NEET ਮਾਮਲੇ ‘ਚ ਹੁਣ ਤੱਕ ਦੀ ਸਭ ਤੋਂ ਵੱਡੀ ਗ੍ਰਿਫਤਾਰੀ, ਟਰੰਕ ‘ਚੋਂ ਪੇਪਰ ਚੋਰੀ ਕਰਨ ਵਾਲੇ ਨੂੰ CBI ਦੇ ਚੜ੍ਹਿਆ ਹੱਥੇ
Neet UG Paper Leak Scam: ਸੀਬੀਆਈ NEET ਪੇਪਰ ਲੀਕ ਕਾਂਡ ਦੀ ਜਾਂਚ ਕਰ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਸੀਬੀਆਈ ਦੀ ਟੀਮ ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਮੌਜੂਦ ਹੈ। ਸੀਬੀਆਈ ਇਸ ਮਾਮਲੇ ਵਿੱਚ ਹੁਣ ਤੱਕ ਇੱਕ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਇਸ ਵਿੱਚ ਹਜ਼ਾਰੀਬਾਗ ਦੇ ਇੱਕ ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਵੀ ਸ਼ਾਮਲ ਹਨ।
ਸੀਬੀਆਈ ਨੇ NEET ਪੇਪਰ ਲੀਕ ਮਾਮਲੇ ਵਿੱਚ 2 ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ਦੀ ਪਛਾਣ ਪੰਕਜ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਪੰਕਜ ਸਿੰਘ ‘ਤੇ ਹਜ਼ਾਰੀਬਾਗ ਟਰੰਕ ਤੋਂ NEET ਦੇ ਪੇਪਰ ਚੋਰੀ ਕਰਨ ਦਾ ਆਰੋਪ ਹੈ, ਜੋ ਬਾਅਦ ਵਿੱਚ ਲੀਕ ਹੋ ਗਿਆ ਸੀ। ਪੰਕਜ ਸਿੰਘ ਨੇ ਸਿਵਲ ਇੰਜੀਨੀਅਰਿੰਗ ਵੀ ਕੀਤੀ ਹੈ। ਉੱਥੇ ਹੀ ਰਾਜੂ ‘ਤੇ ਲੀਕ ਹੋਏ ਪੇਪਰ ਨੂੰ ਸਰਕੂਲੇਟ ਕਰਨ ਦਾ ਦੋਸ਼ ਹੈ।
ਸੀਬੀਆਈ ਦੀ ਟੀਮ ਨੇ ਪੰਕਜ ਸਿੰਘ ਨੂੰ ਪਟਨਾ ਤੋਂ ਗ੍ਰਿਫ਼ਤਾਰ ਕੀਤਾ ਹੈ। ਜਦਕਿ ਲੀਕ ਕਾਂਡ ‘ਚ ਉਸ ਦਾ ਸਾਥ ਦੇਣ ਵਾਲੇ ਰਾਜੂ ਨੂੰ ਝਾਰਖੰਡ ਦੇ ਹਜ਼ਾਰੀਬਾਗ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਹਜ਼ਾਰੀਬਾਗ ਪੇਪਰ ਲੀਕ ਕਾਂਡ ਦਾ ਧੁਰਾ ਦੱਸਿਆ ਜਾ ਰਿਹਾ ਹੈ। NEET ਦੇ ਪੇਪਰ ਇੱਥੇ ਟਰੰਕ ਵਿੱਚ ਰੱਖੇ ਹੋਏ ਸਨ। ਇਸ ਤੋਂ ਪਹਿਲਾਂ ਸੀਬੀਆਈ ਨੇ ਹਜ਼ਾਰੀਬਾਗ ਸਥਿਤ ਓਏਸਿਸ ਸਕੂਲ ਦੇ ਪ੍ਰਿੰਸੀਪਲ ਅਤੇ ਵਾਈਸ ਪ੍ਰਿੰਸੀਪਲ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ। ਸੀਬੀਆਈ ਦੀ ਟੀਮ ਦੋਵਾਂ ਨੂੰ ਗ੍ਰਿਫ਼ਤਾਰ ਕਰਕੇ ਪਟਨਾ ਲੈ ਆਈ ਸੀ।
ਹੁਣ ਤੱਕ 15 ਆਰੋਪੀ ਗ੍ਰਿਫ਼ਤਾਰ
