PAP ਫਿਲੌਰ ਪਹੁੰਚੇ CM ਮਾਨ ਨੇ ਵੰਡੇ ਨਿਯੁਕਤੀ ਪੱਤਰ, ਹੁਸ਼ਿਆਰਪੁਰ ‘ਚ ਵਣ ਮਹਾਂ-ਉਤਸਵ ‘ਚ ਲਾਏ ਬੂਟੇ, ਨਿਸ਼ਾਨੇ ਤੇ ਸੁਖਬੀਰ ਬਾਦਲ
ਇਸ ਦੌਰਾਨ ਮੁੱਖ ਮੰਤਰੀ ਨੇ ਉਥੇ ਲਗਾਈ ਗਈ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਉਤਪਾਦਾਂ ਦਾ ਜਾਇਜ਼ਾ ਲਿਆ। ਪ੍ਰਦਰਸ਼ਨੀ ਵਿੱਚ ਉਤਪਾਦ ਲੈ ਕੇ ਆਏ ਲੋਕਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਬ੍ਰਹਮਾ ਸ਼ੰਕਰ ਜਿੰਪਾ, ਸੰਸਦ ਮੈਂਬਰ ਡਾ: ਰਾਜ ਕੁਮਾਰ ਚੱਬੇਵਾਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਵੀ ਹਾਜ਼ਰ ਸਨ | ਇਸ ਦੌਰਾਨ ਉਨ੍ਹਾਂ ਨੇ ਬੂਟੇ ਵੀ ਲਗਾਏ। ਜਦੋਂਕਿ ਸੀਐਮ ਮਾਨ ਦੁਪਹਿਰ ਬਾਅਦ ਫਿਲੌਰ ਜਾ ਰਹੇ ਹਨ। ਜਿੱਥੇ ਉਹ ਪੁਲਿਸ ਵਿਭਾਗ ਵਿੱਚ ਭਰਤੀ ਹੋਣ ਵਾਲੇ 443 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣਗੇ।
ਮੰਗਲਵਾਰ ਨੂੰ ਪੀਏਪੀ ਫਿਲੌਰ ਵਿਖੇ 443 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣ ਪੁੱਜੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਦੋ ਹੋਰ ਟੋਲ ਪਲਾਜ਼ੇ ਬੰਦ ਕਰ ਦਿੱਤੇ ਗਏ ਹਨ। ਇਹ ਟੋਲ ਪਲਾਜ਼ੇ ਪਟਿਆਲਾ ਅਤੇ ਨਾਭਾ ਵਿਚਕਾਰ ਸਨ। ਇਨ੍ਹਾਂ ਸਮੇਤ ਕੁੱਲ 19 ਟੋਲ ਪਲਾਜ਼ਾ ਹੁਣ ਤੱਕ ਬੰਦ ਕੀਤੇ ਜਾ ਚੁੱਕੇ ਹਨ। ਇਸ ਨਾਲ ਪੰਜਾਬ ਨੂੰ ਰੋਜ਼ਾਨਾ ਕਰੀਬ 63 ਲੱਖ ਰੁਪਏ ਦੀ ਬਚਤ ਹੋਵੇਗੀ।
ਉਨ੍ਹਾਂ ਕਿਹਾ ਕਿ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਵੱਲੋਂ ਚਾਰ ਮਹੀਨੇ ਦਾ ਸਮਾਂ ਵਧਾਉਣ ਦੀ ਮੰਗ ਰੱਖੀ ਗਈ ਸੀ। ਪਰ ਉਨ੍ਹਾਂ ਨੇ ਸਮਝੌਤਾ ਨਹੀਂ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਵਿੱਚ ਦਸ ਹਜ਼ਾਰ ਜਵਾਨਾਂ ਦੀ ਭਰਤੀ ਕੀਤੀ ਜਾਵੇਗੀ। ਇਸ ਦੇ ਲਈ ਵਿੱਤ ਵਿਭਾਗ ਨਾਲ ਮੀਟਿੰਗ ਕੀਤੀ ਗਈ ਹੈ।
