ਡਰੱਗਜ਼ ਨੈੱਟਵਰਕ ਖਿਲਾਫ਼ ਐਕਸ਼ਨ, 17.60 ਲੱਖ ਰੁਪਏ ਅਤੇ 4 ਹਜ਼ਾਰ ਡਾਲਰ ਜ਼ਬਤ, 2 ਗ੍ਰਿਫ਼ਤਾਰ

Updated On: 

16 Mar 2025 11:42 AM

Punjab Police Busts Drug Network: ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਵਿੱਚ ਇੱਕ ਵੱਡੇ ਡਰੱਗ ਨੈੱਟਵਰਕ 'ਤੇ ਛਾਪਾ ਮਾਰ ਕੇ ਦੋ ਹਵਾਲਾ ਆਪ੍ਰੇਟਰਾਂ, ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ 17.60 ਲੱਖ ਰੁਪਏ, 4000 ਡਾਲਰ, ਅਤੇ 561 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਡਰੱਗਜ਼ ਨੈੱਟਵਰਕ ਖਿਲਾਫ਼ ਐਕਸ਼ਨ, 17.60 ਲੱਖ ਰੁਪਏ ਅਤੇ 4 ਹਜ਼ਾਰ ਡਾਲਰ ਜ਼ਬਤ, 2 ਗ੍ਰਿਫ਼ਤਾਰ
Follow Us On

ਨਸ਼ਿਆਂ ਦੇ ਕਾਰੋਬਾਰ ਵਿਰੁੱਧ ਇੱਕ ਵੱਡੀ ਕਾਰਵਾਈ ਕਰਦਿਆਂ, ਪੰਜਾਬ ਪੁਲਿਸ ਨੇ ਅੰਮ੍ਰਿਤਸਰ ਦਿਹਾਤੀ ਖੇਤਰ ਵਿੱਚ ਦੋ ਹਵਾਲਾ ਆਪਰੇਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਵਜੋਂ ਹੋਈ ਹੈ। ਇਹ ਦੋਵੇਂ ਮੁਲਜ਼ਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਨਾਲ ਸਬੰਧਤ ਗੈਰ-ਕਾਨੂੰਨੀ ਵਿੱਤੀ ਲੈਣ-ਦੇਣ ਵਿੱਚ ਸ਼ਾਮਲ ਸਨ।

ਇਹ ਗ੍ਰਿਫ਼ਤਾਰੀ ਘਰਿੰਡਾ ਪੁਲਿਸ ਸਟੇਸ਼ਨ ਵੱਲੋਂ 561 ਗ੍ਰਾਮ ਹੈਰੋਇਨ ਜ਼ਬਤ ਕੀਤੇ ਜਾਣ ਦੀ ਜਾਂਚ ਦੌਰਾਨ ਹੋਈ, ਜਿਸ ਤੋਂ ਮੁਲਜ਼ਮਾਂ ਦੇ ਹਵਾਲਾ ਨੈੱਟਵਰਕ ਨਾਲ ਸਬੰਧਾਂ ਦਾ ਖੁਲਾਸਾ ਹੋਇਆ।

ਡੀਜੀਪੀ ਗੌਰਵ ਯਾਦਵ ਵੱਲੋਂ ਜਾਰੀ ਕੀਤੀ ਗਈ ਜਾਣਕਾਰੀ ਅਨੁਸਾਰ, ਪੁਲਿਸ ਨੂੰ ਪਹਿਲਾਂ ਤੋਂ ਜਾਣਕਾਰੀ ਸੀ ਕਿ ਅੰਮ੍ਰਿਤਸਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਲਈ ਹਵਾਲਾ ਰਾਹੀਂ ਪੈਸੇ ਦਾ ਲੈਣ-ਦੇਣ ਕੀਤਾ ਜਾ ਰਿਹਾ ਹੈ।

ਜਦੋਂ ਪੁਲਿਸ ਨੇ 561 ਗ੍ਰਾਮ ਹੈਰੋਇਨ ਜ਼ਬਤ ਕੀਤੀ, ਤਾਂ ਜਾਂਚ ਤੋਂ ਪਤਾ ਲੱਗਾ ਕਿ ਸੁਖਜੀਤ ਸਿੰਘ ਅਤੇ ਰਣਬੀਰ ਸਿੰਘ ਨਾ ਸਿਰਫ਼ ਨਸ਼ਾ ਤਸਕਰਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰ ਰਹੇ ਸਨ, ਸਗੋਂ ਹਵਾਲਾ ਰਾਹੀਂ ਇਨ੍ਹਾਂ ਲੈਣ-ਦੇਣ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕਰ ਰਹੇ ਸਨ।

ਨਗਦੀ ਹੋਈ ਬਰਾਮਦ

ਦੋਵਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ, ਪੁਲਿਸ ਨੇ ਉਨ੍ਹਾਂ ਦੇ ਟਿਕਾਣਿਆਂ ‘ਤੇ ਛਾਪਾ ਮਾਰਿਆ ਜਿੱਥੋਂ ਵੱਡੀ ਮਾਤਰਾ ਵਿੱਚ ਨਕਦੀ ਅਤੇ ਹੋਰ ਮਹੱਤਵਪੂਰਨ ਸਬੂਤ ਬਰਾਮਦ ਕੀਤੇ ਗਏ। ਜਿਸ ਵਿੱਚ ਪੁਲਿਸ ਨੇ 17,60,000 ਰੁਪਏ, 4,000 ਅਮਰੀਕੀ ਡਾਲਰ ਅਤੇ ਇੱਕ ਲੈਪਟਾਪ ਜ਼ਬਤ ਕੀਤਾ ਹੈ ਜਿਸ ਵਿੱਚ ਲੈਣ-ਦੇਣ ਸੰਬੰਧੀ ਮਹੱਤਵਪੂਰਨ ਜਾਣਕਾਰੀ ਹੈ।

ਪੰਜਾਬ ਪੁਲਿਸ ਨਸ਼ਾ ਤਸਕਰਾਂ, ਉਨ੍ਹਾਂ ਦੇ ਵਿੱਤੀ ਸਮਰਥਕਾਂ ਅਤੇ ਸਹਿਯੋਗੀਆਂ ਵਿਰੁੱਧ ਲਗਾਤਾਰ ਸਖ਼ਤ ਕਾਰਵਾਈ ਕਰ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਬੇ ਵਿੱਚ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਹਵਾਲਾ ਵਿੱਤ ਨੂੰ ਜੜ੍ਹੋਂ ਪੁੱਟਣਾ ਬਹੁਤ ਜ਼ਰੂਰੀ ਹੈ। ਪੁਲਿਸ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਸ ਗੈਰ-ਕਾਨੂੰਨੀ ਕਾਰੋਬਾਰ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਗੰਭੀਰ ਨਤੀਜੇ ਭੁਗਤਣੇ ਪੈਣਗੇ।