ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਨਿਰਵਿਘਨ 8 ਘੰਟੇ ਅਤੇ ਘਰੇਲੂ ਖਪਤਕਾਰਾਂ ਲਈ 24 ਘੰਟੇ ਯਕੀਨੀ ਬਣਾਵਾਂਗੇ ਬਿਜਲੀ ਸਪਲਾਈ : ਈਟੀਓ

Published: 

14 Jun 2023 19:29 PM

ਈਟੀਓ ਨੇ ਦੱਸਿਆ ਕਿ ਡਿਸਟਰੀਬਿਊਸ਼ਨ ਟਰਾਂਸਫਾਰਮਰਾਂ ਅਤੇ ਪਾਵਰ ਲਾਈਨਾਂ ਸਮੇਤ ਬਿਜਲੀ ਵੰਡ ਪ੍ਰਣਾਲੀ ਦਾ ਵਿਆਪਕ ਰੱਖ-ਰਖਾਅ ਸੁਨਿਸ਼ਚਿਤ ਕੀਤਾ ਗਿਆ ਹੈ।

ਝੋਨੇ ਦੇ ਸੀਜ਼ਨ ਦੌਰਾਨ ਕਿਸਾਨਾਂ ਲਈ ਨਿਰਵਿਘਨ 8 ਘੰਟੇ ਅਤੇ ਘਰੇਲੂ ਖਪਤਕਾਰਾਂ ਲਈ 24 ਘੰਟੇ ਯਕੀਨੀ ਬਣਾਵਾਂਗੇ ਬਿਜਲੀ ਸਪਲਾਈ : ਈਟੀਓ

ਹਰਭਜਨ ਸਿੰਘ ਈਟੀਓ, ਬਿਜਲੀ ਮੰਤਰੀ, ਪੰਜਾਬ

Follow Us On

ਚੰਡੀਗੜ੍ਹ ਨਿਊਜ਼: ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ (Harbhajan Singh ETO) ਨੇ ਸੂਬੇ ਦੇ ਲੋਕਾਂ ਅਤੇ ਕਿਸਾਨਾਂ ਨੂੰ ਭਰੋਸਾ ਦੁਆਇਆ ਹੈ ਕਿ ਗਰਮੀਆਂ ਦੌਰਾਨ ਲੋਕਾਂ ਨੂੰ 24 ਘੰਟੇ ਅਤੇ ਝੋਨੇ ਦੇ ਇਸ ਸੀਜ਼ਨ ਦੌਰਾਨ ਕਿਸਾਨਾਂ ਨੂੰ ਰੋਜ਼ਾਨਾ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ 14150 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਨ ਦੀ ਸਥਿਤੀ ਵਿੱਚ ਹੈ ਅਤੇ ਲੋੜ ਪੈਣ ਤੇ ਇਹ 1200 ਮੈਗਾਵਾਟ ਟਰਾਂਸਮਿਸ਼ਨ ਸਮਰੱਥਾ ਦੀ ਵਰਤੋਂ ਕਰਕੇ 15350 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋਵੇਗਾ।