ਪੁਲਿਸ ਵਿੱਚ ਏਆਈ ਨੂੰ ਕਰ ਰਹੇ ਹਾਂ ਸ਼ਾਮਲ – ਸੀਐਮ
ਪੁਲਿਸ ਵਿੱਚ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਸਰਹੱਦੀ ਖੇਤਰ ਵਿੱਚ 40 ਕਰੋੜ ਰੁਪਏ ਦੀ ਲਾਗਤ ਨਾਲ 30 ਹਜ਼ਾਰ ਕੈਮਰੇ ਲਗਾਏ ਜਾ ਰਹੇ ਹਨ। ਹੁਣ ਪੁਲਿਸ ਵਿੱਚ ਭਰਤੀ ਪੈਸੇ ਦੇ ਆਧਾਰ ਤੇ ਨਹੀਂ, ਯੋਗਤਾ ਦੇ ਆਧਾਰ ਤੇ ਹੁੰਦੀ ਹੈ। ਉਨ੍ਹਾਂ ਨਵੇਂ ਮੁਲਾਜ਼ਮਾਂ ਨੂੰ ਹਦਾਇਤ ਕੀਤੀ ਹੈ ਕਿ ਉਹ ਨੌਕਰੀ ਮਿਲਣ ਤੋਂ ਬਾਅਦ ਤਬਾਦਲੇ ਦੇ ਜੁਗਾੜ ਵਿੱਚ ਨਾ ਲੱਗ ਜਾਣ। ਉਨ੍ਹਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਨਿਯੁਕਤ ਕਰਨ ਦੇ ਯਤਨ ਕੀਤੇ ਜਾਣਗੇ। ਤਾਂ ਜੋ ਉਹ ਪੂਰੀ ਤਨਦੇਹੀ ਨਾਲ ਲੋਕਾਂ ਦੀ ਸੇਵਾ ਕਰ ਸਕਣ
ਹੁਸ਼ਿਆਰਪੁਰ ਵਿੱਚ ਲਾਏ ਬੂਟੇ, ਪ੍ਰਦਰਸ਼ਨੀ ਦਾ ਲਿਆ ਜਾਇਜ਼ਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸੂਬਾ ਪੱਧਰੀ 73ਵੇਂ ਵਣ ਮਹਾਂ-ਉਤਸਵ ਵਿੱਚ ਸ਼ਾਮਲ ਹੋਣ ਲਈ ਹੁਸ਼ਿਆਰਪੁਰ ਪਹੁੰਚੇ ਹੋਏ ਹਨ। ਇਸ ਦੌਰਾਨ ਉਹ ਸਭ ਤੋਂ ਪਹਿਲਾਂ ਉਥੇ ਲਗਾਈ ਗਈ ਪ੍ਰਦਰਸ਼ਨੀ ਵਿਚ ਗਏ ਅਤੇ ਉਤਪਾਦਾਂ ਦਾ ਜਾਇਜ਼ਾ ਲਿਆ। ਪ੍ਰਦਰਸ਼ਨੀ ਵਿੱਚ ਉਤਪਾਦ ਲੈ ਕੇ ਆਏ ਲੋਕਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ। ਇਸ ਦੌਰਾਨ ਸੀਐਮ ਮਾਨ ਨੇ ਬੂਟੇ ਵੀ ਲਗਾਏ। ਜਿਸ ਤੋਂ ਬਾਅਦ ਉਨ੍ਹਾਂ ਨੇ ਉੱਥੇ ਮੌਜੂਦ ਲੋਕਾਂ ਨੂੰ ਸੰਬੋਧਨ ਵੀ ਕੀਤਾ। ਜਿਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਤੇ ਤਿੱਖੇ ਨਿਸ਼ਾਨੇ ਵੀ ਲਾਏ।
