਜਾਂ ਸੜਕ ਰਾਹੀਂ ਉਨ੍ਹਾਂ ਦੀ ਇੱਛਾ ਅਨੁਸਾਰ ਚੌਲ ਮੁਹੱਈਆ ਕਰਵਾਏਗਾ। ਅਸੀਂ ਕੇਂਦਰ ਨੂੰ ਵਿਚਾਲੇ ਨਹੀਂ ਰੱਖਾਂਗੇ। ਇਸੇ ਤਰ੍ਹਾਂ ਅਸੀਂ ਕਿਸਾਨਾਂ ਦੀਆਂ ਹੋਰ ਫ਼ਸਲਾਂ ਵੀ ਦੂਜੇ ਰਾਜਾਂ ਵਿੱਚ ਪਹੁੰਚਾਵਾਂਗੇ ਜਿੱਥੇ ਉਨ੍ਹਾਂ ਦੀ ਲੋੜ ਹੈ।
ਮਾਨ ਨੇ ਵਿਦਿਆਰਥੀਆਂ ਨੂੰ ਕਿਹਾ-ਤੁਸੀਂ ਪੜ੍ਹੋ, ਨੌਕਰੀਆਂ ਦੇਣਾ ਸਾਡਾ ਕੰਮ ਹੈ।

‘ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ ਲਾਇਬ੍ਰੇਰੀਆਂ’

ਮੁੱਖ ਮੰਤਰੀ ਨੇ ਕਿਹਾ ਕਿ ਲਾਇਬ੍ਰੇਰੀਆਂ ਦੇ ਸੰਗ੍ਰਹਿ ਵਿੱਚ ਕੁਝ ਦੁਰਲੱਭ ਅਤੇ ਕੀਮਤੀ ਪੁਸਤਕਾਂ ਸ਼ਾਮਲ ਹਨ, ਜੋ ਪੁਸਤਕ ਪ੍ਰੇਮੀਆਂ ਲਈ ਬਹੁਤ ਲਾਹੇਵੰਦ ਸਿੱਧ ਹੋਣਗੀਆਂ। ਉਨ੍ਹਾਂ ਉਮੀਦ ਜਤਾਈ ਕਿ ਇਹ ਲਾਇਬ੍ਰੇਰੀਆਂ ਵਿਦਿਆਰਥੀਆਂ ਦੀ ਤਕਦੀਰ ਬਦਲਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਨੌਜਵਾਨ ਹਰ ਖੇਤਰ ਵਿੱਚ ਮੱਲਾਂ ਮਾਰਨ ਅਤੇ ਸੂਬੇ ਵਿੱਚੋਂ ਅਜਿਹੇ ਹੁਨਰਮੰਦ ਨੌਜਵਾਨ ਪੈਦਾ ਕੀਤੇ ਜਾ ਸਕਣ, ਜੋ ਵੱਖ-ਵੱਖ ਖੇਤਰਾਂ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨ।

ਤੁਸੀਂ ਪੜ੍ਹੋ ਅਸੀਂ ਰੁਜ਼ਗਾਰ ਦੇਵਾਂਗੇ – ਸੀਐਮ ਮਾਨ

ਸੀਐਮ ਭਗਵੰਤ ਮਾਨ ਸਭ ਤੋਂ ਪਹਿਲਾਂ ਸਿੱਧਾ ਲਾਇਬ੍ਰੇਰੀ ਪਹੁੰਚੇ। ਜਿੱਥੇ ਉਨ੍ਹਾਂ ਦਾ ਸਿਰੋਪਾਓ ਪਾ ਕੇ ਜ਼ੋਰਦਾਰ ਸਵਾਗਤ ਕੀਤਾ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਲਾਇਬ੍ਰੇਰੀ ਦੀ ਸ਼ੁਰੂਆਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਇਸ ਲਾਇਬ੍ਰੇਰੀ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ।

Exit mobile version