ਕੈਨੇਡਾ 'ਚ ਪੰਜਾਬੀ ਨੌਜਵਾਨ ਦੀ ਮੌਤ, 6 ਦਿਨ ਪਹਿਲਾਂ ਭਾਰਤ ਤੋਂ ਗਿਆ ਸੀ ਵਿਦੇਸ਼ | Punjabi youngster died in Canada know in Punjabi Punjabi news - TV9 Punjabi

ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ, 6 ਦਿਨ ਪਹਿਲਾਂ ਭਾਰਤ ਤੋਂ ਗਿਆ ਸੀ ਵਿਦੇਸ਼

Published: 

14 Sep 2023 13:44 PM

ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਗਗਨਦੀਪ ਸਿੰਘ ਉਰਫ ਗੱਗੂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਉਹ 6 ਦਿਨ ਪਹਿਲਾਂ ਭਾਰਤ ਤੋਂ ਕੈਨੇਡਾ ਗਿਆ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਕੈਨੇਡਾ ਚ ਪੰਜਾਬੀ ਨੌਜਵਾਨ ਦੀ ਮੌਤ, 6 ਦਿਨ ਪਹਿਲਾਂ ਭਾਰਤ ਤੋਂ ਗਿਆ ਸੀ ਵਿਦੇਸ਼
Follow Us On

ਕੈਨੇਡਾ ‘ਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਕੈਨੇਡਾ ਵਿੱਚ ਇੱਕ ਹੋਰ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ ਉਰਫ ਗੱਗੂ ਵਾਸੀ ਪਿੰਡ ਨੌਲੀ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਉਹ 6 ਦਿਨ ਪਹਿਲਾਂ ਭਾਰਤ ਤੋਂ ਕੈਨੇਡਾ ਗਿਆ ਸੀ। ਉਸ ਦੀ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ।

ਟੋਰਾਂਟੋ ਏਅਰਪੋਰਟ ‘ਤੇ ਉਤਰਨ ਤੋਂ ਬਾਅਦ ਗੱਗੂ ਓਂਟਾਰੀਓ ਦੇ ਸ਼ਹਿਰ ਬੈਰੀ ‘ਚ ਆਪਣੇ ਜਾਣ-ਪਛਾਣ ਵਾਲਿਆਂ ਕੋਲ ਚੱਲਾ ਗਿਆ। ਉਹ ਬਿਲਕੁਲ ਠੀਕ ਸੀ।

ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਗਗਨਦੀਪ ਉਰਫ ਗੱਗੂ ਨੂੰ ਕੈਨੇਡਾ ਭੇਜਣ ਲਈ ਲੱਖਾਂ ਰੁਪਏ ਖਰਚ ਕੀਤੀ ਸਨ। ਗੱਗੂ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਦੇ ਸੁਪਨੇ ਵੀ ਟੁੱਟ ਗਏ ਹਨ। ਦੱਸ ਦਈਏ ਕਿ ਗੱਗੂ ਦਾ ਹਾਲ ਹੀ ਵਿੱਚ ਵਿਆਹ ਹੋਇਆ ਸੀ।

ਖੁਸੀਆਂ ਮਾਤਮ ਵਿੱਚ ਬਦਲ ਗਈਆਂ

ਗੱਗੂ ਦੇ ਪਿਤਾ ਮੋਹਨ ਲਾਲ ਅਤੇ ਮਾਤਾ ਸੀਮਾ ਰਾਣੀ ਨੇ ਦੱਸਿਆ ਕਿ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਪੁੱਤਰ ਨੂੰ ਉਸ ਦੇ ਸੁਪਨੇ ਪੂਰੇ ਕਰਨ ਲਈ ਕੈਨੇਡਾ ਭੇਜਿਆ ਸੀ ਪਰ ਉੱਥੇ ਪਹੁੰਚਦੇ ਹੀ ਉਸ ਦੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਦੱਸਿਆਂ ਕਿ ਗੱਗੂ ਦੀ ਮੌਤ ਤੋਂ ਬਾਅਦ ਸਾਰੀਆਂ ਖੁਸੀਆਂ ਮਾਤਮ ਵਿੱਚ ਬਦਲ ਗਈਆਂ ਹਨ।

ਵਿਦੇਸ਼ਾਂ ‘ਚ ਹੋ ਰਹਿਆਂ ਮੌਤਾਂ ‘ਤੇ ਮਾਹਿਰਾਂ ਦਾ ਕੀ ਕਹਿਣਾ

ਕੈਨੇਡਾ ਵਿੱਚ ਕਈ ਲੋਕਾਂ ਦੀ ਮੌਤ ਦੇ ਸਬੰਧ ਵਿੱਚ ਜਦੋਂ ਜਲੰਧਰ ਦੇ ਡਾਕਟਰ ਸ਼ੁਭਾਗ ਅਗਰਵਾਲ ਅਤੇ ਡਾਕਟਰ ਜੀਐਨ ਗੌਰਵ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੱਖ-ਵੱਖ ਪ੍ਰਤੀਕਰਮ ਦਿੱਤੇ। ਡਾ: ਸ਼ੁਭਾਗ ਅਗਰਵਾਲ ਦਾ ਕਹਿਣਾ ਹੈ ਕਿ ਸਿਰਫ਼ ਕੈਨੇਡਾ ਵਿੱਚ ਹੀ ਪੰਜਾਬ ਤੋਂ ਆਉਣ ਵਾਲੇ ਨੌਜਵਾਨ ਕਿਉਂ ਮਰ ਰਹੇ ਹਨ, ਦੂਜੇ ਦੇਸ਼ਾਂ ਵਿੱਚ ਨਹੀਂ।

