ਅੰਮ੍ਰਿਤਸਰ ‘ਚ ਪਿਓ ਦੀ ਪਿੱਠ ‘ਚ ਧੀ ਨੇ ਮਾਰੀ ਗੋਲੀ, ਅਰਦਾਸ ਕਰਦੇ ਵਕਤ ਲਾਇਸੈਂਸੀ ਪਿਸਤੌਲ ਨਾਲ ਕੀਤੀ ਫਾਈਰਿੰਗ
ਅੰਮ੍ਰਿਤਸਰ ਦੇ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਖੇਤਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਧੀ ਨੇ ਘਰ ਦੇ ਅੰਦਰ ਹੀ ਆਪਣੇ ਪਿਤਾ 'ਤੇ ਲਾਇਸੈਂਸੀ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ।
AI Genrated Image
ਅੰਮ੍ਰਿਤਸਰ ਦੇ ਅਧੀਨ ਆਉਂਦੇ ਬਾਬਾ ਬਕਾਲਾ ਸਾਹਿਬ ਦੇ ਥਾਣਾ ਖਲਚੀਆਂ ਖੇਤਰ ਤੋਂ ਇੱਕ ਬੇਹੱਦ ਹੈਰਾਨ ਕਰਨ ਵਾਲੀ ਅਤੇ ਦਿਲ ਕੰਬਾਊ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਧੀ ਨੇ ਘਰ ਦੇ ਅੰਦਰ ਹੀ ਆਪਣੇ ਪਿਤਾ ‘ਤੇ ਲਾਇਸੈਂਸੀ ਪਿਸਤੌਲ ਨਾਲ ਫਾਇਰਿੰਗ ਕਰ ਦਿੱਤੀ। ਗੋਲੀ ਲੱਗਣ ਕਾਰਨ ਪਿਤਾ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਫਿਲਹਾਲ ਹਸਪਤਾਲ ਵਿੱਚ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਅਤੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਘਰ ‘ਚ ਅਰਦਾਸ ਕਰਦੇ ਸਮੇਂ ਚਲਾਈ ਗੋਲੀ
ਇਹ ਖ਼ੌਫਨਾਕ ਘਟਨਾ 14 ਮਈ ਨੂੰ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਜ਼ਖਮੀ ਹੋਏ ਪਿਤਾ ਹਰਮਿੰਦਰ ਸਿੰਘ ਘਰ ਦੇ ਅੰਦਰ ਬੈਠ ਕੇ ਅਰਦਾਸ ਕਰ ਰਹੇ ਸਨ। ਉਸੇ ਸਮੇਂ ਉੱਥੇ ਹੀ ਉਨ੍ਹਾਂ ਦੀ ਲਾਇਸੈਂਸੀ ਪਿਸਤੌਲ ਰੱਖੀ ਹੋਈ ਸੀ। ਇਸੇ ਦੌਰਾਨ ਉਨ੍ਹਾਂ ਦੀ ਪੁੱਤਰੀ ਸਨੇਹਦੀਪ ਨੇ ਅਚਾਨਕ ਗੁੱਸੇ ਵਿੱਚ ਆ ਕੇ ਉਹ ਹਥਿਆਰ ਚੁੱਕ ਲਿਆ ਅਤੇ ਆਪਣੇ ਪਿਤਾ ‘ਤੇ ਗੋਲੀ ਚਲਾ ਦਿੱਤੀ। ਗੋਲੀ ਹਰਮਿੰਦਰ ਸਿੰਘ ਦੀ ਪਿੱਠ ਦੇ ਖੱਬੇ ਪਾਸੇ ਜਾ ਲੱਗੀ। ਗੋਲੀ ਚੱਲਣ ਦੀ ਆਵਾਜ਼ ਸੁਣਦਿਆਂ ਹੀ ਘਰ ਦੇ ਅੰਦਰ ਚੀਕ-ਚਿਹਾਰਾ ਮਚ ਗਿਆ ਅਤੇ ਪਰਿਵਾਰਕ ਮੈਂਬਰਾਂ ਵਿੱਚ ਅਫਰਾ-ਤਫਰੀ ਫੈਲ ਗਈ, ਜਿਨ੍ਹਾਂ ਨੇ ਬਿਨਾਂ ਸਮਾਂ ਗੁਆਏ ਜ਼ਖਮੀ ਹਰਮਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਪਹੁੰਚਾਇਆ।
ਪੁਲਿਸ ਦਾ ਕੀ ਹੈ ਦਾਅਵਾ?