ਮਿਸ਼ਨ ਰੁਜ਼ਗਾਰ ਪੁਲਿਸ ਵਿਭਾਗ ‘ਚ ਵੱਖ-ਵੱਖ ਅਹੁਦਿਆਂ ਦੇ 443 ਨਵ-ਨਿਯੁਕਤ ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ PPA ਫ਼ਿਲੌਰ ਤੋਂ Live https://t.co/l7v48rnw6u
ਇਹ ਵੀ ਪੜ੍ਹੋ
— Bhagwant Mann (@BhagwantMann) August 6, 2024
ਸੀਐਮ ਮਾਨ ਦੇ ਨਿਸ਼ਾਨੇ ‘ਤੇ ਸੁਖਬੀਰ ਬਾਦਲ
ਮੁੱਖ ਮੰਤਰੀ ਭਗਵੰਤ ਮਾਨ ਨੇ ਬੇਅਦਬੀ ਮਾਮਲੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਨਾਂ ਲਏ ਬਿਨਾਂ ਇੱਕ ਵਾਰ ਫਿਰ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕੁਝ ਲੋਕ ਆਪਣੀਆਂ ਗਲਤੀਆਂ ਦੀ ਮੁਆਫੀ ਮੰਗ ਰਹੇ ਹਨ। ਮਾਫ਼ੀ ਗ਼ਲਤੀਆਂ ਦੀ ਹੁੰਦੀ ਹੈ, ਗੁਨਾਹਾਂ ਦੀ ਨਹੀਂ। ਜਾਣਬੁੱਝ ਕੇ ਕੀਤਾ ਗਿਆ ਗੁਨਾਹ ਹੁੰਦਾ ਹੈ। ਸਾਡੇ ਕੋਲ ਵੀ ਕੇਸ ਚੱਲ ਰਿਹਾ ਹੈ। ਕੁਝ ਨਵੇਂ ਸਬੂਤ ਸਾਡੇ ਕੋਲ ਆਏ ਹਨ। ਕੁਝ ਦਿਨਾਂ ‘ਚ ਵੱਡੇ ਖੁਲਾਸੇ ਹੋਣਗੇ। ਦਰਦ ਸਭ ਨੂੰ ਹੈ, ਸਜ਼ਾ ਤਾਂ ਜ਼ਰੂਰ ਮਿਲੇਗੀ। ਪਹਿਲਾਂ ਤਾਂ ਦੋਸ਼ੀਆਂ ਨੇ ਖੁਦ ਜਾਂਚ ਕੀਤੀ ਹੈ।
ਕਿਹਾ ਜਾਂਦਾ ਹੈ ਕਿ ਸਾਡੇ ਇੱਥੇ ਤਿੰਨ ਅਦਾਲਤਾਂ ਹਨ। ਰੱਬ ਅਤੇ ਲੋਕਾਂ ਦੀ ਅਦਾਲਤ ਨੇ ਤਾਂ ਸਜ਼ਾ ਦੇ ਦਿੱਤੀ ਹੈ। ਜਲਦੀ ਹੀ ਅਦਾਲਤ ਸਜ਼ਾ ਵੀ ਦੇਵੇਗੀ। ਬੇਸ਼ੱਕ ਮਹਿੰਗਾ ਵਕੀਲ ਰੱਖ ਕੇ ਕੁਝ ਸਮਾਂ ਬਚ ਜਾਣ। ਸਾਡੀ ਕੋਸ਼ਿਸ਼ ਇਹੀ ਹੈ ਕਿ ਸਾਰੇ ਧਰਮਾਂ ਦੇ ਗ੍ਰੰਥਾਂ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਸੀਐਮ ਨੇ ਕਿਹਾ ਕਿ ਜੇਕਰ ਤੁਹਾਨੂੰ ਨਿੰਮ ਤੋਂ ਖੁਸ਼ੀ ਮਿਲਦੀ ਹੈ ਤਾਂ ਮੈਨੂੰ ਇਹ ਕਹਿਣ ਦਾ ਕੋਈ ਅਧਿਕਾਰ ਨਹੀਂ ਹੈ ਕਿ ਮੇਰੀ ਟਾਹਲੀ ਚੰਗੀ ਹੈ। ਉਨ੍ਹਾਂ ਕਿਹਾ ਕਿ ਰਾਜ ਕਰਨਾ ਅਤੇ ਪ੍ਰਧਾਨਗੀ ਇਹ ਸਭ ਛੋਟੀ ਗੱਲ ਹੈ। ਜੇਕਰ ਤੁਹਾਡੀ ਸੇਵਾ ਲੱਗ ਜਾਵੇ ਤਾਂ ਉਸ ਤੋਂ ਵੱਡੀ ਸੰਤੁਸ਼ਟੀ ਕੋਈ ਨਹੀਂ ਹੋਵੇਗੀ।
