Golden Temple: ‘ਆਪ’ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਦਰਬਾਰ ਸਾਹਿਬ ਵਿਖੇ ਹੋਏ ਨਤਮਸਤਕ, ਕਈ ਸੀਨੀਅਰ ਆਗੂ ਵੀ ਰਹੇ ਮੌਜੂਦ
ਜਲੰਧਰ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ AAP ਸਾਂਸਦ ਸੁਸ਼ੀਲ ਕੁਮਾਰ ਰਿੰਕੂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ।
ਅੰਮ੍ਰਿਤਸਰ ਨਿਊਜ਼: ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ (Sushil Kumar Rinku) ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਸਾਂਸਦ ਸੁਸ਼ੀਲ ਰਿੰਕੂ ਚੋਣ ਜਿੱਤਣ ਤੋਂ ਬਾਅਦ ਪਹਿਲੀ ਵਾਰ ਦਰਬਾਰ ਸਾਹਿਬ ਪਹੁੰਚੇ। ਇਸ ਮੌਕੇ ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਾਰਟੀ ਵਰਕਰ ਵੀ ਮੌਜੂਦ ਸੀ। ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਗੁਰੁ ਘਰ ਮੱਥਾ ਟੇਕਿਆ ਤੇ ਵਾਹਿਗੁਰੂ ਦਾ ਅਸ਼ੀਰਵਾਦ ਲਿਆ।
ਦਰਬਾਰ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਸੁਸ਼ੀਲ ਕੁਮਾਰ ਰਿੰਕੂ ਦੁਰਗਿਆਣਾ ਮੰਦਿਰ ਤੇ ਸ੍ਰੀ ਰਾਮ ਤੀਰਥ ਅਸਥਾਨ ਤੇ ਮੱਥਾ ਟੇਕਣ ਲਈ ਜਾਣਗੇ।
ਸੁਸ਼ੀਲ ਕੁਮਾਰ ਰਿੰਕੂ ਸ੍ਰੀ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਪੁੱਜੇ। ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕਰਦੀਆਂ ਉਨ੍ਹਾਂ ਵੱਲੋਂ ਗੁਰਬਾਣੀ ਤੇ ਕੀਰਤਨ ਸੁਣਿਆ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ (Kuldeep Singh Dhaliwal) ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਵਰਕਰ ਵੀ ਮੌਜੂਦ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਾਂਸਦ ਸ਼ੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਅੱਜ ਮੈਂ ਗੁਰੂ ਘਰ ਵਿੱਚ ਪਰਮਾਤਮਾ ਦਾ ਆਸ਼ੀਰਵਾਦ ਲੈਣ ਲਈ ਪੁੱਜਾ ਹਾਂ। ਉਨ੍ਹਾਂ ਨੇ ਕਿਹਾ ਕਿ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਜਲੰਧਰ ਲੋਕਸਭਾ ਸੀਟ ਆਮ ਆਦਮੀ ਪਾਰਟੀ (Aam Adami Party) ਨੇ ਬੜੀ ਵੱਡੀ ਲੀਡ ਦੇ ਨਾਲ ਜਿੱਤੀ ਹੈ। ਉਨ੍ਹਾਂ ਕਿਹਾ ਕਿ ਵਾਹਿਗੁਰੂ ਜੀ ਦੀ ਮੇਹਰ ਸਦਕਾ ਆਪਣੇ ਸਾਥੀਆਂ ਦੇ ਨਾਲ ਅੱਜ ਅਸ਼ੀਰਵਾਦ ਲੈਣ ਲਈ ਪੁੱਜਾ ਹਾਂ।
ਸ਼ੁਸ਼ੀਲ ਕੁਮਾਰ ਨੇ ਕਿਹਾ ਕਿ ਸੱਚੇ ਮਨ ਦੇ ਨਾਲ ਸੰਗਤਾਂ ਗੁਰੂ ਮਹਾਰਾਜ ਨੂੰ ਅਸ਼ੀਸ਼ ਨਿਵਾਉਂਦੀਆ ਹਨ। ਉਨ੍ਹਾਂ ਨੂੰ ਕਿਸੇ ਚੀਜ ਦੀ ਘਾਟ ਨਹੀਂ ਰਹਿੰਦੀ। ਇਹ ਸਾਰੀ ਬਖਸ਼ਿਸ਼ ਗੁਰੂ ਸਾਹਿਬਾਂ ਦੀ ਸਿਮਰਤੀ ਮਿਹਨਤ ਨਾਲ ਮੇਰੇ ਪਰਿਵਾਰ ਵਿੱਚ ਖ਼ੁਸ਼ੀਆਂ ਹਨ। ਵਾਹਿਗੁਰੂ ਨੇ ਮੇਰੇ ਸਿਰ ‘ਤੇ ਮੇਹਰ ਭਰਿਆ ਹੱਥ ਰੱਖਿਆ ਹੈ ਜਿਹੜੇ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਸਨ ਮੈਂ ਉਨ੍ਹਾਂ ਦੀ ਆਸਾਂ ‘ਤੇ ਖਰਾ ਉਤਰਾਂਗਾ।