ਬਿਜਲੀ ਮੰਤਰੀ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਤੋਂ ਬਾਹਰੋਂ ਬਿਜਲੀ ਦੀ ਦਰਾਮਦ ਸਮਰੱਥਾ (ਏ.ਟੀ.ਸੀ. ਸੀਮਾ) ਨੂੰ ਵਧਾ ਕੇ 8800 ਮੈਗਾਵਾਟ ਕਰ ਦਿੱਤਾ ਗਿਆ ਹੈ ਜਿਸ ਨੂੰ ਇੱਕ-ਦੋ ਦਿਨਾਂ ਵਿੱਚ ਵਧਾ ਕੇ 9000 ਮੈਗਾਵਾਟ ਕੀਤੇ ਜਾਣ ਦੀ ਸੰਭਾਵਨਾ ਹੈ। ਉਨ੍ਹਾਂ ਦੱਸਿਆ ਕਿ ਸੂਬੇ ਦੇ ਅੰਦਰ ਲਗਭਗ 6400 ਮੈਗਾਵਾਟ ਉਤਪਾਦਨ ਅਤੇ ਕੇਂਦਰ ਸੈਕਟਰ ਅਤੇ ਬੀ.ਬੀ.ਐਮ.ਬੀ ਪਲਾਂਟਾਂ ਵਿੱਚ ਰਾਜ ਦੇ 4800 ਮੈਗਾਵਾਟ ਹਿੱਸੇ ਅਤੇ 2950 ਮੈਗਾਵਾਟ ਥੋੜ੍ਹੇ ਸਮੇਂ ਦੇ ਪ੍ਰਬੰਧਾਂ ਦੇ ਨਾਲ, ਭਾਵ ਥੋੜ੍ਹੇ ਸਮੇਂ ਦੇ ਅਧਾਰ ‘ਤੇ ਬਾਹਰਲੇ ਰਾਜ ਤੋਂ 7750 ਮੈਗਾਵਾਟ ਪ੍ਰਬੰਧਾਂ ਨਾਲ ਪੀ.ਐਸ.ਪੀ.ਸੀ.ਐਲ 14150 ਮੈਗਾਵਾਟ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਦੀ ਸਥਿਤੀ ਵਿੱਚ ਹੈ।

PSPCL ਮੰਗ ਨੂੰ ਪੂਰਾ ਕਰਨ ਚ ਸਮਰੱਥ

ਉਨ੍ਹਾਂ ਅੱਗੇ ਦੱਸਿਆ ਕਿ 1200 ਮੈਗਾਵਾਟ ਟਰਾਂਸਮਿਸ਼ਨ ਸਮਰੱਥਾ ਦੀ ਵਰਤੋਂ ਕਰਕੇ ਪੀ.ਐਸ.ਪੀ.ਸੀ.ਐਲ 15350 ਮੈਗਾਵਾਟ ਦੀ ਮੰਗ ਨੂੰ ਪੂਰਾ ਕਰਨ ਦੇ ਯੋਗ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਬਾਕੀ ਬਚੀ ਟਰਾਂਸਮਿਸ਼ਨ ਸਮਰੱਥਾ ਨੂੰ ਲੋੜ ਪੈਣ ‘ਤੇ ਅਸਲ ਸਮੇਂ ਦੀ ਮੰਗ ਅਤੇ ਉਪਲਬਧਤਾ ਦੇ ਅੰਤਰ ਦੇ ਆਧਾਰ ‘ਤੇ ਅਦਲਾਬਦਲੀ ਰਾਹੀਂ ਖੁੱਲ੍ਹੇ ਬਾਜ਼ਾਰ ਤੋਂ ਬਿਜਲੀ ਖਰੀਦ ਕੇ ਪੂਰਾ ਕੀਤਾ ਜਾਵੇਗਾ।