ਕਿਸਾਨ ਰੁੱਖ ਲਗਾਉਣ, ਲੋੜ ਪਈ ਤਾਂ ਲਿਆਵਾਂਗੇ ਕਾਨੂੰਨ
ਮੁੱਖ ਮੰਤਰੀ ਨੇ ਪੰਜਾਬ ਵਿੱਚ ਮੁਫ਼ਤ ਬਿਜਲੀ ਲੈਣ ਵਾਲੇ ਕਿਸਾਨਾਂ ਨੂੰ ਮੋਟਰ ਜਾਂ ਟਿਊਬਵੈੱਲ ਦੇ ਆਲੇ-ਦੁਆਲੇ ਘੱਟੋ-ਘੱਟ ਚਾਰ ਬੂਟੇ ਲਗਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਉਹ ਸਲਾਹ ਦੇ ਰਹੇ ਹਨ, ਜੇਕਰ ਲੋੜ ਪਈ ਤਾਂ ਉਹ ਕਾਨੂੰਨ ਬਣਾਉਣਗੇ। ਤਾਂ ਜੋ ਆਉਣ ਵਾਲੀਆਂ ਪੀੜੀਆਂ ਨੂੰ ਸਾਹ ਦਿੱਤਾ ਜਾ ਸਕੇ। ਉਨ੍ਹਾਂ ਕਿਹਾ ਕਿ ਅੱਜ ਵਾਤਾਵਰਨ ਨਾਲ ਇਸ ਤਰ੍ਹਾਂ ਛੇੜਛਾੜ ਕੀਤੀ ਗਈ ਹੈ ਕਿ ਰੁੱਖਾਂ ਦੀ ਅਣਹੋਂਦ ਕਾਰਨ ਪਹਾੜ ਵੀ ਹੜ੍ਹਾਂ ਦੇ ਪਾਣੀ ਵਿੱਚ ਰੁੜ੍ਹ ਰਹੇ ਹਨ।
ਧਾਰ ਕਲਾਂ ਵਿੱਚ 206 ਮੈਗਾਵਾਟ ਦਾ ਡੈਮ ਬਣਾਵੇਂਗੇ
ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਉਹ ਸੱਤਾ ਵਿੱਚ ਆਏ ਸਨ ਤਾਂ ਪੰਜਾਬ 21 ਫੀਸਦੀ ਨਹਿਰੀ ਪਾਣੀ ਵਰਤ ਰਿਹਾ ਸੀ। ਅੱਜ 72 ਫੀਸਦੀ ਨਹਿਰੀ ਪਾਣੀ ਖੇਤਾਂ ਵਿੱਚ ਜਾਣਾ ਸ਼ੁਰੂ ਹੋ ਗਿਆ ਹੈ। ਇਸ ਦੇ ਨਾਲ ਹੀ ਟਿਊਬਵੈੱਲ ਵੀ ਜਲਦੀ ਹੀ ਬੰਦ ਕਰਾਂਗੇ। ਕਿਉਂਕਿ ਸੂਬੇ ਵਿੱਚ 600 ਫੁੱਟ ਪਾਣੀ ਹੇਠਾਂ ਚਲਾ ਗਿਆ ਹੈ। ਧਾਰ ਕਲਾਂ 206 ਮੈਗਾਵਾਟ ਦਾ ਡੈਮ ਬਣ ਰਿਹਾ ਹੈ। ਰਾਵੀ ਦਾ ਪਾਣੀ ਰੋਕਿਆ ਜਾਵੇਗਾ। ਅਕਤੂਬਰ ‘ਚ ਆਗਾਜ਼ ਕਰਾਂਗੇ। ਦੋਆਬਾ ਵਿਸਟ ਕੈਨਾਲ 24 ਘੰਟੇ ਚੱਲੇਗੀ।ਨਾਲ ਹੀ ਹਰੀਕੇ ਪੱਤਣ ਤੋਂ ਰਾਜਸਥਾਨ ਦੀ ਹੱਦ ਤੱਕ ਮਾਲਵਾ ਨਹਿਰ ਬਣਾਈ ਜਾਵੇਗੀ। ਦੋ ਲੱਖ ਏਕੜ ਜ਼ਮੀਨ ਨੂੰ ਫਾਇਦਾ ਹੋਵੇਗਾ।
ਲੋਕ ਜਾਗੇ ਤਾਂ ਪ੍ਰਧਾਨ ਮੰਤਰੀ ਨੂੰ ਭੱਜਣਾ ਪਿਆ
