ਫੜਨਵੀਸ ਬਣਨਗੇ ਮੁੱਖ ਮੰਤਰੀ, ਸ਼ਿੰਦੇ ਨਾ ਮੰਨੇ ਤਾਂ …’, NDA ਨੇਤਾ ਰਾਮਦਾਸ ਅਠਾਵਲੇ ਦਾ ਵੱਡਾ ਦਾਅਵਾ
Ramdass Athawale on Fadanvis-shinde: ਮਹਾਰਾਸ਼ਟਰ ਵਿਧਾਨ ਸਭਾ ਦਾ ਕਾਰਜਕਾਲ ਅੱਜ 26 ਨਵੰਬਰ ਨੂੰ ਖਤਮ ਹੋ ਰਿਹਾ ਹੈ। ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ, ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮਹਾਗਠਜੋੜ ਨੇ ਵੱਡੀ ਜਿੱਤ ਹਾਸਲ ਕੀਤੀ ਹੈ। ਮਹਾਯੁਤੀ ਨੇ 288 ਮੈਂਬਰੀ ਵਿਧਾਨ ਸਭਾ 'ਚ 230 ਸੀਟਾਂ ਜਿੱਤ ਕੇ ਬੰਪਰ ਜਿੱਤ ਨਾਲ ਸੱਤਾ 'ਚ ਵਾਪਸੀ ਕੀਤੀ ਹੈ, ਹਾਲਾਂਕਿ ਗਠਜੋੜ ਦੇ ਨੇਤਾਵਾਂ 'ਚ ਅਜੇ ਤੱਕ ਇਸ ਗੱਲ 'ਤੇ ਸਹਿਮਤੀ ਨਹੀਂ ਬਣੀ ਹੈ ਕਿ ਅਗਲਾ ਮੁੱਖ ਮੰਤਰੀ ਕੌਣ ਹੋਣਾ ਚਾਹੀਦਾ ਹੈ
ਮਹਾਰਾਸ਼ਟਰ ‘ਚ ਮਹਾਯੁਤੀ ਗਠਜੋੜ ਦੀ ਬੰਪਰ ਜਿੱਤ ਤੋਂ ਬਾਅਦ ਸੂਬੇ ਦੇ ਨਵੇਂ ਮੁੱਖ ਮੰਤਰੀ ਦੇ ਨਾਂ ‘ਤੇ ਹਾਲੇ ਤੱਕ ਸਥਿਤੀ ਸਾਫ਼ ਨਹੀਂ ਹੋ ਸਕੀ ਹੈ। ਨਤੀਜੇ ਆਏ ਨੂੰ ਤਿੰਨ ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਨਹੀਂ ਹੋਇਆ ਹੈ। ਇਸ ਦੌਰਾਨ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਇਹ ਕਹਿ ਕੇ ਸਿਆਸੀ ਮਾਹੌਲ ਗਰਮ ਕਰ ਦਿੱਤਾ ਹੈ ਕਿ ਭਾਜਪਾ ਨੇ ਫੈਸਲਾ ਕਰ ਲਿਆ ਹੈ ਕਿ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਬਣਨਗੇ।
ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਦੇ ਸੀਨੀਅਰ ਨੇਤਾਵਾਂ ਵਿੱਚੋਂ ਇੱਕ ਕੇਂਦਰੀ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਹੈ, ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਫੈਸਲਾ ਕੀਤਾ ਹੈ ਕਿ ਦੇਵੇਂਦਰ ਫੜਨਵੀਸ ਮੁੱਖ ਮੰਤਰੀ ਬਣਨਗੇ। ਅਜਿਹੀ ਸਥਿਤੀ ਵਿੱਚ ਏਕਨਾਥ ਸ਼ਿੰਦੇ ਨੂੰ ਕੇਂਦਰੀ ਰਾਜਨੀਤੀ ਵਿੱਚ ਆਉਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਸ਼ਿੰਦੇ ਸਹਿਮਤ ਨਹੀਂ ਹੁੰਦੇ ਤਾਂ ਭਾਜਪਾ ਨੂੰ ਸਰਕਾਰ ਬਣਾਉਣ ਵਿੱਚ ਕੋਈ ਦਿੱਕਤ ਨਹੀਂ ਹੋਵੇਗੀ ਕਿਉਂਕਿ ਉਸ ਕੋਲ ਬਹੁਮਤ ਹੈ।
