Color Coded Stamp Paper: ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ

Updated On: 

12 May 2023 16:46 PM

ਵੀਡੀਓ ਕਾਨਫਰੰਸਿੰਗ ਰਾਹੀਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਇੱਕ ਕ੍ਰਾਂਤੀਕਾਰੀ ਕਦਮ ਹੈ, ਜਿਸ ਦਾ ਉਦੇਸ਼ ਸੂਬੇ ਵਿੱਚ ਆਪਣੀਆਂ ਇਕਾਈਆਂ ਸਥਾਪਤ ਕਰਨ ਦੇ ਚਾਹਵਾਨ ਉੱਦਮੀਆਂ ਲਈ ਕਾਰੋਬਾਰ ਕਰਨ ਵਿੱਚ ਅਸਾਨੀ ਨੂੰ ਉਤਸ਼ਾਹਿਤ ਕਰਨਾ ਹੈ।

Color Coded Stamp Paper: ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣਿਆ ਪੰਜਾਬ
Follow Us On

ਚੰਡੀਗੜ੍ਹ ਨਿਊਜ: ਸੂਬੇ ਵਿੱਚ ਯੂਨਿਟ ਸਥਾਪਤ ਕਰਨ ਲਈ ਉੱਦਮੀਆਂ ਦੀ ਸਹੂਲਤ ਲਈ ਮਾਨ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਹਰੇ ਰੰਗ ਦੇ ਸਟੈਂਪ ਪੇਪਰ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ। ਇਸ ਸ਼ੁਰੂਆਤ ਤੋਂ ਬਾਅਦ ਪੰਜਾਬ ਅੱਜ ਵਿਲੱਖਣ ਕਲਰ ਕੋਡਿਡ ਸਟੈਂਪ ਪੇਪਰ ਲਾਂਚ ਕਰਨ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ, ਜਿਸ ਨਾਲ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਮਿਲੇਗਾ। ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਸਨਅਤਕਾਰ ਜੋ ਸੂਬੇ ਵਿੱਚ ਆਪਣੀ ਸਨਅਤੀ ਇਕਾਈ ਸਥਾਪਤ ਕਰਨ ਦਾ ਇੱਛੁਕ ਹੈ, ਉਹ ਇਨਵੈਸਟ ਪੰਜਾਬ ਪੋਰਟਲ ਰਾਹੀਂ ਇਹ ਵਿਲੱਖਣ ਕਲਰ ਕੋਡਿਡ ਸਟੈਂਪ ਪੇਪਰ ਪ੍ਰਾਪਤ ਕਰ ਸਕਦਾ ਹੈ।

ਉਹਨਾਂ ਕਿਹਾ ਕਿ ਸਨਅਤਕਾਰਾਂ ਨੂੰ ਆਪਣੀ ਯੂਨਿਟ ਸਥਾਪਤ ਕਰਨ ਲਈ ਸਿਰਫ ਇਸ ਇਕੋ ਸਟੈਂਪ ਪੇਪਰ ਨੂੰ ਖਰੀਦ ਕੇ ਸੀ.ਐਲ.ਯੂ., ਜੰਗਲਾਤ, ਪ੍ਰਦੂਸ਼ਣ, ਅੱਗ ਅਤੇ ਹੋਰ ਵਿਭਾਗਾਂ ਤੋਂ ਮਨਜ਼ੂਰੀਆਂ ਲੈਣ ਲਈ ਲੋੜੀਂਦੀਆਂ ਵੱਖ-ਵੱਖ ਫੀਸਾਂ ਅਦਾ ਕਰਨੀਆਂ ਪੈਣਗੀਆਂ। ਭਗਵੰਤ ਮਾਨ ਨੇ ਕਿਹਾ ਕਿ ਸਨਅਤਕਾਰਾਂ ਨੂੰ ਆਪਣੀ ਯੂਨਿਟ ਸਥਾਪਤ ਕਰਨ ਲਈ ਸਟੈਂਪ ਪੇਪਰ ਖਰੀਦਣ ਉਪਰੰਤ 15 ਦਿਨਾਂ ਦੇ ਅੰਦਰ-ਅੰਦਰ ਸਾਰੇ ਵਿਭਾਗਾਂ ਤੋਂ ਸਾਰੀਆਂ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਹੋ ਜਾਣਗੀਆਂ।

