Rajasthan Election Result 2023: ਨਹੀਂ ਚੱਲਿਆ ਗਹਿਲੋਤ ਦਾ ਜਾਦੂ, ਰਾਜਸਥਾਨ ‘ਚ ਭਾਜਪਾ ਦੀ ਜਿੱਤ ਦੇ 5 ਕਾਰਨ
Rajasthan Election Result 2023: ਰਾਜਸਥਾਨ ਵਿੱਚ ਭਾਜਪਾ ਬਹੁਮਤ ਵੱਲ ਵਧ ਰਹੀ ਹੈ, ਹੁਣ ਤੱਕ ਦੇ ਰੁਝਾਨਾਂ ਮੁਤਾਬਕ ਕਾਂਗਰਸ ਦੇ ਹੱਥੋਂ ਸੱਤਾ ਖਿਸਕਦੀ ਜਾ ਰਹੀ ਹੈ ਅਤੇ ਭਾਜਪਾ ਵਾਪਸੀ ਕਰਦੀ ਨਜ਼ਰ ਆ ਰਹੀ ਹੈ। ਗਹਿਲੋਤ ਸਰਕਾਰ ਵੱਲੋਂ ਕਈ ਲੋਕ ਕਲਿਆਣ ਦੀ ਯੋਜਨਾਵਾਂ ਚਲਾਉਣ ਦੇ ਬਾਅਦ ਵੀ ਕਾਂਗਰਸ ਹਾਰ ਵੱਲ ਵੱਧ ਰਹੀ ਹੈ। ਕਾਂਗਰਸ ਦੀ ਇਸ ਹਾਰ ਪਿੱਛੇ ਕਈ ਕਾਰਨ ਹਨ। ਸਮਝੋ ਵਿਸਥਾਰ ਨਾਲ ...
ਰਾਜਸਥਾਨ ਵਿੱਚ ਭਾਜਪਾ ਦੀ ਵਾਪਸੀ ਹੁੰਦੀ ਨਜ਼ਰ ਆ ਰਹੀ ਹੈ, ਪਿਛਲੇ 25 ਸਾਲਾਂ ਤੋਂ ਚੱਲੀ ਆ ਰਹੀ ਰਵਾਇਤ ਇਸ ਵਾਰ ਵੀ ਨਹੀਂ ਬਦਲੀ ਅਤੇ ਕਾਂਗਰਸ ਤੋਂ ਬਾਅਦ ਇੱਕ ਵਾਰ ਫਿਰ ਭਾਜਪਾ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਫਿਲਹਾਲ ਜੋ ਰੁਝਾਨ ਸਾਹਮਣੇ ਆ ਰਹੇ ਹਨ, ਉਨ੍ਹਾਂ ‘ਚ ਭਾਜਪਾ ਸਭ ਤੋਂ ਅੱਗੇ ਹੈ ਅਤੇ ਉਸ ਨੂੰ ਬਹੁਮਤ ਮਿਲਦਾ ਨਜ਼ਰ ਆ ਰਿਹਾ ਹੈ। ਰਾਜਸਥਾਨ ‘ਚ ਇਸ ਵਾਰ 200 ‘ਚੋਂ 199 ਸੀਟਾਂ ‘ਤੇ ਵੋਟਾਂ ਪਈਆਂ ਸਨ, ਜਿਸ ਮੁਤਾਬਕ ਬਹੁਮਤ ਲਈ 100 ਸੀਟਾਂ ਜ਼ਰੂਰੀ ਹਨ। ਕਾਂਗਰਸ ਇਸ ਜਾਦੂਈ ਅੰਕੜੇ ਤੋਂ ਕਾਫੀ ਪਿੱਛੇ ਰਹਿ ਗਈ ਹੈ ਅਤੇ ਗਹਿਲੋਤ ਦਾ ਜਾਦੂ ਪੂਰੀ ਤਰ੍ਹਾਂ ਫੇਲ ਹੋ ਗਿਆ ਹੈ।
ਮੋਦੀ ਮੈਜ਼ਿਕ ਦੇ ਅੱਗੇ ਨਹੀਂ ਮਿਲਿਆ ਅਸ਼ੋਕ ਗਹਿਲੋਤ ਦਾ ਜਾਦੂ