ਝੋਨੇ ਦੇ ਸੀਜ਼ਨ 2022 ਤੋਂ ਬਾਅਦ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਕੰਮਾਂ ਬਾਰੇ ਵਿਸਥਾਰ ਨਾਲ ਦੱਸਦਿਆਂ, ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ 11 ਨਵੇਂ 66 ਕੇਵੀ ਗਰਿੱਡ ਸਬਸਟੇਸ਼ਨਾਂ ਦੀ ਸਥਾਪਨਾ, ਮੌਜੂਦਾ 66 ਕੇਵੀ ਗਰਿੱਡ ਸਬਸਟੇਸ਼ਨਾਂ ਵਿਖੇ ਨਵੇਂ 52 ਪਾਵਰ ਟ੍ਰਾਂਸਫਾਰਮਰਾਂ ਨੂੰ ਜੋੜਨ, 378 ਕਿਲੋਮੀਟਰ ਲੰਬੀਆਂ 66 ਕੇਵੀ ਟਰਾਂਸਮਿਸ਼ਨ ਲਾਈਨ ਵਿਛਾਉਣ, 352 ਨਵੇਂ 11 ਕੇਵੀ ਫੀਡਰ, ਨਵੇਂ 27,047 ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਲਗਾਉਣ, 11 ਕੇਵੀ ਦੇ 1367 ਫੀਡਰਾਂ ਦੀ ਡੀਲੋਡਿੰਗ ਅਤੇ ਡੀ.ਵੀ.ਐਸ ਸਕੀਮ ਤਹਿਤ ਖੇਤੀਬਾੜੀ ਲਈ 43,628 ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ ਦਾ ਵਾਧਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਡੀ.ਟੀ ਨੁਕਸਾਨ ਦਰ ਵੀ 4.56 ਫੀਸਦੀ ‘ਤੇ ਨਿਯੰਤਰਨ ਕੀਤੀ ਗਈ ਹੈ।

ਈ.ਟੀ.ਓ ਨੇ ਅੱਗੇ ਕਿਹਾ ਕਿ ਹਾਲ ਹੀ ਵਿੱਚ ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚ ਆਏ ਭਾਰੀ ਤੂਫਾਨਾਂ ਨੇ ਸੂਬੇ ਦੇ ਬਿਜਲੀ ਸੰਚਾਰ ਅਤੇ ਵੰਡ ਢਾਂਚੇ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਦੱਸਿਆ ਕਿ ਤੂਫਾਨ ਕਾਰਨ ਲਗਭਗ 8150 ਖੰਭਿਆਂ, 1839 ਟਰਾਂਸਫਾਰਮਰਾਂ ਅਤੇ ਲਗਭਗ 73 ਕਿਲੋਮੀਟਰ ਕੰਡਕਟਰ ਦਾ ਨੁਕਸਾਨ ਹੋਇਆ ਹੈ, ਜਿਸ ਦਾ ਕੁੱਲ ਵਿੱਤੀ ਨੁਕਸਾਨ ਲਗਭਗ 16.5 ਕਰੋੜ ਰੁਪਏ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ.ਐਲ ਲਗਾਤਾਰ ਨਿਗਰਾਨੀ, ਫੀਡਰਾਂ ਦੀ ਯੋਜਨਾਬੱਧ ਗਸ਼ਤ ਅਤੇ ਲਾਈਨਾਂ ਨੂੰ ਸਾਫ਼ ਕਰਨ ਸਦਕਾ ਘੱਟ ਤੋਂ ਘੱਟ ਸੰਭਾਵਤ ਸਮੇਂ ਵਿੱਚ ਤੂਫਾਨ ਕਾਰਨ ਪ੍ਰਭਾਵਿਤ ਖੇਤਰਾਂ ਅੰਦਰ ਬਿਜਲੀ ਸਪਲਾਈ ਨੂੰ ਬਹਾਲ ਕਰਨ ਦੇ ਯੋਗ ਰਿਹਾ।

ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਸਮੀਖਿਆ ਮੀਟਿੰਗ

ਇਸੇ ਦੌਰਾਨ ਅੱਜ ਬਿਜਲੀ ਮੰਤਰੀ ਨੇ ਝੋਨੇ ਦੇ ਸੀਜ਼ਨ ਲਈ ਬਿਜਲੀ ਸਪਲਾਈ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ। ਉਨ੍ਹਾਂ ਪੀ.ਐਸ.ਪੀ.ਸੀ.ਐਲ. ਨੂੰ ਹਦਾਇਤ ਕੀਤੀ ਕਿ ਗਰਮੀਆਂ ਦੇ ਮੌਸਮ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨੂੰ ਯਕੀਨੀ ਬਣਾਇਆ ਜਾਵੇ। ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ. ਅਤੇ ਪੀ.ਐਸ.ਟੀ.ਸੀ.ਐਲ. ਦੇ ਸੀਨੀਅਰ ਅਧਿਕਾਰੀਆਂ ਨੇ ਬਿਜਲੀ ਮੰਤਰੀ ਨੂੰ ਜਾਣੂ ਕਰਵਾਇਆ ਕਿ ਉਹ ਇਸ ਗਰਮੀ ਵਿੱਚ ਵੱਧ ਰਹੀ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।

