ਬਰਨਾਲਾ ‘ਚ ਮੀਂਹ ਕਾਰਨ ਡਿੱਗਿਆ ਘਰ: ਸੁੱਤੇ ਪਏ ਜੋੜੇ ਦੀ ਮੌਤ, 12 ਸਾਲਾ ਪੁੱਤਰ ਹਸਪਤਾਲ ਵਿੱਚ ਦਾਖਲ

Updated On: 

03 Sep 2025 23:15 PM IST

Barnala House Collapse: ਬਰਨਾਲਾ ਜ਼ਿਲ੍ਹੇ ਦੇ ਪਿੰਡ ਮੋਦ ਨਾਭਾ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਕ ਘਰ ਢਹਿ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦਾ 12 ਸਾਲਾ ਪੁੱਤਰ ਵੀ ਜਖ਼ਮੀ ਹੋ ਗਿਆ। ਜਿਸ ਦਾ ਹਸਪਤਾਲ ਵਿੱਚ ਇਲਾਜ ਚਲ ਰਿਹਾ ਹੈ।

ਬਰਨਾਲਾ ਚ ਮੀਂਹ ਕਾਰਨ ਡਿੱਗਿਆ ਘਰ: ਸੁੱਤੇ ਪਏ ਜੋੜੇ ਦੀ ਮੌਤ, 12 ਸਾਲਾ ਪੁੱਤਰ ਹਸਪਤਾਲ ਵਿੱਚ ਦਾਖਲ
Follow Us On

Barnala House Collapse: ਪੰਜਾਬ ਵਿੱਚ ਮੀਂਹ ਅਤੇ ਹੜ੍ਹਾਂ ਕਾਰਨ ਕਈ ਘਰ ਉਜੜ ਗਏ ਹਨ। ਜਿੱਥੇ ਪੂਰੇ ਪੰਜਾਬ ਵਿੱਚ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਉੱਥੇ ਹੀ ਬਰਨਾਲਾ ਜ਼ਿਲ੍ਹੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਇੱਕ ਘਰ ਢਹਿ ਗਿਆ, ਜਿਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਪਿੰਡ ਮੋਦ ਨਾਭਾ ਵਿੱਚ ਵਾਪਰੀ। ਇਸ ਹਾਦਸੇ ਵਿੱਚ ਘਰ ਵਿੱਚ ਸੁੱਤੇ ਪਏ ਪਤੀ-ਪਤਨੀ ਦੀ ਮੌਤ ਹੋ ਗਈ। ਇਹ ਘਟਨਾ ਰਾਤ 11 ਵਜੇ ਦੇ ਕਰੀਬ ਵਾਪਰੀ। ਕਰਨੈਲ ਸਿੰਘ (60), ਉਸ ਦੀ ਪਤਨੀ ਨਰਿੰਦਰ ਕੌਰ (55) ਅਤੇ ਉਨ੍ਹਾਂ ਦਾ 12 ਸਾਲਾ ਪੁੱਤਰ ਘਰ ਵਿੱਚ ਸੁੱਤੇ ਪਏ ਸਨ।

ਦੋਵਾਂ ਦੀ ਮੌਕੇ ‘ਤੇ ਹੋਈ ਮੌਤ, ਪੁੱਤਰ ਜ਼ਖਮੀ

ਅਚਾਨਕ ਛੱਤ ਡਿੱਗਣ ਕਾਰਨ ਕਰਨੈਲ ਸਿੰਘ ਅਤੇ ਨਰਿੰਦਰ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਹਾਦਸੇ ਵਿੱਚ ਉਨ੍ਹਾਂ ਦਾ ਪੁੱਤਰ ਜ਼ਖਮੀ ਹੋ ਗਿਆ। ਜਿਵੇਂ ਹੀ ਪਿੰਡ ਵਾਸੀਆਂ ਨੂੰ ਘਟਨਾ ਦੀ ਜਾਣਕਾਰੀ ਮਿਲੀ, ਉਹ ਮੌਕੇ ‘ਤੇ ਪਹੁੰਚ ਗਏ। ਉਨ੍ਹਾਂ ਨੇ ਦੋਵਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਿਆ। ਜ਼ਖਮੀ ਬੱਚੇ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਮੀਂਹ ਕਾਰਨ ਲੋਕਾਂ ਦੀਆਂ ਫਸਲਾਂ ਹੋਈਆਂ ਖਰਾਬ

ਇਸ ਤੋਂ ਇਲਾਵਾ, ਬਰਨਾਲਾ ਵਿੱਚ ਹਾਲ ਹੀ ਵਿੱਚ ਹੋਈ ਬਾਰਿਸ਼ ਕਾਰਨ ਖੇਤ ਅਜੇ ਵੀ ਮੀਂਹ ਦੇ ਪਾਣੀ ਨਾਲ ਭਰੇ ਹੋਏ ਹਨ। ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਦੱਸ ਦਈਏ ਕਿ ਬਰਨਾਲਾ ਦੇ 134 ਪਿੰਡ ਡੁੱਬ ਗਏ ਹਨ। ਬਰਨਾਲਾ ਵਿੱਚ ਹੁਣ ਤੱਕ 5 ਮੌਤਾਂ ਹੋਈਆਂ ਹਨ। ਫਿਲਹਾਲ ਮੌਸਮ ਨੇ ਸਾਥ ਦਿੱਤਾ ਹੈ ਅਤੇ ਬਾਰਿਸ਼ ਰੁਕ ਗਈ ਹੈ। ਲੋਕਾਂ ਦੀ ਤੇਜ਼ੀ ਨਾਲ ਮਦਦ ਕੀਤੀ ਜਾ ਰਹੀ ਹੈ। ਹੁਣ ਤੱਕ ਸੂਬੇ ਵਿੱਚ ਮੀਂਹ ਦੇ ਇਸ ਕਹਿਰ ਕਾਰਨ 37 ਮੌਤਾਂ ਹੋ ਚੁੱਕਿਆਂ ਹਨ। ਇਹ ਅੰਕੜਾ ਹੋਰ ਵੀ ਵੱਧ ਸਕਦਾ ਹੈ। ਇਹ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ।