ਬੇਅਦਬੀ ਕਾਂਡ: ਪੰਜਾਬ ਤੋਂ ਬਾਹਰ ਕੇਸ ਲਿਜਾਣ ਲਈ ਸੁਪਰੀਮ ਕੋਰਟ ਪੁੱਜੇ ਡੇਰਾ ਪ੍ਰੇਮੀ

Published: 

22 Jan 2023 12:58 PM

ਸਿਖਰਲੀ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਅਦਾਲਤੀ ਹਿਰਾਸਤ ਦੌਰਾਨ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ ਅਤੇ ਪ੍ਰਦੀਪ ਸਿੰਘ ਦਾ ਦੋ ਮਹੀਨੇ ਪਹਿਲਾਂ ਕੋਟਕਪੂਰਾ ਵਿੱਚ ਉਸ ਦੀ ਦੁਕਾਨ `ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਬੇਅਦਬੀ ਕਾਂਡ: ਪੰਜਾਬ ਤੋਂ ਬਾਹਰ ਕੇਸ ਲਿਜਾਣ ਲਈ ਸੁਪਰੀਮ ਕੋਰਟ ਪੁੱਜੇ ਡੇਰਾ ਪ੍ਰੇਮੀ
Follow Us On

ਫਰੀਦਕੋਟ ਦੇ ਚੀਫ ਜੁਡੀਸ਼ਲ ਮੈਜਿਸਟਰੇਟ ਦੀ ਅਦਾਲਤ ਵਿੱਚ ਬੇਅਦਬੀ ਕਾਂਡ ਨਾਲ ਜੁੜੇ ਤਿੰਨ ਫੌਜਦਾਰੀ ਕੇਸਾਂ ਨੂੰ ਪੰਜਾਬ ਤੋਂ ਬਾਹਰ ਲਿਜਾਣ ਲਈ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਅਤੇ ਪੰਜ ਹੋਰ ਡੇਰਾ ਪ੍ਰੇਮੀਆਂ ਨੇ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਇਰ ਕਰਕੇ ਕਿਹਾ ਕਿ ਪੰਜਾਬ ਵਿੱਚ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ ਅਤੇ ਪੰਜਾਬ ਦੀਆਂ ਅਦਾਲਤਾਂ ਵਿੱਚ ਡੇਰਾ ਪ੍ਰੇਮੀ ਆਜ਼ਾਦ ਤਰੀਕੇ ਨਾਲ ਆਪਣਾ ਕੇਸ ਨਹੀਂ ਲੜ ਸਕਦੇ। ਸਿਖਰਲੀ ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਬੇਅਦਬੀ ਕਾਂਡ ਵਿੱਚ ਨਾਮਜ਼ਦ ਮੁਲਜ਼ਮ ਮਹਿੰਦਰਪਾਲ ਬਿੱਟੂ ਦਾ ਅਦਾਲਤੀ ਹਿਰਾਸਤ ਦੌਰਾਨ ਜੇਲ੍ਹ ਵਿੱਚ ਕਤਲ ਹੋ ਚੁੱਕਾ ਹੈ ਅਤੇ ਪ੍ਰਦੀਪ ਸਿੰਘ ਦਾ ਦੋ ਮਹੀਨੇ ਪਹਿਲਾਂ ਕੋਟਕਪੂਰਾ ਵਿੱਚ ਉਸ ਦੀ ਦੁਕਾਨ `ਤੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਨ੍ਹਾਂ ਘਟਨਾਵਾਂ ਨੂੰ ਆਧਾਰ ਬਣਾ ਕੇ ਬਾਕੀ ਮੁਲਜ਼ਮਾਂ ਦੀ ਵੀ ਜਾਨ ਨੂੰ ਖਤਰਾ ਦੱਸਿਆ ਜਾ ਰਿਹਾ ਹੈ।
ਸੁਪਰੀਮ ਕੋਰਟ ਵਿੱਚ ਡੇਰਾ ਪ੍ਰੇਮੀਆਂ ਦੀ ਇਸ ਪਟੀਸ਼ਨ ਤੇ 30 ਜਨਵਰੀ ਨੂੰ ਸੁਣਵਾਈ ਹੋਣ ਦੀ ਸੰਭਾਵਨਾ ਹੈ।

ਅਦਾਲਤ ਵਿੱਚ ਪੇਸ਼ ਨਹੀਂ ਹੋਏ ਡੇਰਾ ਪ੍ਰੇਮੀ

ਇੱਥੇ ਚੀਫ ਜੁਡੀਸ਼ਲ ਮੈਜਿਸਟਰੇਟ ਮੋਨਿਕਾ ਲਾਂਬਾ ਦੀ ਅਦਾਲਤ ਵਿੱਚ ਬੇਅਦਬੀ ਨਾਲ ਜੁੜੇ ਤਿੰਨੇ ਕੇਸਾਂ ਦੀ ਅੱਜ ਪੇਸ਼ੀ ਸੀ, ਪਰ ਕੋਈ ਡੇਰਾ ਪ੍ਰੇਮੀ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਅਦਾਲਤ ਨੇ ਵਕੀਲਾਂ ਦੀ ਅਰਜ਼ੀ ਦੇ ਆਧਾਰ `ਤੇ ਸਾਰੇ ਮੁਲਜ਼ਮਾਂ ਦੀ ਅੱਜ ਲਈ ਹਾਜ਼ਰੀ ਮੁਆਫ਼ ਕਰ ਦਿੱਤੀ। ਡੇਰਾ ਪ੍ਰੇਮੀ ਖੁਦ ਦੀ ਸੁਰੱਖਿਆ ਨੂੰ ਖਤਰਾ ਦੱਸਦਿਆਂ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਇਸ ਦਰਮਿਆਨ ਵਿਸ਼ੇਸ਼ ਜਾਂਚ ਟੀਮ ਨੇ 600 ਪੰਨਿਆਂ ਦੇ ਦਸਤਾਵੇਜ਼ ਡੇਰਾ ਪ੍ਰੇਮੀਆਂ ਦੇ ਵਕੀਲਾਂ ਨੂੰ ਮੁਹੱਈਆ ਕਰਵਾ ਦਿੱਤੇ ਹਨ। ਡੇਰਾ ਪ੍ਰੇਮੀਆਂ ਨੇ ਬੇਅਦਬੀ ਨਾਲ ਜੁੜੇ ਕੇਸਾਂ ਦੇ ਸਾਰੇ ਦਸਤਾਵੇਜ਼ ਜਾਂਚ ਟੀਮ ਪਾਸੋਂ ਮੰਗੇ ਸਨ ਜੋ ਚਲਾਨ ਨਾਲ ਅਦਾਲਤ ਵਿੱਚ ਪੇਸ਼ ਕੀਤੇ ਗਏ ਹਨ। ਇਨ੍ਹਾਂ ਦਸਤਾਵੇਜ਼ਾਂ ਵਿੱਚ ਸੀਬੀਆਈ ਦੀਆਂ ਪੜਤਾਲ ਰਿਪੋਰਟਾਂ ਵੀ ਸ਼ਾਮਲ ਹਨ।