ਉਨ੍ਹਾਂ ਦੱਸਿਆ ਕਿ ਸ਼ਹਿਰੀ ਕੇਂਦਰਾਂ ‘ਤੇ ਮੋਬਾਈਲ ਟਰਾਂਸਫਾਰਮਰਾਂ, ਡਿਵੀਜ਼ਨ ਪੱਧਰ ਅਤੇ ਗਰਿੱਡ ਸਬ ਸਟੇਸ਼ਨਾਂ ‘ਤੇ ਮਟੀਰੀਅਲ ਸਟੋਰਾਂ ਦਾ ਪ੍ਰਬੰਧ ਕਰਨ ਅਤੇ ਸ਼ਿਕਾਇਤਾਂ ਨਾਲ ਨਜਿੱਠਣ ਲਈ ਲੋੜੀਂਦੇ ਮਨੁੱਖੀ ਸਰੋਤ ਤਾਇਨਾਤ ਕਰਨ ਤੋਂ ਇਲਾਵਾ ਡਵੀਜ਼ਨ ਪੱਧਰ ‘ਤੇ 104 ਨੋਡਲ ਸ਼ਿਕਾਇਤ ਕੇਂਦਰ, 21 ਸਰਕਲਾਂ ਵਿੱਚ ਕੰਟਰੋਲ ਰੂਮ ਅਤੇ 5 ਜ਼ੋਨ ਸਥਾਪਤ ਕਰਨ ਦੇ ਨਾਲ-ਨਾਲ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੁੱਖ ਦਫ਼ਤਰ ਵਿਖੇ ਇੱਕ ਕੰਟਰੋਲ ਰੂਮ ਸ਼ਥਾਪਤ ਕੀਤਾ ਗਿਆ ਹੈ।

ਪੀ.ਐਸ.ਪੀ.ਸੀ.ਐਲ ਅਧਿਕਾਰੀਆਂ ਨੇ ਦੱਸਿਆ ਕਿ ਝੋਨੇ ਦੇ ਸੀਜ਼ਨ ਦੌਰਾਨ ਡਿਸਟ੍ਰੀਬਿਊਸ਼ਨ ਟਰਾਂਸਫਾਰਮਰਾਂ, ਕੇਬਲਾਂ/ਪੀਵੀਸੀ, ਕੰਡਕਟਰ, ਖੰਭਿਆਂ ਅਤੇ ਹੋਰ ਉਪਕਰਣਾਂ ਦੀ ਸਟਾਕ ਸਥਿਤੀ ਅਤੇ ਸਪਲਾਈ ਲੋੜਾਂ ਨੂੰ ਪੂਰਾ ਕਰਨ ਲਈ ਕਾਫੀ ਹੈ। ਉਨਾਂ ਕਿਹਾ ਕਿ ਇਸ ਰੋਕਥਾਮ ਅਤੇ ਰੱਖ-ਰਖਾਅ ਉਪਰਾਲਿਆਂ ਦੇ ਨਤੀਜੇ ਵਜੋਂ ਹੀ ਇਸ ਸਾਲ ਪੰਜਾਬ ਵਿੱਚ ਬਿਜਲੀ ਦੀ ਚੰਗਿਆੜੀ ਕਾਰਨ ਫਸਲਾਂ ਨੂੰ ਅੱਗ ਲੱਗਣ ਦੀ ਕੋਈ ਘਟਨਾ ਨਹੀਂ ਵਾਪਰੀ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ

Exit mobile version