ਸਲਮਾਨ ਖਾਨ ਦੇ ਫਾਰਮ ਹਾਊਸ ‘ਚ ਜ਼ਬਰਦਸਤੀ ਦਾਖਲ ਹੋਏ ਦੋ ਲੋਕ, ਜਾਂਚ ‘ਚ ਮਿਲੇ ਫਰਜ਼ੀ ਆਧਾਰ ਕਾਰਡ
ਸਲਮਾਨ ਖਾਨ ਆਪਣੀ ਜ਼ਬਰਦਸਤ ਪ੍ਰਸਿੱਧੀ ਕਾਰਨ ਲੋਕਾਂ ਦੇ ਨਿਸ਼ਾਨੇ 'ਤੇ ਬਣੇ ਰਹਿੰਦੇ ਹਨ। ਹਾਲ ਹੀ 'ਚ ਨਵੀਂ ਮੁੰਬਈ ਦੇ ਪਨਵੇਲ ਸਥਿਤ ਸਲਮਾਨ ਖਾਨ ਦੇ ਫਾਰਮ ਹਾਊਸ 'ਚ ਦੋ ਲੋਕਾਂ ਨੇ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਦੋਵੇਂ ਵਿਅਕਤੀ ਆਪਣੇ ਆਪ ਨੂੰ ਸਲਮਾਨ ਖਾਨ ਦੇ ਪ੍ਰਸ਼ੰਸਕ ਦੱਸ ਰਹੇ ਸਨ। ਫਿਲਹਾਲ ਪੁਲਿਸ ਦੋਵਾਂ ਤੋਂ ਪੁੱਛਗਿੱਛ ਕਰ ਰਹੀ ਹੈ।
ਸਲਮਾਨ ਖਾਨ ਬਾਲੀਵੁੱਡ ਦੇ ਅਜਿਹੇ ਅਭਿਨੇਤਾ ਹਨ, ਜਿਨ੍ਹਾਂ ਦੀ ਪ੍ਰਸਿੱਧੀ ਦਾ ਅੰਦਾਜ਼ਾ ਲਗਾਉਣਾ ਅਸੰਭਵ ਹੈ। ਇਹੀ ਕਾਰਨ ਹੈ ਕਿ ਉਨ੍ਹਾਂ ਦੇ ਦੁਸ਼ਮਣ ਵੀ ਦੁਨੀਆ ਦੇ ਕੋਨੇ-ਕੋਨੇ ਵਿਚ ਛੁਪੇ ਹੋਏ ਹਨ। ਕਈ ਵਾਰ ਤੁਸੀਂ ਉਨ੍ਹਾਂ ਉੱਤੇ ਅਤੇ ਉਨ੍ਹਾਂ ਦੇ ਪਰਿਵਾਰ ‘ਤੇ ਜਾਨ ਦੇ ਹਮਲੇ ਦੀ ਕੋਸ਼ਿਸ਼ ਕਰਨ ਦੇ ਮਾਮਲਿਆਂ ਬਾਰੇ ਸੁਣਿਆ ਹੋਵੇਗਾ। ਹੁਣ ਇਕ ਵਾਰ ਫਿਰ ਅਜਿਹਾ ਹੀ ਹੋਇਆ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਦਰਅਸਲ, ਨਵੀਂ ਮੁੰਬਈ ਦੇ ਪਨਵੇਲ ਸਥਿਤ ਸਲਮਾਨ ਖਾਨ (Salman Khan) ਦੇ ਫਾਰਮ ਹਾਊਸ ‘ਚ ਦੋ ਲੋਕਾਂ ਨੇ ਜ਼ਬਰਦਸਤੀ ਦਾਖਲ ਹੋਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਂਕਿ ਪੁਲਿਸ ਮੁਤਾਬਕ, ਘਟਨਾ ਦੇ ਸਮੇਂ ਸਲਮਾਨ ਫਾਰਮ ਹਾਊਸ ‘ਚ ਮੌਜੂਦ ਨਹੀਂ ਸਨ।
ਜਾਣਕਾਰੀ ਮੁਤਾਬਕ ਵੀਰਵਾਰ ਸ਼ਾਮ ਕਰੀਬ 4 ਵਜੇ ਦੋ ਅਣਪਛਾਤੇ ਵਿਅਕਤੀ ਸਲਮਾਨ ਖਾਨ ਦੇ ਘਰ ‘ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੂੰ ਫਾਰਮ ਹਾਊਸ ‘ਚ ਦਾਖਲ ਹੁੰਦੇ ਦੇਖ ਉੱਥੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਜਿਸ ਤੋਂ ਬਾਅਦ ਫਾਰਮ ਹਾਊਸ ਦੇ ਮੈਨੇਜਰ ਨੂੰ ਵੀ ਬੁਲਾਇਆ ਗਿਆ। ਜਦੋਂ ਪੁੱਛਗਿੱਛ ਕੀਤੀ ਗਈ ਤਾਂ ਦੋਵੇਂ ਵਿਅਕਤੀ ਆਪਣੇ ਆਪ ਨੂੰ ਸਲਮਾਨ ਖਾਨ ਦੇ ਪ੍ਰਸ਼ੰਸਕ ਦੱਸ ਰਹੇ ਸਨ। ਇਸ ਦੇ ਬਾਵਜੂਦ ਸੁਰੱਖਿਆ ਗਾਰਡਾਂ ਨੇ ਉਨ੍ਹਾਂ ਦੀ ਗੱਲ ‘ਤੇ ਵਿਸ਼ਵਾਸ ਨਹੀਂ ਕੀਤਾ ਅਤੇ ਪੁਲਿਸ ਨੂੰ ਬੁਲਾਇਆ। ਗਾਰਡ ਨੇ ਦੋਵਾਂ ਨੂੰ ਪੁਲਿਸ ਹਵਾਲੇ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਕੰਡਿਆਲੀ ਤਾਰ ਤੋੜ ਕੇ ਅੰਦਰ ਵੜਨ ਦੀ ਕੋਸ਼ਿਸ਼ ਕਰ ਰਹੇ ਸਨ।
ਮੁਲਜ਼ਮਾਂ ਕੋਲੋਂ ਲਗਾਤਾਰ ਪੁੱਛਗਿੱਛ ਜਾਰੀ
ਨਵੀਂ ਮੁੰਬਈ ਪੁਲਿਸ ਨਾਲ ਗੱਲ ਕਰਨ ਤੋਂ ਬਾਅਦ ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਇਹ ਦੋਵੇਂ ਸ਼ੱਕੀ ਸਨ। ਦੋਵਾਂ ਵਿਅਕਤੀਆਂ ਕੋਲੋਂ ਮਿਲੇ ਆਧਾਰ ਕਾਰਡ ਜਾਅਲੀ ਹਨ। ਦੋਵਾਂ ਦੀ ਪਛਾਣ ਅਜੇਸ਼ ਕੁਮਾਰ ਗਿੱਲ ਅਤੇ ਗੁਰਸੇਵਕ ਸਿੰਘ ਵਜੋਂ ਹੋਈ ਹੈ। ਪੁੱਛਗਿੱਛ ਦੌਰਾਨ ਇਨ੍ਹਾਂ ਦੇ ਪੰਜਾਬ ਅਤੇ ਰਾਜਸਥਾਨ ਤੋਂ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ। ਇਸ ਲਈ ਇਹ ਮਾਮਲਾ ਕਾਫੀ ਸ਼ੱਕੀ ਹੈ। ਫਿਲਹਾਲ ਦੋਸ਼ੀਆਂ ਤੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਮੁਲਜ਼ਮਾਂ ਖ਼ਿਲਾਫ਼ ਐਫਆਈਆਰ ਦਰਜ
ਉੱਧਰ, ਜਾਅਲੀ ਆਧਾਰ ਕਾਰਡ ਮਿਲਣ ਤੋਂ ਬਾਅਦ ਦੋਸ਼ੀਆਂ ਖਿਲਾਫ ਧਾਰਾ 420 ਯਾਨੀ ਝੂਠ ਬੋਲ ਕੇ ਧੋਖਾਧੜੀ ਕਰਨ ਦੀ ਕੋਸ਼ਿਸ਼, 448 ਟਰੈਸ ਪਾਸਿੰਗ, 465 ਧੋਖਾਧੜੀ, 468 ਅਤੇ 471 ਤਹਿਤ ਐੱਫਆਈਆਰ ਦਰਜ ਕੀਤੀ ਗਈ ਹੈ। ਹਾਲਾਂਕਿ ਮੁਲਜ਼ਮਾਂ ਕੋਲੋਂ ਕੋਈ ਹਥਿਆਰ ਬਰਾਮਦ ਨਹੀਂ ਹੋਇਆ ਹੈ। ਪਰ, ਉਨ੍ਹਾਂ ਦੀਆਂ ਗਤੀਵਿਧੀਆਂ ਸ਼ੱਕੀ ਸਨ ਅਤੇ ਅਜਿਹੀ ਸਥਿਤੀ ਵਿੱਚ ਜਾਂਚ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਵਾਲ ਇਹ ਹੈ ਕਿ ਜੇਕਰ ਇਹ ਦੋਵੇਂ ਸ਼ੱਕੀ ਨਹੀਂ ਹਨ ਤਾਂ ਉਨ੍ਹਾਂ ਨੇ ਆਪਣੀ ਪਛਾਣ ਕਿਉਂ ਛੁਪਾਈ ਅਤੇ ਫਾਰਮ ਹਾਊਸ ‘ਚ ਜ਼ਬਰਦਸਤੀ ਦਾਖਲ ਹੋਣ ਪਿੱਛੇ ਉਨ੍ਹਾਂ ਦਾ ਕੀ ਇਰਾਦਾ ਸੀ?