ਅਕਾਲੀ ਦਲ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਗ੍ਰਿਫ਼ਤਾਰ, ਪਾਰਟੀ ਆਗੂਆਂ ਨੇ ਘੇਰਿਆ ਦਫ਼ਤਰ

Updated On: 

26 Oct 2023 18:30 PM

Akali Leader Romana Arrestted: 48 ਸਾਲਾ ਪਰਮਬੰਸ ਸਿੰਘ ਬੰਟੀ ਰੋਮਾਣਾ ਅਕਾਲੀ ਦਲ ਦੇ ਸੀਨੀਅਰ ਆਗੂ ਹਨ। ਸਾਲ 2022 ਵਿਚ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੀ ਉਹ ਅਕਾਲੀ ਦਲ ਦੀ ਟਿਕਟ 'ਤੇ ਫਰੀਦਕੋਟ ਸੀਟ ਤੋਂ ਚੋਣ ਲੜੇ ਸਨ ਪਰ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਗੁਰਦਿੱਤ ਸਿੰਘ ਸੇਖੋਂ ਤੋਂ ਹਾਰ ਗਏ ਸਨ। ਰੋਮਾਣਾ ਨੂੰ ਕਿਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਤੇ ਕੀ-ਕੀ ਆਰੋਪ ਲੱਗੇ ਹਨ, ਦੱਸ ਰਹੀ ਹੈ ਸਾਡੀ ਇਹ ਖ਼ਾਸ ਰਿਪੋਰਟ....

ਅਕਾਲੀ ਦਲ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਗ੍ਰਿਫ਼ਤਾਰ, ਪਾਰਟੀ ਆਗੂਆਂ ਨੇ ਘੇਰਿਆ ਦਫ਼ਤਰ
Follow Us On

ਚੰਡੀਗੜ੍ਹ ਪੁਲਿਸ ਨੇ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਦੇ ਸੀਨੀਅਰ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਨੇ ਉਨ੍ਹਾਂ ਨੂੰ ਚੰਡੀਗੜ੍ਹ ਦੇ ਸੈਕਟਰ-3 ਥਾਣੇ ਵਿੱਚ ਰੱਖਿਆ ਹੋਇਆ ਹੈ। ਜਾਣਕਾਰੀ ਅਨੁਸਾਰ ਬੰਟੀ ਰੋਮਾਣਾ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਖ਼ਿਲਾਫ਼ ਇੱਕ ਮਨਘੜਤ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਮਹਿੰਗਾ ਪਿਆ ਹੈ।

ਬੰਟੀ ਰੋਮਾਣਾ ਵੱਲੋਂ ਸ਼ੇਅਰ ਕੀਤੀ ਵੀਡੀਓ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਸੀ। ਬੰਟੀ ਰੋਮਾਣਾ ਵੱਲੋਂ ਪੋਸਟ ਕੀਤੀ ਗਈ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਕੰਵਰ ਗਰੇਵਾਲ ਨੇ ਸਪੱਸ਼ਟੀਕਰਨ ਦਿੱਤਾ ਸੀ ਕਿ ਉਨ੍ਹਾਂ ਅਜਿਹਾ ਕੋਈ ਗੀਤ ਨਹੀਂ ਗਾਇਆ ਹੈ। ਉਨ੍ਹਾਂ ਦੇ ਗੀਤ ਨਾਲ ਛੇੜਛਾੜ ਕੀਤੀ ਗਈ ਹੈ।

ਗ੍ਰਿਫ਼ਤਾਰੀ ਦੇ ਵਿਰੋਧ ਚ ਨਿੱਤਰਿਆ ਅਕਾਲੀ ਦਲ

ਰੋਮਾਣਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਕਾਲੀ ਦਲ ਹਰਕਤ ਵਿੱਚ ਆ ਗਿਆ ਹੈ। ਬੰਟੀ ਰੋਮਾਣਾ ਦੀ ਗ੍ਰਿਫ਼ਤਾਰੀ ਦੀ ਖ਼ਬਰ ਮਿਲਦਿਆਂ ਹੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕਈ ਆਗੂਆਂ ਸਮੇਤ ਮੁਹਾਲੀ ਦੇ ਐਸਐਸਪੀ ਦਫ਼ਤਰ ਪੁੱਜੇ ਅਤੇ ਪੁਲਿਸ ਦੀ ਕਾਰਵਾਈ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਸੁਖਬੀਰ ਬਾਦਲ ਨੇ ਮੁਹਾਲੀ ਦੇ ਐਸਪੀ ਸਿਟੀ ਅਕਾਸ਼ਦੀਪ ਸਿੰਘ ਔਲਖ ਅਤੇ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਦੇ ਸਾਹਮਣੇ ਪੁਲਿਸ ਦੇ ਰਵੱਈਏ ‘ਤੇ ਇਤਰਾਜ਼ ਜਤਾਇਆ। ਦੂਜੇ ਪਾਸੇ, ਅਕਾਲੀ ਆਗੂਆਂ ਨੇ ਵੀ ਦਫ਼ਤਰ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਹੈ।

