Haryana Assembly Election: ਜਿਨ੍ਹਾਂ ਨੇ ਸਾਨੂੰ ਜੇਲ੍ਹ ‘ਚ ਡੱਕਿਆ ਉਨ੍ਹਾਂ ਨੂੰ ਹਰਿਆਣਾ ‘ਚੋਂ ਕੱਢ ਦਿਓ, ਰੋਡ ਸ਼ੋਅ ‘ਚ ਬੋਲੇ ਕੇਜਰੀਵਾਲ
Haryana Election: ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਜਗਾਧਰੀ, ਯਮੁਨਾਨਗਰ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਨੇ ਭਾਜਪਾ 'ਤੇ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਜੇਲ੍ਹ ਵਿੱਚ ਡੱਕਿਆ ਅਤੇ ਤਸ਼ੱਦਦ ਕੀਤੇ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਹਰਿਆਣੇ ਤੋਂ ਹਾਂ। ਇਨ੍ਹਾਂ ਨੇ ਮੈਨੂੰ ਜੇਲ੍ਹ ਭੇਜਿਆ, ਹੁਣ ਹਰਿਆਣਾ ਦੇ ਲੋਕ ਇਨ੍ਹਾਂ ਨੂੰ ਬਾਹਰ ਕੱਢਣਗੇ।
ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਹਰਿਆਣਾ ਦੇ ਜਗਾਧਰੀ, ਯਮੁਨਾਨਗਰ ਵਿੱਚ ਰੋਡ ਸ਼ੋਅ ਕੀਤਾ। ਪਾਰਟੀ ਉਮੀਦਵਾਰ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਤਿਹਾੜ ਜੇਲ੍ਹ ‘ਚ ਬਿਤਾਏ ਦਿਨਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਭਾਜਪਾ ‘ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਕਿਹਾ ਕਿ ਭਾਜਪਾ ਨੇ ਮੈਨੂੰ ਜੇਲ੍ਹ ਵਿੱਚ ਡੱਕ ਦਿੱਤਾ ਸੀ। ਮੈਨੂੰ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ। ਕਈ ਤਰ੍ਹਾਂ ਦੇ ਤਸੀਹੇ ਦਿੱਤੇ। ਉਨ੍ਹਾਂ ਦਾ ਮਕਸਦ ਕੇਜਰੀਵਾਲ ਨੂੰ ਝੁਕਾਉਣਾ ਸੀ। ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਹਰਿਆਣੇ ਤੋਂ ਹਾਂ। ਮੇਰੀ ਰਗਾਂ ਵਿੱਚ ਹਰਿਆਣੇ ਦਾ ਖੂਨ ਹੈ। ਉਹ ਕਿਸੇ ਨੂੰ ਵੀ ਤੋੜ ਸਕਦੇ ਹਨ, ਪਰ ਹਰਿਆਣਾ ਦੇ ਲੋਕਾਂ ਨੂੰ ਨਹੀਂ। ਹਰਿਆਣਾ ਦਾ ਬੱਚਾ- ਬੱਚਾ ਉਸਦਾ ਬਦਲਾ ਲਵੇਗਾ। ਉਨ੍ਹਾਂ ਨੇ ਮੈਨੂੰ ਜੇਲ੍ਹ ਭੇਜਿਆ, ਹੁਣ ਹਰਿਆਣਾ ਦੇ ਲੋਕ ਉਨ੍ਹਾਂ ਨੂੰ ਬਾਹਰ ਕੱਢ ਦੇਣਗੇ।