ਇਸ ਸਾਰੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ (DSP) ਬਾਬਾ ਬਕਾਲਾ ਸੁਖਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮ ਲੜਕੀ ਸਨੇਹਦੀਪ ਨੇ ਪਿਛਲੇ ਸਾਲ ਹੀ 12ਵੀਂ ਜਮਾਤ ਪਾਸ ਕੀਤੀ ਸੀ ਅਤੇ ਉਹ ਅੱਗੇ ਪੜ੍ਹਾਈ ਜਾਂ ਰੋਜ਼ਗਾਰ ਲਈ ਆਸਟ੍ਰੇਲੀਆ ਜਾਣਾ ਚਾਹੁੰਦੀ ਸੀ। ਪੁਲਿਸ ਮੁਤਾਬਕ, ਲੜਕੀ ਦੇ ਪਿਤਾ ਅਤੇ ਪਰਿਵਾਰ ਦੇ ਹੋਰ ਮੈਂਬਰ ਉਸ ਨੂੰ ਵਿਦੇਸ਼ ਭੇਜਣ ਦੇ ਖ਼ਿਲਾਫ਼ ਸਨ ਅਤੇ ਉਸ ਨੂੰ ਰੋਕਦੇ ਸਨ।
ਪੁਲਿਸ ਦਾ ਕਹਿਣਾ ਹੈ ਕਿ ਇਸੇ ਗੱਲ ਨੂੰ ਲੈ ਕੇ ਘਰ ਵਿੱਚ ਅਕਸਰ ਝਗੜਾ ਰਹਿੰਦਾ ਸੀ ਅਤੇ ਪਰਿਵਾਰ ਵੱਲੋਂ ਲੜਕੀ ਨਾਲ ਕਈ ਵਾਰ ਕੁੱਟਮਾਰ ਵੀ ਕੀਤੀ ਗਈ ਸੀ। ਇੱਥੋਂ ਤੱਕ ਕਿ ਉਸ ਨੂੰ ਘਰ ਦੇ ਅੰਦਰ ਬੰਧਕ ਬਣਾ ਕੇ ਰੱਖਿਆ ਗਿਆ ਸੀ। ਪੁਲਿਸ ਅਨੁਸਾਰ ਇਸੇ ਗੱਲ ਦੇ ਗੁੱਸੇ ਅਤੇ ਖ਼ੁਦਕੁਸ਼ੀ ਵਰਗੀ ਮਾਨਸਿਕਤਾ ਵਿੱਚ ਆ ਕੇ ਧੀ ਨੇ ਆਪਣੇ ਪਿਤਾ ਦੀ ਪਿੱਠ ‘ਤੇ ਗੋਲੀ ਚਲਾ ਦਿੱਤੀ।
ਪਰਿਵਾਰ ਨੇ ਪੁਲਿਸ ਦੇ ਦਾਅਵਿਆਂ ਨੂੰ ਨਕਾਰਿਆ
ਦੂਜੇ ਪਾਸੇ, ਪਰਿਵਾਰਕ ਮੈਂਬਰਾਂ ਨੇ ਪੁਲਿਸ ਵੱਲੋਂ ਲਗਾਏ ਗਏ ਆਸਟ੍ਰੇਲੀਆ ਜਾਣ ਦੇ ਵਿਵਾਦ ਅਤੇ ਕੁੱਟਮਾਰ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਗਲਤ ਅਤੇ ਬੇਬੁਨਿਆਦ ਕਰਾਰ ਦਿੱਤਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਇਸ ਘਟਨਾ ਪਿੱਛੇ ਆਸਟ੍ਰੇਲੀਆ ਜਾਣ ਨੂੰ ਲੈ ਕੇ ਕੋਈ ਵੀ ਵਿਵਾਦ ਜਾਂ ਅਜਿਹੀ ਕੋਈ ਗੱਲ ਨਹੀਂ ਸੀ। ਉਨ੍ਹਾਂ ਮੁਤਾਬਕ ਲੜਕੀ ਪਿਛਲੇ ਕੁਝ ਸਮੇਂ ਤੋਂ ਗੰਭੀਰ ਮਾਨਸਿਕ ਤਣਾਅ (ਡਿਪ੍ਰੈਸ਼ਨ) ਅਤੇ ਪ੍ਰੇਸ਼ਾਨੀ ਵਿੱਚੋਂ ਗੁਜ਼ਰ ਰਹੀ ਸੀ, ਜਿਸ ਕਾਰਨ ਉਸ ਕੋਲੋਂ ਅਚਾਨਕ ਇਹ ਕਦਮ ਚੁੱਕਿਆ ਗਿਆ।
ਇਹ ਵੀ ਪੜ੍ਹੋ
ਪਰਿਵਾਰ ਨੇ ਕੀਤੀ FIR ਰੱਦ ਕਰਨ ਦੀ ਮੰਗ
ਘਟਨਾ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਅਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਲੜਕੀ ਦੇ ਖ਼ਿਲਾਫ਼ ਦਰਜ ਕੀਤੀ ਗਈ ਐਫਆਈਆਰ ਨੂੰ ਤੁਰੰਤ ਰੱਦ ਕੀਤਾ ਜਾਵੇ। ਉਨ੍ਹਾਂ ਦਾ ਕਹਿਣਾ ਹੈ ਕਿ ਲੜਕੀ ਦੀ ਮਾਨਸਿਕ ਸਥਿਤੀ ਠੀਕ ਨਹੀਂ ਹੈ, ਇਸ ਲਈ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਵਿਰੁੱਧ ਕਾਰਵਾਈ ਬੰਦ ਕਰਕੇ ਉਸ ਨੂੰ ਰਿਹਾਅ ਕੀਤਾ ਜਾਣਾ ਚਾਹੀਦਾ ਹੈ। ਪੁਲਿਸ ਵੱਲੋਂ ਫਿਲਹਾਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।