ਡਿਪਰੈਸ਼ਨ ਕਾਰਨ ਕੋਈ ਵੀ ਮੈਡੀਕਲ ਲਾਈਨ ਵਿੱਚ ਨਹੀਂ ਮਰਦਾ। ਉਨ੍ਹਾਂ ਮੁਤਾਬਕ ਨਸ਼ੇ ਦਾ ਸੇਵਨ ਕਰਨ ਵਾਲੇ ਲੋਕਾਂ ਨੂੰ ਦਿਲ ਦਾ ਦੌਰਾ ਪੈ ਰਿਹਾ ਹੈ ਅਤੇ ਇਹੀ ਮੌਤ ਦਾ ਕਾਰਨ ਬਣ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟਾਇਆ ਹੈ ਕਿ ਕੈਨੇਡਾ ਦੇ ਕਈ ਸ਼ਹਿਰਾਂ ਵਿੱਚ ਅਜੇ ਤੱਕ ਕਿਸੇ ਸ਼ੱਕੀ ਹਾਲਾਤ ਕਾਰਨ ਮੌਤ ਹੋਣ ਦੀ ਕੋਈ ਰਿਪੋਰਟ ਸਾਹਮਣੇ ਨਹੀਂ ਆਈ ਹੈ। ਕੈਨੇਡਾ ‘ਚ ਇਸ ਦੀ ਜਾਂਚ ਹੋਣ ਤੋਂ ਬਾਅਦ ਪਤਾ ਲੱਗੇਗਾ ਕਿ ਪੰਜਾਬੀ ਨੌਜਵਾਨ ਲਗਾਤਾਰ ਕਿਉਂ ਮਰ ਰਹੇ ਹਨ।

ਇਸ ਸਬੰਧੀ ਜਦੋਂ ਡਾ.ਜੀ.ਐਨ.ਗੌਰਵ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਉਥੇ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਕਾਰਨ ਨਸ਼ਾ ਹੈ। ਉਨ੍ਹਾਂ ਮੁਤਾਬਕ ਜੋ ਪੰਜਾਬੀ ਨੌਜਵਾਨ ਲੱਖਾਂ ਰੁਪਏ ਖਰਚ ਕੇ ਵਿਦੇਸ਼ ਜਾਂਦੇ ਹਨ, ਉਨ੍ਹਾਂ ਨੂੰ ਕੰਮ ਨਹੀਂ ਮਿਲਦਾ, ਜਿਸ ਕਾਰਨ ਉੁਹ ਡਿਪਰੈਸ਼ਨ ਵਿੱਚ ਆਉਣਾ ਸ਼ੁਰੂ ਕਰ ਦਿੰਦੇ ਹਨ ਅਤੇ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਜਿਸ ਕਾਰਨ ਉਨ੍ਹਾਂ ਨੂੰ ਦਿਲ ਦੇ ਦੌਰੇ ਪੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਥੋਂ ਦੇ ਸਕੂਲਾਂ-ਕਾਲਜਾਂ ਵਿੱਚ ਲੋਕਾਂ ਨੂੰ ਨਸ਼ਿਆਂ ਤੋਂ ਬਚਣ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਅਤੇ ਪ੍ਰੈਕਟੀਕਲ ਵੀ ਕਰਵਾਏ ਜਾਂਦੇ ਹਨ।

ਕੈਨੇਡਾ ਦੇ ਵੈਨਕੂਵਰ ਸ਼ਹਿਰ ਵਿੱਚ ਨਸ਼ਿਆਂ ਨੂੰ ਕਾਨੂੰਨੀ ਮਾਨਤਾ ਦਿੱਤੀ ਗਈ ਹੈ ਅਤੇ ਉੱਥੇ ਮਾਤਰਾ ਦੇ ਹਿਸਾਬ ਨਾਲ ਨਸ਼ੇ ਲਏ ਜਾ ਸਕਦੇ ਹਨ। ਕੈਨੇਡਾ ਦਾ ਮਾਹੌਲ ਠੰਡਾ ਹੈ, ਇਸ ਲਈ ਜ਼ਿਆਦਾ ਨਸ਼ੇ ਲੈਣ ਵਾਲਿਆਂ ਨੂੰ ਦਿਲ ਦਾ ਦੌਰਾ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ। ਉਥੋਂ ਦਾ ਖਾਣਾ ਵੀ ਚੰਗਾ ਨਹੀਂ ਹੈ ਕਿਉਂਕਿ ਉੱਥੇ ਜ਼ਿਆਦਾਤਰ ਤਲੇ ਹੋਏ ਭੋਜਨ ਹੀ ਖਾਣੇ ਪੈਂਦੇ ਹਨ। ਡਾ. ਜੀ.ਐਨ.ਗੌਰਵ ਨੇ ਕਿਹਾ ਕਿ ਉੱਥੇ ਸਿੰਥੈਟਿਕ ਦਵਾਈਆਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਕੈਮੀਕਲ ਨਾਲ ਬਣੀਆਂ ਹੁੰਦੀਆਂ ਹਨ।

Exit mobile version