ਭਾਜਪਾ ‘ਤੇ ਹਮਲਾ ਕਰਦੇ ਹੋਏ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜੇਲ ‘ਚ ਆਮ ਕੈਦੀਆਂ ਨੂੰ ਜੋ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ, ਉਹ ਵੀ ਮੈਨੂੰ ਨਹੀਂ ਦਿੱਤੀਆਂ ਗਈਆਂ। ਜਦੋਂ ਮੈਂ ਜੇਲ੍ਹ ਵਿੱਚ ਸੀ ਤਾਂ ਉਨ੍ਹਾਂ ਨੇ ਸਾਡੀ ਸਰਕਾਰ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ। ਪਰ ਇੱਕ ਵੀ ਵਿਧਾਇਕ ਨੂੰ ਤੋੜ ਨਹੀਂ ਸਕੇ। ਵਿਧਾਇਕ ਨੂੰ ਤਾਂ ਛੱਡੋ, ਇੱਕ ਵਰਕਰ ਨੂੰ ਵੀ ਨਹੀਂ ਤੋੜ ਸਕੇ। ਇਹ ਇੱਕ ਇਮਾਨਦਾਰ ਪਾਰਟੀ ਹੈ। ਪੂਰਾ ਹਰਿਆਣਾ ਬਦਲਾਅ ਚਾਹੁੰਦਾ ਹੈ। ਇਸ ਵਾਰ ਹਰਿਆਣਾ ਵਿੱਚ ਇਮਾਨਦਾਰ ਪਾਰਟੀ ਲੋਕਾਂ ਵਿੱਚ ਹੈ।
ਸਿੱਖਿਆਮੰਤਰੀ ਨੇ ਹਰਿਆਣਾ ਦੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ
ਦਿੱਲੀ ਦੇ ਸਾਬਕਾ ਸੀਐਮ ਨੇ ਕਿਹਾ ਕਿ ਅੱਜ ਹਰਿਆਣਾ ਦੇ ਲੋਕਾਂ ਕੋਲ ਇੱਕ ਵਿਕਲਪ ਹੈ। ਇੱਕ ਪਾਸੇ ਤੁਹਾਡੇ ਕੋਲ ਆਦਰਸ਼ ਪਾਲ ਹਨ। ਦੂਜੇ ਪਾਸੇ ਕੰਵਰਪਾਲ ਹੈ। ਭਾਜਪਾ ਦੇ ਸਿੱਖਿਆ ਮੰਤਰੀ ਨੇ ਹਰਿਆਣਾ ਦੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿੱਤਾ ਹੈ। ਅਸੀਂ ਦਿੱਲੀ ਦੇ ਸਰਕਾਰੀ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਹੈ। ਅਸੀਂ ਹਰਿਆਣਾ ਵਿੱਚ ਵੀ ਅਜਿਹਾ ਕਰਾਂਗੇ। ਜੇਲ ਤੋਂ ਪਰਤਣ ਤੋਂ ਬਾਅਦ ਜੇ ਮੈਂ ਚਾਹੁੰਦਾ ਤਾਂ ਆਰਾਮ ਨਾਲ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠ ਸਕਦਾ ਸੀ। ਪਰ, ਮੈਂ ਅਗਨੀ ਪ੍ਰੀਖਿਆ ਲੈਣ ਲਈ ਅਸਤੀਫਾ ਦੇ ਦਿੱਤਾ ਹੈ। ਜਿਵੇਂ ਬਨਵਾਸ ਤੋਂ ਬਾਅਦ ਮਾਂ ਸੀਤਾ ਨੇ ਦਿੱਤਾ ਸੀ।
‘ਆਪ’ ਦੇ ਸਮਰਥਨ ਤੋਂ ਬਿਨਾਂ ਹਰਿਆਣਾ ‘ਚ ਸਰਕਾਰ ਨਹੀਂ ਬਣੇਗੀ
ਕੇਜਰੀਵਾਲ ਨੇ ਕਿਹਾ, ਮੈਂ ਲੋਕਾਂ ਨੂੰ ਕਿਹਾ ਹੈ ਕਿ ਜੇਕਰ ਤੁਸੀਂ ਮੈਨੂੰ ਇਮਾਨਦਾਰ ਸਮਝਦੇ ਹੋ ਤਾਂ ਮੈਨੂੰ ਵੋਟ ਦੇਣਾ। ਮੈਂ ਕਿਹਾ ਹੈ ਕਿ ਮੈਂ ਜਿੱਤਣ ‘ਤੇ ਹੀ ਮੁੱਖ ਮੰਤਰੀ ਦੀ ਕੁਰਸੀ ‘ਤੇ ਬੈਠਾਂਗਾ। ਮੈਨੂੰ ਨਹੀਂ ਲੱਗਦਾ ਕਿ ਅੱਜ ਤੱਕ ਕਿਸੇ ਨੇਤਾ ਨੇ ਏਨੀ ਹਿੰਮਤ ਦਿਖਾਈ ਹੋਵੇਗੀ। ਇਸ ਦੌਰਾਨ ਕੇਜਰੀਵਾਲ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਵਿੱਚ ਬਣਨ ਵਾਲੀ ਸਰਕਾਰ ਆਮ ਆਦਮੀ ਪਾਰਟੀ ਦੇ ਸਮਰਥਨ ਤੋਂ ਬਿਨਾਂ ਨਹੀਂ ਬਣੇਗੀ।