ਬੀਜੇਪੀ ਨੇ ਰਾਜਸਥਾਨ ਚੋਣਾਂ ਵਿੱਚ ਪੀਐਮ ਮੋਦੀ ਦਾ ਚਿਹਰਾ ਅੱਗੇ ਰੱਖਿਆ। ਬੀਜੇਪੀ ਨੇ ਪੀਐਮ ਦੇ ਚਿਹਰੇ ‘ਤੇ ਚੋਣ ਲੜੀ ਅਤੇ ਸੀਐਮ ਦੇ ਨਾਮ ਦਾ ਐਲਾਨ ਨਹੀਂ ਕੀਤਾ, ਪੀਐਮ ਨੇ ਖੁਦ 15 ਰੈਲੀਆਂ ਕੀਤੀਆਂ, ਬੀਕਾਨੇਰ ਅਤੇ ਜੈਪੁਰ ਵਿੱਚ ਰੋਡ ਸ਼ੋਅ ਵੀ ਕੀਤੇ। ਪ੍ਰਚਾਰ ਦੌਰਾਨ ਪੀਐਮ ਨੇ ਗਹਿਲੋਤ ਸਰਕਾਰ ‘ਤੇ ਭ੍ਰਿਸ਼ਟਾਚਾਰ ਅਤੇ ਤੁਸ਼ਟੀਕਰਨ ਦੇ ਦੋਸ਼ ਲਗਾਉਂਦਿਆਂ ਰੱਜ ਕੇ ਘੇਰਿਆ।
ਫਿਰ ਚਲਿਆ ਭਾਜਪਾ ਦਾ ਹਿੰਦੂਤਵ ਕਾਰਡ
200 ਵਿਧਾਨ ਸਭਾ ਸੀਟਾਂ ਵਾਲੇ ਰਾਜਸਥਾਨ ਵਿੱਚ ਭਾਜਪਾ ਨੇ ਇੱਕ ਵੀ ਮੁਸਲਿਮ ਉਮੀਦਵਾਰ ਨੂੰ ਟਿਕਟ ਨਹੀਂ ਦਿੱਤੀ ਸੀ। 2018 ਦੀਆਂ ਚੋਣਾਂ ‘ਚ ਭਾਜਪਾ ਨੇ ਟੋਂਕ ਤੋਂ ਸਚਿਨ ਪਾਇਲਟ ਦੇ ਖਿਲਾਫ ਯੂਨਸ ਖਾਨ ਨੂੰ ਮੈਦਾਨ ‘ਚ ਉਤਾਰਿਆ ਸੀ। ਪਰ ਇਸ ਵਾਰ ਉਸ ਦੀ ਟਿਕਟ ਰੱਦ ਹੋ ਗਈ। ਇੱਥੋਂ ਤੱਕ ਕਿ ਭਾਜਪਾ ਨੇ ਤਿੰਨ ਮੁਸਲਿਮ ਬਹੁਲ ਸੀਟਾਂ ‘ਤੇ ਸੰਤਾਂ ਨੂੰ ਮੈਦਾਨ ‘ਚ ਉਤਾਰਿਆ। ਜੈਪੁਰ ਦੀ ਹਵਾ ਮਹਿਲ ਸੀਟ ਤੋਂ ਸੰਤ ਬਾਲ ਮੁਕੁੰਦ ਆਚਾਰੀਆ ਨੂੰ ਟਿਕਟ ਦਿੱਤੀ, ਜਦੋਂ ਕਿ ਅਲਵਰ ਦੀ ਤਿਜਾਰਾ ਸੀਟ ਤੋਂ ਬਾਬਾ ਬਾਲਕਨਾਥ ‘ਤੇ ਸੱਟਾ ਲਗਾਇਆ। ਬਾਲਕਨਾਥ ਆਪਣੇ ਆਪ ਨੂੰ ਰਾਜਸਥਾਨ ਦਾ ਯੋਗੀ ਦੱਸਦੇ ਹਨ। ਇਥੋਂ ਤੱਕ ਕਿ ਸੀਐਮ ਯੋਗੀ ਖੁਦ ਉਨ੍ਹਾਂ ਲਈ ਪ੍ਰਚਾਰ ਕਰਨ ਤਿਜਾਰਾ ਪਹੁੰਚੇ ਸਨ। ਪਾਰਟੀ ਨੇ ਪੋਕਰਨ ਸੀਟ ਤੋਂ ਮਹੰਤ ਪ੍ਰਤਾਪਪੁਰੀ ਨੂੰ ਟਿਕਟ ਦਿੱਤੀ ਹੈ।
ਭਾਜਪਾ ਨੇ ਕਨ੍ਹਈਆ ਲਾਲ ਕਤਲ ਕਾਂਡ ਦੇ ਮੁੱਦੇ ਨੂੰ ਭੁਣਾਇਆ
