ਕੋਲਕਾਤਾ ਦੇ SN ਬੈਨਰਜੀ ਰੋਡ ‘ਤੇ ਧਮਾਕਾ, ਇੱਕ ਵਿਅਕਤੀ ਜ਼ਖਮੀ; ਇਲਾਕੇ ਵਿੱਚ ਅਲਰਟ ਜਾਰੀ
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਐੱਸਐੱਨ ਬੈਨਰਜੀ ਰੋਡ 'ਤੇ ਧਮਾਕਾ ਹੋਣ ਦੀ ਘਟਨਾ ਸਾਹਮਣੇ ਆਈ ਹੈ। ਧਮਾਕੇ 'ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੁਰੰਤ ਸੜਕ ਤੇ ਆਵਾਜਾਈ ਨੂੰ ਰੋਕ ਦਿੱਤੀ ਅਤੇ ਘਟਨਾ ਵਾਲੀ ਥਾਂ ਨੂੰ ਸੀਲ ਕਰ ਦਿੱਤਾ ਗਿਆ। ਜ਼ਖਮੀ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਕੋਲਕਾਤਾ ਦੇ ਐਸਐਨ ਬੈਨਰਜੀ ਰੋਡ ‘ਤੇ ਧਮਾਕਾ ਹੋਇਆ ਹੈ। ਧਮਾਕੇ ‘ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ। ਧਮਾਕੇ ਤੋਂ ਬਾਅਦ ਕੋਲਕਾਤਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੱਜ ਦੁਪਹਿਰ 1.45 ਵਜੇ ਦੇ ਕਰੀਬ ਵਾਪਰੀ, ਤਾਲਤਾਲਾ ਪੁਲਿਸ ਸਟੇਸ਼ਨ ਨੂੰ ਬਲੋਚਮੈਨ ਸੇਂਟ ਅਤੇ ਐਸਐਨ ਬੈਨਰਜੀ ਰੋਡ ਨੇੜੇ ਧਮਾਕਾ ਹੋਣ ਦੀ ਸੂਚਨਾ ਮਿਲੀ। ਪੁਲਿਸ ਨੂੰ ਦੱਸਿਆ ਗਿਆ ਕਿ ਧਮਾਕੇ ‘ਚ ਇੱਕ ਵਿਅਕਤੀ ਜ਼ਖਮੀ ਹੋ ਗਿਆ ਹੈ।
ਪੁਲਿਸ ਦੀ ਟੀਮ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀ ਨੂੰ NRS ਹਸਪਤਾਲ ਪਹੁੰਚਾਇਆ ਗਿਆ। ਵਿਅਕਤੀ ਦੇ ਸੱਜੇ ਗੁੱਟ ‘ਤੇ ਸੱਟ ਲੱਗੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਪਲਾਸਟਿਕ ਦਾ ਬੈਗ ਰੱਖਿਆ ਹੋਇਆ ਸੀ ਜਿਸ ਵਿੱਚ ਧਮਾਕਾ ਹੋਇਆ।
ਪੁਲਿਸ ਨੇ ਧਮਾਕੇ ਵਾਲੀ ਥਾਂ ਨੂੰ ਸੀਲ ਕਰ ਦਿੱਤਾ
ਪੁਲਿਸ ਨੇ ਧਮਾਕੇ ਵਾਲੀ ਥਾਂ ਨੂੰ ਘੇਰ ਲਿਆ ਹੈ ਅਤੇ ਅੱਗੇ ਦੀ ਜਾਂਚ ਲਈ ਬੰਬ ਡਿਟੈਕਸ਼ਨ ਅਤੇ ਡਿਸਪੋਜ਼ਲ ਸਕੁਐਡ (ਬੀਡੀਡੀਐਸ) ਟੀਮ ਨੂੰ ਬੁਲਾਇਆ ਗਿਆ ਹੈ। ਬੀਡੀਡੀਐਸ ਦੀ ਟੀਮ ਨੇ ਮੌਕੇ ਤੇ ਮੌਜੂਦ ਬੈਗ ਅਤੇ ਆਲੇ-ਦੁਆਲੇ ਦੀਆਂ ਚੀਜ਼ਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਸ ਸੜਕ ‘ਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਧਮਾਕੇ ਤੋਂ ਬਾਅਦ ਪੁਲਿਸ ਨੇ ਐਸਐਨ ਰੋਡ ‘ਤੇ ਆਵਾਜਾਈ ਰੋਕ ਦਿੱਤੀ ਸੀ।
ਵਿਅਕਤੀ ਫੁੱਟਪਾਥ ‘ਤੇ ਰਹਿ ਰਿਹਾ ਸੀ
ਧਮਾਕੇ ‘ਚ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਬੱਪੀ ਦਾਸ ਵਜੋਂ ਹੋਈ ਹੈ, ਜਿਸ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ। ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਕੋਈ ਪੇਸ਼ਾ ਨਹੀਂ ਹੈ। ਉਹ ਇਧਰ ਉਧਰ ਘੁੰਮਦਾ ਰਿਹਾ ਹੈ। ਹਾਲ ਹੀ ਵਿੱਚ ਐਸਐਨ ਬੈਨਰਜੀ ਰੋਡ ਦੇ ਫੁੱਟਪਾਥ ਉੱਤੇ ਰਹਿਣਾ ਸ਼ੁਰੂ ਕੀਤਾ। ਪੁਲਿਸ ਨੇ ਅਜੇ ਤੱਕ ਜ਼ਖਮੀ ਵਿਅਕਤੀ ਦੇ ਬਿਆਨ ਦਰਜ ਨਹੀਂ ਕੀਤੇ ਹਨ ਕਿਉਂਕਿ ਡਾਕਟਰਾਂ ਨੇ ਮਰੀਜ਼ ਨੂੰ ਕੁਝ ਸਮਾਂ ਦੇਣ ਲਈ ਕਿਹਾ ਹੈ। ਬੰਗਾਲ ਪੁਲਿਸ ਨੇ ਧਮਾਕੇ ਦੀ ਜਾਂਚ ਲਈ ਫੋਰੈਂਸਿਕ ਟੀਮ ਨੂੰ ਬੁਲਾਇਆ ਹੈ।
ਸ਼ੱਕੀ ਬੈਗ ਮਿਲਣ ਕਾਰਨ ਮਚੀ ਹਲਚਲ
ਧਮਾਕੇ ਦੀ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਆਰਜੀ ਕਾਰ ਮੈਡੀਕਲ ਕਾਲਜ ਵਿੱਚ ਇੱਕ ਡਾਕਟਰ ਦਾ ਕਤਲ ਅਤੇ ਜਬਰ ਜ਼ਨਾਹ ਦੀ ਘਟਨਾ ਤੋਂ ਬਾਅਦ ਜੂਨੀਅਰ ਡਾਕਟਰ ਪਿਛਲੇ ਮਹੀਨੇ ਤੋਂ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਦੋ ਦਿਨ ਪਹਿਲਾਂ ਆਰ.ਜੀ.ਕਾਰ ਹਸਪਤਾਲ ਦੇ ਕੋਲ ਇੱਕ ਸ਼ੱਕੀ ਬੈਗ ਮਿਲਣ ਨਾਲ ਹੜਕੰਪ ਮੱਚ ਗਿਆ ਸੀ। ਤੁਰੰਤ ਬੰਬ ਨਿਰੋਧਕ ਦਸਤੇ ਨੂੰ ਬੁਲਾਇਆ ਗਿਆ। ਜਦੋਂ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿੱਚ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ: 14 ਘੰਟੇ ਦੇਰ ਨਾਲ ਦਰਜ ਹੋਈ FIR, ਕੱਲ ਸ਼ਾਮ 5 ਵਜੇ ਤੱਕ ਕੰਮ ਤੇ ਪਰਤਣ ਡਾਕਟਰ ਕੋਲਕਾਤਾ ਮਾਮਲੇ ਚ ਸੁਪਰੀਮ ਕੋਰਟ ਚ ਸੁਣਵਾਈ