ਇਸ ਦੌਰਾਨ, ਸਾਬਕਾ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਮੰਗਲਵਾਰ ਸਵੇਰੇ ਰਾਜਪਾਲ ਸੀਪੀ ਰਾਧਾਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਅਤੇ ਆਪਣਾ ਅਸਤੀਫਾ ਸੌਂਪ ਦਿੱਤਾ। ਨਾਲ ਹੀ, ਰਾਜਪਾਲ ਨੇ ਏਕਨਾਥ ਸ਼ਿੰਦੇ ਨੂੰ ਨਵੇਂ ਮੁੱਖ ਮੰਤਰੀ ਦੇ ਸਹੁੰ ਚੁੱਕਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮ ਕਰਦੇ ਰਹਿਣ ਲਈ ਕਿਹਾ ਹੈ। ਸ਼ਿੰਦੇ ਦੋਵੇਂ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਅਜੀਤ ਪਵਾਰ ਨਾਲ ਰਾਜ ਭਵਨ ਪਹੁੰਚੇ।
ਬੰਪਰ ਜਿੱਤ ਤੋਂ ਬਾਅਦ ਵੀ ਸਹਿਮਤੀ ਨਹੀਂ
ਚੋਣ ਨਤੀਜੇ ਆਏ ਨੂੰ 3 ਦਿਨ ਹੋ ਗਏ ਹਨ ਪਰ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ ਨੂੰ ਲੈ ਕੇ ਲਗਾਤਾਰ ਵਿਚਾਰ-ਚਰਚਾ ਚੱਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਵੱਲੋਂ ਏਕਨਾਥ ਸ਼ਿੰਦੇ ਨੂੰ ਮੁੱਖ ਮੰਤਰੀ ਬਣੇ ਰਹਿਣ ਤੇ ਜ਼ੋਰ ਦੇਣ ਕਾਰਨ ਮਹਾਰਾਸ਼ਟਰ ਵਿੱਚ ਨਵੀਂ ਸਰਕਾਰ ਦੇ ਗਠਨ ਵਿੱਚ ਦੇਰੀ ਹੋ ਰਹੀ ਹੈ।
ਏਕਨਾਥ ਸ਼ਿੰਦੇ ਦੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਅਗਵਾਈ ਵਾਲੀ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਨਾਲ ਭਾਜਪਾ ਦੇ ਮਹਾਗਠਜੋੜ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਦਰਜ ਕੀਤੀ, ਜੋ ਕਿ 288 ਵਿੱਚੋਂ 230 ਸੀਟਾਂ ਜਿੱਤੀਆਂ ਹਨ, ਅਤੇ ਸੱਤਾ ਵੀ ਬਰਕਰਾਰ ਰੱਖੀ ਹੈ। ਕਾਂਗਰਸ ਦੀ ਅਗਵਾਈ ਵਾਲੀ ਵਿਰੋਧੀ ਮਹਾਵਿਕਾਸ ਅਘਾੜੀ (ਐਮਵੀਏ) ਸਿਰਫ਼ 46 ਸੀਟਾਂ ਹੀ ਹਾਸਲ ਕਰ ਸਕੀ।
ਇਹ ਵੀ ਪੜ੍ਹੋ
ਭਾਜਪਾ ਨੇ ਸੂਬੇ ਵਿੱਚ ਸਭ ਤੋਂ ਵੱਧ 132 ਸੀਟਾਂ ਜਿੱਤਣ ਤੋਂ ਬਾਅਦ ਦੇਵੇਂਦਰ ਫੜਨਵੀਸ ਦੇ ਅਗਲੇ ਮੁੱਖ ਮੰਤਰੀ ਦੇ ਅਹੁਦੇ ਲਈ ਦਾਅਵੇਦਾਰ ਹੋਣ ਦੀਆਂ ਅਟਕਲਾਂ ਸ਼ੁਰੂ ਹੋ ਗਈਆਂ ਹਨ। ਪਰ ਅਜੇ ਤੱਕ ਇਸ ‘ਤੇ ਖੁੱਲ੍ਹ ਕੇ ਕੁਝ ਨਹੀਂ ਕਿਹਾ ਗਿਆ ਹੈ। ਸ਼ਿੰਦੇ ਦੀ ਸ਼ਿਵ ਸੈਨਾ, ਜੋ ਮਹਾਗਠਜੋੜ ਦਾ ਹਿੱਸਾ ਸੀ, ਨੇ 57 ਸੀਟਾਂ ਜਿੱਤੀਆਂ ਜਦਕਿ ਅਜੀਤ ਪਵਾਰ ਦੀ ਐਨਸੀਪੀ ਨੇ 41 ਸੀਟਾਂ ਤੇ ਕਬਜਾ ਕੀਤਾ ਹੈ।