ਸੀਬੀਆਈ ਇਸ ਮਾਮਲੇ ਵਿੱਚ ਪਹਿਲਾਂ ਹੀ 13 ਲੋਕਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਹੁਣ ਸੀਬੀਆਈ ਨੇ ਦੋ ਹੋਰ ਲੋਕਾਂ ਨੂੰ ਫੜ ਲਿਆ ਹੈ। ਜੇਕਰ ਇਸ ਤਰ੍ਹਾਂ ਦੇਖੀਏ ਤਾਂ ਇਸ ਮਾਮਲੇ ‘ਚ ਹੁਣ ਤੱਕ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਸ਼ੁੱਕਰਵਾਰ ਨੂੰ ਪਟਨਾ ਹਾਈਕੋਰਟ ਤੋਂ ਸਾਰੇ 13 ਦੋਸ਼ੀਆਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਸੀਬੀਆਈ ਵੀ ਅੱਜ ਬਿਊਰ ਜੇਲ੍ਹ ਪਹੁੰਚ ਗਈ। ਜੇਲ ‘ਚ ਬੰਦ ਕੁਝ ਆਰੋਪੀਆਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਟੀਮ ਸਾਰਿਆਂ ਨੂੰ ਪਟਨਾ ਸਥਿਤ ਆਪਣੇ ਦਫਤਰ ਲੈ ਗਈ। ਜਿੱਥੇ ਟੀਮ ਮੈਂਬਰਾਂ ਨੇ ਸਾਰੇ ਆਰੋਪੀਆਂ ਤੋਂ ਇਕ-ਇਕ ਕਰਕੇ ਪੁੱਛਗਿੱਛ ਕੀਤੀ।
ਇਹ ਵੀ ਪੜ੍ਹੋ – ਦੇਸ਼ ਭਰ ਦੀਆਂ ਸਾਰੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਕੰਟੀਨਾਂ ਚ ਮਿਲੇਗਾ ਪੌਸ਼ਟਿਕ ਭੋਜਨ, UGC ਨੇ ਜਾਰੀ ਕੀਤੀ ਐਡਵਾਈਜ਼ਰੀ
11 ਜੁਲਾਈ ਨੂੰ ਹੋਈ ਸੀ ਰੌਕੀ ਦੀ ਗ੍ਰਿਫਤਾਰੀ
ਸੀਬੀਆਈ ਟੀਮ ਨੇ ਪੇਪਰ ਲੀਕ ਦੇ ਮਾਸਟਰਮਾਈਂਡ ਰੌਕੀ ਨੂੰ 11 ਜੁਲਾਈ ਨੂੰ ਝਾਰਖੰਡ ਤੋਂ ਗ੍ਰਿਫ਼ਤਾਰ ਕੀਤਾ ਸੀ। NEET ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਨੂੰ ਬਾਹਰ ਕੱਢਣ ਵਿੱਚ ਇਸਦੀ ਭੂਮਿਕਾ ਮਹੱਤਵਪੂਰਨ ਸੀ। ਸੀਬੀਆਈ ਹੁਣ ਮੁੱਖ ਕੇਂਦਰ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।
ਇਹ ਵੀ ਪੜ੍ਹੋ
ਗ੍ਰਿਫ਼ਤਾਰ ਰੌਕੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਬਿਹਾਰ ਦੇ ਨਵਾਦਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਸੰਜੀਵ ਮੁਖੀਆ ਦਾ ਨਜ਼ਦੀਕੀ ਰਿਸ਼ਤੇਦਾਰ ਹੈ। ਰੌਕੀ ਉਹ ਵਿਅਕਤੀ ਹੈ ਜਿਸ ਦੇ ਮੋਬਾਈਲ ‘ਤੇ ਪ੍ਰਸ਼ਨ ਪੱਤਰ ਪਹਿਲਾਂ ਆਇਆ ਸੀ। ਜਿਸ ਨੂੰ ਰਾਂਚੀ ਤੋਂ ਹੀ ਡਾਕਟਰਾਂ ਦੀ ਟੀਮ ਨੇ ਹੱਲ ਕਰਵਾ ਕੇ ਉਸ ਨੇ ਚਿੰਟੂ ਨੂੰ ਪਟਨਾ ਭੇਜ ਦਿੱਤਾ। ਰੌਕੀ ਫਿਲਹਾਲ ਸੀਬੀਆਈ ਰਿਮਾਂਡ ‘ਤੇ ਹੈ।