Operation Blue Star: ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ‘ਤੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਸੁਰੱਖਿਆ ਸਖਤ, ਸੰਗਤ ਪਹੁੰਚਣੀ ਹੋਈ ਸ਼ੁਰੂ
ਅੱਜ ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਹੈ ਜਿਸ ਕਾਰਨ ਸ੍ਰੀ ਅਕਾਲ ਤਖਤ ਤੇ ਵੱਡੇ ਪੱਧਰ ਤੇ ਸਿੱਖ ਸੰਗਤ ਦੇ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਪੰਜਾਬ ਪੁਲਿਸ ਨੇ ਵੀ ਪੂਰੀ ਚੌਕਸੀ ਰੱਖੀ ਹੋਈ ਹੈ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸੰਗਤ ਨੂੰ ਨਾਅਰੇ ਨਹੀਂ ਲਾਉਣ ਦੀ ਅਪੀਲ ਵੀ ਕੀਤੀ ਹੈ।
Operation Blue Star: ਸਾਕਾ ਨੀਲਾ ਤਾਰਾ ਦੀ 39ਵੀਂ ਬਰਸੀ ਮੌਕੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ (Sri Akal Takht Sahib) ਵਿਖੇ ਚੱਲ ਰਹੇ ਅਖੰਡ ਪਾਠ ਦੇ ਭੋਗ ਪਾਏ ਗਏ। ਪਿਛਲੇ ਦੋ ਦਿਨਾਂ ਤੋਂ ਹਰਿਮੰਦਰ ਸਾਹਿਬ ਦੇ ਆਲੇ-ਦੁਆਲੇ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਸਵੇਰ ਤੋਂ ਹੀ ਸਿੱਖ ਸੰਗਤਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਹੈ। ਐੱਸਜੀਪੀਸੀ ਨੇ ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਪਹੁੰਚਣ ਵਾਲੀ ਸੰਗਤ ਲ਼ਈ ਪ੍ਰਬੰਧ ਕੀਤੇ ਹਨ।
ਸਾਕਾ ਨੀਲਾ ਤਾਰਾ ਦੌਰਾਨ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨੂੰ ਅਖੰਡ ਪਾਠ ਦੇ ਭੋਗ ਪਾਏ ਜਾਣ ਤੋਂ ਬਾਅਦ ਸਨਮਾਨਿਤ ਕੀਤਾ ਜਾਵੇਗਾ। ਇਸ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੌਮ ਦੇ ਨਾਮ ਸੰਦੇਸ਼ ਵੀ ਦੇਣਗੇ। ਸ੍ਰੀ ਦਰਬਾਰ ਸਾਹਿਬ (Sri Darbar Sahib) ਦੇ ਬਾਹਰ ਪੁਲਸ, ਕਮਾਂਡੋ ਅਤੇ ਅਰਧ ਸੈਨਿਕ ਬਲ ਤਾਇਨਾਤ ਹਨ। ਇਸ ਦੇ ਨਾਲ ਹੀ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਵੀ ਸਾਦੇ ਕੱਪੜਿਆਂ ਵਿੱਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਪੰਜਾਬ ਸਰਕਾਰ ਕੋਈ ਰਿਸਕ ਨਹੀਂ ਲੈਣਾ ਚਾਹੁੰਦੀ ਜਿਸ ਕਾਰਨ ਸੁਰੱਖਿਆ ਸਖਤ ਕੀਤੀ ਗਈ ਹੈ।
ਜਥੇਦਾਰ ਨੇ ਕੀਤੀ ਨਾਅਰੇ ਨਹੀਂ ਲਾਉਣ ਦੀ ਅਪੀਲ
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Jathedar Giani Harpreet Singh) ਨੇ ਪਹਿਲਾਂ ਹੀ 18 ਜੁਲਾਈ 2006 ਦੀ ਰਾਏ ਦੀ ਕਾਪੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜ ਦਿੱਤੀ ਹੈ। ਜਿਸ ਵਿੱਚ 5 ਸਾਹਿਬਾਨ ਵੱਲੋਂ ਲਏ ਗਏ ਫੈਸਲੇ ਦਾ ਵੇਰਵਾ ਹੈ ਕਿ ਕੋਈ ਵੀ ਸ੍ਰੀ ਹਰਿਮੰਦਰ ਸਾਹਿਬ ਦੀ ਹਦੂਦ ਅੰਦਰ ਜ਼ਿੰਦਾਬਾਦ ਜਾਂ ਮੁਰਦਾਬਾਦ ਦੇ ਨਾਅਰੇ ਨਹੀਂ ਲਗਾਏਗਾ। ਹੁਣ ਦੇਖਣਾ ਇਹ ਹੋਵੇਗਾ ਕਿ ਹਰ ਸਾਲ ਸ਼੍ਰੋਮਣੀ ਕਮੇਟੀ ਅਤੇ ਜਥੇਦਾਰ ਖਿਲਾਫ ਰੋਸ ਪ੍ਰਦਰਸ਼ਨ ਕਰਦੇ ਹੋਏ ਖਾਲਿਸਤਾਨ ਦੇ ਨਾਅਰੇ ਲਾਉਣ ਵਾਲੇ ਖਾਲਿਸਤਾਨੀ ਸਮਰਥਕ ਇਸ ਸਾਲ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨਗੇ ਜਾਂ ਨਹੀਂ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