ਦੁੱਧ ਪੀਣ ਤੋਂ ਵੀ ਹੁੰਦੀ ਹੈ ਐਲਰਜੀ, ਇਸ ਤਰ੍ਹਾਂ ਦਿਖਦੇ ਹਨ ਲੱਛਣ, ਇਹ ਲੋਕ ਕਰਨ ਪਰਹੇਜ਼
Milk Allergy : ਦੁੱਧ ਇੱਕ ਸੰਪੂਰਨ ਖੁਰਾਕ ਹੈ। ਇਸ ਨੂੰ ਪੀਣ ਨਾਲ ਸਰੀਰ 'ਚ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਦੀ ਕਮੀ ਦੂਰ ਹੁੰਦੀ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁੱਧ ਪੀਣ ਨਾਲ ਐਲਰਜੀ ਵੀ ਹੋ ਸਕਦੀ ਹੈ। ਦੁੱਧ ਤੋਂ ਹੋਣ ਵਾਲੀ ਐਲਰਜੀ ਦੇ ਲੱਛਣ ਵੀ ਦਿਖਾਈ ਦਿੰਦੇ ਹਨ। ਇਸ ਬਾਰੇ ਡਾਕਟਰਾਂ ਨੇ ਦੱਸਿਆ ਹੈ।
ਦੁੱਧ ਨੂੰ ਸੰਪੂਰਨ ਖੁਰਾਕ ਮੰਨਿਆ ਜਾਂਦਾ ਹੈ। ਇਹ ਸਰੀਰ ਵਿੱਚ ਵਿਟਾਮਿਨ, ਕੈਲਸ਼ੀਅਮ ਅਤੇ ਪ੍ਰੋਟੀਨ ਦੀ ਕਮੀ ਨੂੰ ਪੂਰਾ ਕਰਦਾ ਹੈ। ਦੁੱਧ ਪੀਣ ਨਾਲ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਇਹ ਹੱਡੀਆਂ ਨੂੰ ਮਜ਼ਬੂਤ ਕਰਨ ‘ਚ ਵੀ ਮਦਦ ਕਰਦਾ ਹੈ ਪਰ ਕੁਝ ਲੋਕਾਂ ਨੂੰ ਦੁੱਧ ਤੋਂ ਐਲਰਜੀ ਵੀ ਹੋ ਸਕਦੀ ਹੈ। ਇਸ ਦਾ ਵੀ ਆਸਾਨੀ ਨਾਲ ਪਤਾ ਨਹੀਂ ਚੱਲਦਾ ਹੈ। ਦੁੱਧ ਤੁਹਾਡੇ ਲਈ ਠੀਕ ਹੈ ਜਾਂ ਨਹੀਂ ਅਤੇ ਇਸ ਕਾਰਨ ਐਲਰਜੀ ਦੇ ਲੱਛਣ ਕੀ ਹਨ। ਇਸ ਬਾਰੇ ਜਾਣੋ।
ਮਾਹਿਰਾਂ ਦਾ ਕਹਿਣਾ ਹੈ ਕਿ ਦੁੱਧ ਦੇ ਕਈ ਫਾਇਦੇ ਹੁੰਦੇ ਹਨ ਪਰ ਕੁਝ ਲੋਕਾਂ ਨੂੰ ਇਸ ਤੋਂ ਐਲਰਜੀ ਹੁੰਦੀ ਹੈ। ਜਦੋਂ ਕਿਸੇ ਵਿਅਕਤੀ ਦੀ ਇਮਿਊਨ ਸਿਸਟਮ ਦੁੱਧ ਪ੍ਰੋਟੀਨ ਨੂੰ ਸਹੀ ਢੰਗ ਨਾਲ ਨਹੀਂ ਪਛਾਣਦੀ, ਤਾਂ ਐਲਰਜੀ ਦੇ ਲੱਛਣ ਦਿਖਾਈ ਦਿੰਦੇ ਹਨ। ਇਸ ਵਿਚ ਦੁੱਧ ਪੀਣ ਨਾਲ ਸਕਿਨ ਦਾ ਲਾਲ ਹੋਣਾ, ਖੁਜਲੀ, ਸੋਜ ਅਤੇ ਧੱਫੜ ਦੀ ਸਮੱਸਿਆ ਹੋ ਜਾਂਦੀ ਹੈ।
ਚਿਹਰੇ ਦੀ ਸਕਿਨ ‘ਤੇ ਸੋਜ ਜਾਂ ਪਫਨੈੱਸ ਵੀ ਹੋ ਸਕਦੀ ਹੈ, ਜੋ ਖਾਸ ਤੌਰ ‘ਤੇ ਅੱਖਾਂ ਦੇ ਹੇਠਾਂ ਅਤੇ ਗੱਲ੍ਹਾਂ ‘ਤੇ ਦਿਖਾਈ ਦਿੰਦੀ ਹੈ। ਕੁਝ ਲੋਕਾਂ ਦੇ ਚਿਹਰੇ ‘ਤੇ ਛੋਟੇ ਜ਼ਖਮ ਜਾਂ ਫੋੜੇ ਵੀ ਹੋ ਸਕਦੇ ਹਨ।
ਇਨ੍ਹਾਂ ਹਿੱਸਿਆਂ ‘ਤੇ ਵੀ ਦਿਖਾਈ ਦਿੰਦੇ ਹਨ ਦੁੱਧ ਦੀ ਐਲਰਜੀ ਦੇ ਲੱਛਣ
ਸ਼੍ਰੀਬਾਲਾਜੀ ਐਕਸ਼ਨ ਮੈਡੀਕਲ ਇੰਸਟੀਚਿਊਟ, ਦਿੱਲੀ ਦੇ ਸਕਿਨ ਵਿਗਿਆਨ ਵਿਭਾਗ ਦੇ ਸੀਨੀਅਰ ਸਲਾਹਕਾਰ ਡਾ: ਵਿਜੇ ਸਿੰਘਲ ਦਾ ਕਹਿਣਾ ਹੈ ਕਿ ਚਿਹਰੇ ਤੋਂ ਇਲਾਵਾ ਸਰੀਰ ਦੇ ਹੋਰ ਹਿੱਸਿਆਂ ‘ਤੇ ਵੀ ਦੁੱਧ ਤੋਂ ਐਲਰਜੀ ਦੇ ਲੱਛਣ ਦਿੱਖ ਸਕਦੇ ਹਨ। ਦੁੱਧ ਪੀਣ ਨਾਲ ਪੇਟ ਦਰਦ, ਦਸਤ, ਉਲਟੀਆਂ ਅਤੇ ਕਬਜ਼ ਹੋ ਸਕਦੀ ਹੈ, ਇਸ ਲਈ ਜੇਕਰ ਤੁਸੀਂ ਦੁੱਧ ਪੀਣ ਤੋਂ ਬਾਅਦ ਅਜਿਹੇ ਲੱਛਣ ਦੇਖਦੇ ਹੋ ਤਾਂ ਤੁਹਾਨੂੰ ਤੁਰੰਤ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ। ਐਲਰਜੀ ਦੀ ਸਮੇਂ ਸਿਰ ਪਛਾਣ ਲੱਛਣਾਂ ਨੂੰ ਗੰਭੀਰ ਹੋਣ ਤੋਂ ਰੋਕ ਸਕਦੀ ਹੈ।
ਕਿਵੇਂ ਕੀਤਾ ਜਾਂਦਾ ਹੈ ਇਲਾਜ?
ਦੁੱਧ ਦੀ ਐਲਰਜੀ ਦਾ ਇਲਾਜ ਆਮ ਤੌਰ ‘ਤੇ ਐਲਰਜੀ ਨੂੰ ਕੰਟਰੋਲ ਕਰਨ ਵਾਲੀਆਂ ਦਵਾਈਆਂ ਨਾਲ ਕੀਤਾ ਜਾਂਦਾ ਹੈ। ਡਾਕਟਰ ਦੁਆਰਾ ਦਿੱਤੇ ਸੁਝਾਵਾਂ ਨੂੰ ਅਪਣਾ ਕੇ ਅਤੇ ਆਪਣੀ ਖੁਰਾਕ ਵਿੱਚ ਬਦਲਾਅ ਕਰਕੇ ਇਸ ਸਮੱਸਿਆ ਨੂੰ ਆਸਾਨੀ ਨਾਲ ਕਾਬੂ ਕੀਤਾ ਜਾ ਸਕਦਾ ਹੈ। ਜੇਕਰ ਤੁਹਾਨੂੰ ਦੁੱਧ ਤੋਂ ਐਲਰਜੀ ਹੈ ਤਾਂ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੁੱਧ ਨਾ ਪੀਓ। ਇਸ ਦੀ ਬਜਾਏ ਅਜਿਹੀ ਖੁਰਾਕ ਲਓ ਜਿਸ ਵਿੱਚ ਕੈਲਸ਼ੀਅਮ, ਪ੍ਰੋਟੀਨ ਅਤੇ ਵਿਟਾਮਿਨ ਹੋਵੇ।