ਆਪਣੀ ਕਿਸਮ ਦੀ ਇਹ ਪਹਿਲੀ ਪਹਿਲਕਦਮੀ

ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਆਪਣੀ ਕਿਸਮ ਦੀ ਇਹ ਪਹਿਲੀ ਪਹਿਲਕਦਮੀ ਪੰਜਾਬ ਵਿੱਚ ਉਦਯੋਗਿਕ ਵਿਕਾਸ ਨੂੰ ਵੱਡਾ ਹੁਲਾਰਾ ਦੇਵੇਗੀ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਵਿਚਾਰ ਇਸ ਸਾਲ ਦੇ ਸ਼ੁਰੂ ਵਿੱਚ ਆਯੋਜਿਤ ਇਨਵੈਸਟ ਪੰਜਾਬ ਦੌਰਾਨ ਸੂਬੇ ਅਤੇ ਦੇਸ਼ ਭਰ ਦੇ ਉਦਯੋਗਿਕ ਕਾਰੋਬਾਰੀਆਂ ਨਾਲ ਮੀਟਿੰਗਾਂ ਉਪਰੰਤ ਆਇਆ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਪਹਿਲਕਦਮੀ ਨਾਲ ਉਦਯੋਗਪਤੀਆਂ ਦੇ ਸਮੇਂ, ਪੈਸੇ ਅਤੇ ਊਰਜਾ ਦੀ ਬੱਚਤ ਕਰਕੇ ਉਨ੍ਹਾਂ ਨੂੰ ਵੱਡੀ ਸਹੂਲਤ ਦਿੱਤੀ ਜਾਵੇਗੀ।

ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਹਰੇ ਰੰਗ ਦਾ ਸਟੈਂਪ ਪੇਪਰ ਇਸ ਗੱਲ ਦਾ ਪ੍ਰਤੀਕ ਹੋਵੇਗਾ ਕਿ ਸਨਅਤਕਾਰ ਪਹਿਲਾਂ ਹੀ ਯੂਨਿਟ ਸਥਾਪਿਤ ਕਰਨ ਲਈ ਲੋੜੀਂਦੀਆਂ ਮਨਜ਼ੂਰੀਆਂ ਲਈ ਸਾਰੀ ਫੀਸ ਅਦਾ ਕਰ ਚੁੱਕੇ ਹਨ। ਉਹਨਾਂ ਐਲਾਨ ਕੀਤਾ ਕਿ ਇਕ ਪਾਸੇ ਜ਼ਮੀਨੀ ਸਰੋਤਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਉਣ ਲਈ ਅਤੇ ਦੂਜੇ ਪਾਸੇ ਲੋਕਾਂ ਨੂੰ ਸਹੂਲਤ ਪ੍ਰਦਾਨ ਕਰਨ ਲਈ ਮਕਾਨਾਂ ਅਤੇ ਹੋਰ ਖੇਤਰਾਂ ਵਿੱਚ ਵੀ ਇਹੀ ਕਲਰ ਕੋਡਿੰਗ ਸਟੈਂਪ ਪੇਪਰ ਲਾਗੂ ਕੀਤਾ ਜਾਵੇਗਾ। ਭਗਵੰਤ ਮਾਨ ਨੇ ਆਸ ਪ੍ਰਗਟਾਈ ਕਿ ਇਸ ਵਿਲੱਖਣ ਵਿਚਾਰ ਸਦਕਾ ਪੰਜਾਬ ਉਦਯੋਗਿਕ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣ ਕੇ ਉਭਰੇਗਾ।

ਪਹਿਲਕਦਮੀ ਨਾਲ ਸੂਬੇ ‘ਚ ਹੋਰ ਆਵੇਗਾ ਨਿਵੇਸ਼

ਮੁੱਖ ਮੰਤਰੀ ਨੇ ਉਮੀਦ ਜ਼ਾਹਰ ਕੀਤੀ ਕਿ ਇਸ ਨੇਕ ਪਹਿਲਕਦਮੀ ਨਾਲ ਸੂਬੇ ਵਿੱਚ ਹੋਰ ਨਿਵੇਸ਼ ਆਕਰਸ਼ਿਤ ਹੋਵੇਗਾ ਜਿਸ ਨਾਲ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ। ਉਨ੍ਹਾਂ ਨੇ ਸਮਾਜ ਦੇ ਹਰ ਵਰਗ ਦੀ ਭਲਾਈ ਨੂੰ ਯਕੀਨੀ ਬਣਾਉਣ ਲਈ ਸੂਬਾ ਸਰਕਾਰ ਦੀ ਦ੍ਰਿੜ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਦਾ ਹਰ ਫੈਸਲਾ ਇਸ ਦਿਸ਼ਾ ਵੱਲ ਕੇਂਦਰਤ ਹੈ। ਭਗਵੰਤ ਮਾਨ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਹੋਰ ਸੂਬੇ ਵੀ ਪੰਜਾਬ ਸਰਕਾਰ ਦੀ ਇਸ ਉਦਯੋਗ ਪੱਖੀ ਪਹਿਲਕਦਮੀ ਨੂੰ ਅਪਣਾਉਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