28 Mar 2023 19:19 PM
ਪੰਜਾਬ ਭਰ ਵਿੱਚ ਬੇਮੌਸਮੀ ਬਰਸਾਤ ਕਾਰਨ ਕਿਸਾਨਾਂ ਦੀ ਪੱਕਣ 'ਤੇ ਆਈ ਕਣਕ ਅਤੇ ਸਰੋਂ ਦੀ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ। ਕਣਕ ਦੀ ਪੱਕੀ ਹੋਈ ਫਸਲ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਹੈ। ਆਪਣੀ ਮੇਹਨਤ ਤੇ ਪਾਣੀ ਫਿਰਦੇ ਵੇਖ ਕਿਸਾਨਾਂ ਨੂੁੰ ਸਮਝ ਨਹੀਂ ਆ ਰਿਹਾ ਕਿ ਉਹ ਅੱਗੇ ਕੀ ਕਰਨਗੇ।
ਫਾਜਿਲਕਾ ਚ ਆਏ ਦੇ ਪਿੰਡ ਬਕੈਣ ਵਾਲਾ ਵਿਚ ਆਏ ਵਾਅ ਵਰੋਲੇ (Cyclone) ਤੋਂ ਬਾਅਦ ਇੱਥੋਂ ਦੇ ਲੋਕਾਂ ਦੀਆਂ ਫਸਲਾਂ ਦੇ ਨਾਲ-ਨਾਲ ਉਨ੍ਹਾਂ ਦੇ ਘਰ ਵੀ ਢਹਿ ਗਏ ਹਨ। ਲੋਕ ਖੁੱਲੇ ਅਸਮਾਨ ਹੇਠ ਰਾਤਾਂ ਬਿਤਾ ਰਹੇ ਹਨ।
ਆਪਣੇ ਬੱਚਿਆਂ ਨੂੰ ਬੇਘਰ ਹੋਏ ਵੇਖ ਪਰਿਵਾਰ ਵਾਲਿਆਂ ਦੇ ਹੰਝੂ ਨਹੀਂ ਰੁੱਕ ਰਹੇ ਹਨ। ਆਪਣੇ ਘਰ ਨੂੰ ਬਰਬਾਦ ਹੋਏ ਵੇਖ ਉਨ੍ਹਾਂ ਨੂੰ ਸਮਝ ਨਹੀਂ ਆ ਰਿਹਾ ਹੈ ਕਿ ਆਉਣ ਵਾਲੀ ਜਿੰਦਗੀ ਕਿਵੇਂ ਗੁਜਰੇਗੀ। ਲੋਕਾਂ ਦੀਆਂ ਅੱਖਾਂ ਚੋਂ ਹੰਝੂ ਨਹੀਂ ਰੁੱਕ ਰਹੇ ਹਨ। ਉਹ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾ ਰਹੇ ਹਨ।
ਵਾਅ-ਵਰੋਲੇ ਨਾਲ ਹੋਏ ਨੁਕਸਾਨ ਦਾ ਜਾਇਜਾ ਲੈਣ ਲਈ ਪ੍ਰਸ਼ਾਸਨਿਕ ਟੀਮਾਂ ਪਿੰਡ ਦਾ ਦੌਰਾ ਕਰ ਰਹੀਆਂ ਹਨ। ਨੁਕਸਾਨ ਦਾ ਜਾਇਜਾ ਲੈਣ ਤੋਂ ਬਾਅਦ ਹੀ ਬੇਘਰ ਹੋਏ ਲੋਕਾਂ ਲਈ ਮੁਆਵਜੇ ਦਾ ਐਲਾਨ ਕੀਤਾ ਜਾਵੇਗਾ।
ਬੀਤੇ ਦਿਨੀਂ ਮੋਗਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ ਅਤੇ ਪਟਿਆਲਾ ਦੇ ਪਿੰਡਾਂ ਦਾ ਤੂਫ਼ਾਨੀ ਦੌਰਾ ਕਰ ਮੁੱਖ ਮੰਤਰੀ ਨੇ ਕਿਹਾ ਸੀ ਕਿ ਜੇਕਰ ਫ਼ਸਲ ਦਾ ਨੁਕਸਾਨ 75 ਫੀਸਦੀ ਤੋਂ ਵੱਧ ਹੁੰਦਾ ਹੈ ਤਾਂ ਸੂਬਾ ਸਰਕਾਰ ਕਿਸਾਨਾਂ ਨੂੰ 15,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦੇਵੇਗੀ।