IPS ਪੂਰਨ ਕੁਮਾਰ ਖੁਦਕੁਸ਼ੀ: ਰਾਹੁਲ ਗਾਂਧੀ ਪਹੁੰਚੇ ਚੰਡੀਗੜ੍ਹ, ਪਰਿਵਾਰ ਨਾਲ ਕੀਤੀ ਮੁਲਾਕਾਤ
ਰਾਹੁਲ ਗਾਂਧੀ ਦੀ ਆਈਪੀਐਸ ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ 'ਤੇ ਦਬਾਅ ਵਧਾ ਸਕਦੀ ਹੈ। ਉਹ ਦਲਿਤ-ਪੱਖੀ ਵਿਅਕਤੀ ਹੋਣ ਦੇ ਆਪਣੇ ਦਾਅਵੇ ਨੂੰ ਵੀ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਹਰਿਆਣਾ ਦੇ IPS ਅਧਿਕਾਰੀ ਵਾਈ. ਪੂਰਨ ਕੁਮਾਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਬਾਰੇ ਰਾਹੁਲ ਗਾਂਧੀ ਨੇ ਕਿਹਾ ਸੀ, “ਹਰਿਆਣਾ ਦੇ IPS ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਖੁਦਕੁਸ਼ੀ ਉਸ ਡੂੰਘੇ ਸਮਾਜਿਕ ਜ਼ਹਿਰ ਦਾ ਪ੍ਰਤੀਕ ਹੈ ਜੋ ਜਾਤ ਦੇ ਨਾਮ ‘ਤੇ ਮਨੁੱਖਤਾ ਨੂੰ ਕੁਚਲ ਰਿਹਾ ਹੈ।”
ਰਾਹੁਲ ਗਾਂਧੀ ਦੀ ਪਰਿਵਾਰ ਨਾਲ ਮੁਲਾਕਾਤ ਮਾਮਲੇ ਦੀ ਜਾਂਚ ਕਰ ਰਹੇ ਅਧਿਕਾਰੀਆਂ ‘ਤੇ ਦਬਾਅ ਪਾ ਸਕਦੀ ਹੈ। ਇਸ ਮੁਲਾਕਾਤ ਨਾਲ, ਉਹ ਦਲਿਤ ਹਮਦਰਦ ਹੋਣ ਦੇ ਆਪਣੇ ਦਾਅਵੇ ਨੂੰ ਵੀ ਸਾਬਤ ਕਰ ਰਹੇ ਹਨ। ਕਾਂਗਰਸ ਪਹਿਲਾਂ ਹੀ NDA ਸਰਕਾਰ ਅਧੀਨ ਪਛੜੀਆਂ ਜਾਤੀਆਂ ‘ਤੇ ਅੱਤਿਆਚਾਰਾਂ ਦਾ ਮੁੱਦਾ ਉਠਾ ਰਹੀ ਹੈ। ਰਾਹੁਲ ਗਾਂਧੀ ਵਾਈ. ਪੂਰਨ ਦੇ ਘਰ ਸ਼ਰਧਾਂਜਲੀ ਦੇਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਗੱਲ ਕਰਨ ਲਈ ਗਏ।
ਡੀਜੀਪੀ ਨੂੰ ਛੁੱਟੀ ‘ਤੇ ਭੇਜਿਆ ਗਿਆ
ਵਾਈ. ਪੂਰਨ ਕੁਮਾਰ ਖੁਦਕੁਸ਼ੀ ਮਾਮਲੇ ‘ਚ ਇੱਕ ਵੱਡਾ ਕਦਮ ਚੁੱਕਿਆ ਗਿਆ ਹੈ। ਰਾਜ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਸ਼ਤਰੂਜੀਤ ਕਪੂਰ ਨੂੰ ਛੁੱਟੀ ‘ਤੇ ਭੇਜ ਦਿੱਤਾ ਗਿਆ ਹੈ। ਇਹ ਕਦਮ ਵਿਰੋਧੀ ਧਿਰ ਤੇ ਅਧਿਕਾਰੀ ਦੇ ਪਰਿਵਾਰ ਦੇ ਵਧਦੇ ਦਬਾਅ ਵਿਚਕਾਰ ਆਇਆ ਹੈ, ਜਿਨ੍ਹਾਂ ਨੇ ਕੁਮਾਰ ਨੂੰ ਪਰੇਸ਼ਾਨ ਕਰਨ ਦੇ ਦੋਸ਼ੀ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ, ਹਰਿਆਣਾ ਸਰਕਾਰ ਨੇ ਇਸ ਮਾਮਲੇ ਦੇ ਸਬੰਧ ‘ਚ ਰੋਹਤਕ ਦੇ ਐਸਪੀ ਨਰਿੰਦਰ ਬਿਜਾਰਨੀਆ ਦਾ ਤਬਾਦਲਾ ਕਰ ਦਿੱਤਾ ਸੀ।
ਐਸਆਈਟੀ ਨੇ ਵਾਈ. ਪੂਰਨ ਦਾ ਲੈਪਟਾਪ ਮੰਗਿਆ
ਚੰਡੀਗੜ੍ਹ ਪੁਲਿਸ ਨੇ ਆਈਪੀਐਸ ਅਧਿਕਾਰੀ ਵਾਈ. ਪੂਰਨ ਕੁਮਾਰ ਦੀ ਪਤਨੀ ਆਈਏਐਸ ਅਧਿਕਾਰੀ ਅਮਨੀਤ ਪੀ. ਕੁਮਾਰ ਨੂੰ ਆਪਣੇ ਪਤੀ ਦਾ ਲੈਪਟਾਪ ਮੰਗਣ ਲਈ ਇੱਕ ਨੋਟਿਸ ਜਾਰੀ ਕੀਤਾ ਹੈ। ਪੁਲਿਸ ਦੇ ਅਨੁਸਾਰ, ਆਈਪੀਐਸ ਅਧਿਕਾਰੀ ਦੀ ਮੌਤ ਦੀ ਚੱਲ ਰਹੀ ਜਾਂਚ ‘ਚ ਲੈਪਟਾਪ ਨੂੰ ਸਬੂਤ ਦਾ ਇੱਕ ਮਹੱਤਵਪੂਰਨ ਹਿੱਸਾ ਮੰਨਿਆ ਜਾ ਰਿਹਾ ਹੈ। ਮਾਮਲੇ ਦੀ ਜਾਂਚ ਕਰ ਰਹੀ ਐਸਆਈਟੀ ਦਾ ਮੰਨਣਾ ਹੈ ਕਿ ਲੈਪਟਾਪ ‘ਚ ਮਹੱਤਵਪੂਰਨ ਜਾਣਕਾਰੀ ਹੋ ਸਕਦੀ ਹੈ, ਜਿਸ ‘ਚ ਕਥਿਤ ਸੁਸਾਈਡ ਨੋਟ ਦਾ ਅਸਲ ਖਰੜਾ ਵੀ ਸ਼ਾਮਲ ਹੈ, ਜੋ ਉਸ ‘ਚ ਮਿਲਿਆ ਸੀ।