ਸੁਖਬੀਰ ਬਾਦਲ ਨੇ ਟਵੀਟ ਕਰ ਜਤਾਇਆ ਵਿਰੋਧ

ਇਸ ਪੂਰੇ ਮਾਮਲੇ ‘ਤੇ ਸੁਖਬੀਰ ਬਾਦਲ ਨੇ ਟਵੀਟ ਕਰਕੇ ਕਿਹਾ- ਉਹ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਨਘੜਤ ਦੋਸ਼ਾਂ ਤਹਿਤ ਅਕਾਲੀ ਦਲ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਬੰਟੀ ਰੋਮਾਣਾ ਦੀ ਗ੍ਰਿਫਤਾਰੀ ਦੀ ਨਿੰਦਾ ਕਰਦੇ ਹਨ। ਮੁੱਖ ਮੰਤਰੀ ਦੀ ਇਹ ਕਾਰਵਾਈ ਉਨ੍ਹਾਂ ਦੀ ਅਕਾਲੀ ਦਲ ਪ੍ਰਤੀ ਸਿਆਸੀ ਬਦਲਾਖੋਰੀ ਨੂੰ ਦਰਸਾਉਂਦੀ ਹੈ। ਆਮ ਆਦਮੀ ਪਾਰਟੀ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾ ਕੇ ਪੰਜਾਬੀਆਂ ਦਾ ਧਿਆਨ ਅਸਲ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੀ ਹੈ। ਭਗਵੰਤ ਮਾਨ ਅਜਿਹਾ ਕਰਕੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣਾ ਚਾਹੁੰਦੇ ਹਨ ਪਰ ਅਕਾਲੀ ਦਲ ਅਜਿਹੀਆਂ ਕਾਰਵਾਈਆਂ ਤੋਂ ਡਰਨ ਵਾਲਾ ਨਹੀਂ ਹੈ।

ਬੰਟੀ ਰੋਮਾਣਾ ਨੇ 25 ਅਕਤੂਬਰ ਨੂੰ ਸ਼ਾਮ 4.29 ਵਜੇ ਇੱਕ ਮਿੰਟ 27 ਸੈਕਿੰਡ ਦਾ ਇਹ ਵੀਡੀਓ ਟਵੀਟ ਕੀਤਾ। ਇਸ ਨੂੰ 24 ਘੰਟਿਆਂ ‘ਚ 19 ਹਜ਼ਾਰ ਲੋਕਾਂ ਨੇ ਦੇਖਿਆ ਅਤੇ 263 ਲੋਕਾਂ ਨੇ ਪਸੰਦ ਕੀਤਾ। ਬੰਟੀ ਰੋਮਾਣਾ ਦੁਆਰਾ ਸ਼ੇਅਰ ਕੀਤੀ ਗਈ ਵੀਡੀਓ ਵਿੱਚ ਮਸ਼ਹੂਰ ਪੰਜਾਬੀ ਗਾਇਕ ਕੰਵਰ ਗਰੇਵਾਲ ਦੀ ਆਵਾਜ਼ ਸੀ ਅਤੇ ਗੀਤ ਦੇ ਬੋਲ ਸਨ- ‘ਤੇਰੀ ਕੇਜਰੀਵਾਲ ਨਾਲ ਯਾਰੀ ਓਏ… ਤਾਈਓ ਮੱਤ ਗਈ ਹੈ ਮਾਰੀ ਓਏ।’

ਇਸ ਦੌਰਾਨ ਮੁਹਾਲੀ ਦੇ ਐਸਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾੜ ਨੇ ਸੁਖਬੀਰ ਬਾਦਲ ਨੂੰ ਮੁਹਾਲੀ ਦੇ ਐਸਐਸਪੀ ਡਾਕਟਰ ਸੰਦੀਪ ਗਰਗ ਨਾਲ ਉਨ੍ਹਾਂ ਦੇ ਮੋਬਾਈਲ ਫੋਨ ਰਾਹੀਂ ਗੱਲ ਕੀਤੀ। ਸੁਖਬੀਰ ਨੇ ਬਿਨਾਂ ਜਾਂਚ ਦੇ ਰੋਮਾਣਾ ਨੂੰ ਗ੍ਰਿਫਤਾਰ ਕਰਨ ‘ਤੇ ਐਸਐਸਪੀ ਗਰਗ ‘ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ।

Exit mobile version