ਸੀਐਮ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੂੰ ਝੂਠੀ ਸ਼ਿਕਾਇਤ ਦੇ ਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ, ਪਰ ਅਸੀਂ ਉਨ੍ਹਾਂ ਦੀ ਸੋਚ ਨੂੰ ਕਿਵੇਂ ਖਤਮ ਕਰੋਗੇ। ਜਦੋਂ ਤੁਸੀਂ ਲੋਕਾਂ ‘ਤੇ ਜ਼ਿਆਦਾ ਤਾਨਾਸ਼ਾਹੀ ਥੋਪਦੇ ਹੋ, ਤਾਂ ਲੋਕਾਂ ਦਾ ਗੁੱਸਾ ਫੱਟ ਪੈਂਦਾ ਹੈ। ਲੋਕ ਪੰਜ ਸਾਲ ਚੁੱਪ ਰਹਿ ਸਕਦੇ ਹਨ, 10 ਸਾਲ ਮੂੰਹ ਬੰਦ ਰੱਖ ਸਕਦੇ ਹਨ, 15 ਸਾਲ ਸੀਨੇ ਵਿੱਚ ਪੱਥਰ ਰੱਖ ਸਕਦੇ ਹਨ। 20 ਸਾਲ ਮਨ ਮਾਰ ਕੇ ਚੁੱਪ ਰਹਿ ਲੈਂਦੇ ਹਨ। ਪਰ ਜਦੋਂ ਲੋਕ 20 ਸਾਲਾਂ ਬਾਅਦ ਜਾਗਦੇ ਹਨ, ਤਾਂ ਤੁਸੀਂ ਕੱਲ੍ਹ ਬੰਗਲਾਦੇਸ਼ ਵਿੱਚ ਦੇਖਿਆ ਹੋਵੇਗਾ। ਵੀਹ ਸਾਲਾਂ ਬਾਅਦ ਉਥੇ ਲੋਕ ਜਾਗੇ। ਫਿਰ ਅੱਧੇ ਘੰਟੇ ਦੇ ਅੰਦਰ ਪ੍ਰਧਾਨ ਮੰਤਰੀ ਨੂੰ ਭੱਜਣਾ ਪਿਆ। ਲੋਕ ਉਨ੍ਹਾਂ ਦੇ ਘਰੋਂ ਮੁਰਗੀਆਂ-ਬੱਤਖਾਂ ਵੀ ਲੈ ਗਏ। ਉਨ੍ਹਾਂ ਨੇ ਕਿਹਾ ਕਿ ਜਦੋਂ ਲੋਕਾਂ ਨੂੰ ਤੰਗ ਕਰੋਗੇ ਤਾਂ ਇਹੀ ਅੰਤ ਹੋਵੇਗਾ।
ਆਓ ਰਲ਼ ਮਿਲ਼ ਪੌਦੇ ਲਾਈਏ, ਪੰਜਾਬ ਨੂੰ ਹਰਿਆ-ਭਰਿਆ ਬਣਾਈਏ… 73ਵੇਂ ਰਾਜ ਪੱਧਰੀ ਵਣ ਮਹਾਂ-ਉਤਸਵ ਦੌਰਾਨ ਹੁਸ਼ਿਆਰਪੁਰ ਤੋਂ Live https://t.co/m5tr3kZm0Z
— Bhagwant Mann (@BhagwantMann) August 6, 2024
CM ਨੇ ਜਲੰਧਰ ‘ਚ ਲਿਆ ਹੈ ਘਰ
ਸੀਐਮ ਭਗਵੰਤ ਨੇ ਜਲੰਧਰ ਵੈਸਟ ਜ਼ਿਮਨੀ ਚੋਣ ਦੌਰਾਨ ਉੱਥੇ ਕਿਰਾਏ ‘ਤੇ ਮਕਾਨ ਲਿਆ ਸੀ। ਉਨ੍ਹਾਂ ਫੈਸਲਾ ਕੀਤਾ ਸੀ ਕਿ ਉਹ ਹਫ਼ਤੇ ਵਿੱਚ ਦੋ ਦਿਨ ਜਲੰਧਰ ਵਿੱਚ ਰਹਿਣਗੇ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ। ਇਸ ਪਿੱਛੇ ਉਨ੍ਹਾਂ ਦੀ ਕੋਸ਼ਿਸ਼ ਸੀ ਕਿ ਲੋਕਾਂ ਨੂੰ ਆਪਣੇ ਕੰਮਾਂ ਲਈ ਚੰਡੀਗੜ੍ਹ ਨਾ ਜਾਣਾ ਪਵੇ। ਉਨ੍ਹਾਂ ਦਾ ਕੰਮ ਘਰ ਦੇ ਨੇੜੇ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਰਹਿਣਗੇ। ਉਨ੍ਹਾਂ ਨੇ ਆਪਣੇ ਘਰ ‘ਚ ਲੋਕ ਦਰਬਾਰ ਲਗਾ ਕੇ ਲੋਕਾਂ ਦੀ ਪਰੇਸ਼ਾਨੀਆਂ ਵੀ ਸੁਣ ਚੁੱਕੇ ਹਨ।