ਰਾਜਸਥਾਨ ਚੋਣਾਂ ਵਿੱਚ ਭਾਜਪਾ ਨੇ ਕਨ੍ਹਈਆ ਲਾਲ ਕਤਲ ਕਾਂਡ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਇਆ ਸੀ। ਇਸੇ ਬਹਾਨੇ ਭਾਜਪਾ ਨੇ ਇਕ ਵਾਰ ਫਿਰ ਕਾਂਗਰਸ ‘ਤੇ ਤੁਸ਼ਟੀਕਰਨ ਦਾ ਦੋਸ਼ ਲਗਾ ਕੇ ਖੂੰਜੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਜੂਨ 2022 ਵਿੱਚ ਹੋਏ ਇਸ ਕਤਲੇਆਮ ਦੇ ਬਹਾਨੇ ਭਾਜਪਾ ਨੇ ਇੱਥੇ ਜਾਤੀਵਾਦ ਖੇਡਣ ਦੀ ਕੋਸ਼ਿਸ਼ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੁਦ ਆਪਣੀ ਇੱਕ ਰੈਲੀ ਦੌਰਾਨ ਕਨ੍ਹਈਆ ਲਾਲ ਦੇ ਕਤਲ ਦਾ ਜ਼ਿਕਰ ਕੀਤਾ ਸੀ ਅਤੇ ਕਿਹਾ ਸੀ – ਕਾਂਗਰਸ ਰਾਜਸਥਾਨ ਦੀ ਪਰੰਪਰਾ ਨੂੰ ਖਤਰੇ ਵਿੱਚ ਪਾ ਰਹੀ ਹੈ। ਕਾਂਗਰਸ ਦੇ ਰਾਜ ਦੌਰਾਨ ਕੈਮਰੇ ਸਾਹਮਣੇ ਜੋ ਕੁਝ ਵਾਪਰਿਆ, ਉਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ ਸੀ ਕਿ ਇਹ ਕਤਲ ਕਾਂਗਰਸ ਸਰਕਾਰ ‘ਤੇ ਇਕ ਵੱਡਾ ਦਾਗ ਹੈ। ਪੀਐਮ ਮੋਦੀ ਤੋਂ ਇਲਾਵਾ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਆਪਣੀਆਂ ਰੈਲੀਆਂ ਵਿੱਚ ਕਈ ਵਾਰ ਕਨ੍ਹਈਆ ਕਤਲ ਕਾਂਡ ਦਾ ਜ਼ਿਕਰ ਕੀਤਾ।
ਪੇਪਰ ਲੀਕ ਨੂੰ ਮੁੱਦਾ ਬਣਾ ਕੇ ਭਾਜਪਾ ਨੇ ਕਾਂਗਰਸ ਨੂੰ ਘੇਰਿਆ
ਪੇਪਰ ਲੀਕ ਦਾ ਮਾਮਲਾ ਵੀ ਰਾਜਸਥਾਨ ਸਰਕਾਰ ਲਈ ਗਲੇ ਦਾ ਕੰਡਾ ਬਣ ਗਿਆ। ਚੋਣਾਂ ਤੋਂ ਪਹਿਲਾਂ ਸਚਿਨ ਪਾਇਲਟ ਨੇ ਆਪਣੀ ਹੀ ਸਰਕਾਰ ਨੂੰ ਘੇਰਿਆ ਸੀ ਅਤੇ ਰਾਜਸਥਾਨ ਵਿੱਚ ਭਰਤੀ ਪ੍ਰੀਖਿਆਵਾਂ ਦੇ ਪੇਪਰ ਲੀਕ ਦੀ ਜਾਂਚ ਦੀ ਮੰਗ ਕੀਤੀ ਸੀ। ਪਿਛਲੇ ਕਈ ਸਾਲਾਂ ਤੋਂ ਕਈ ਪ੍ਰੀਖਿਆਵਾਂ ਦੇ ਪੇਪਰ ਲੀਕ ਹੋਏ ਹਨ, ਜਿਸ ਕਾਰਨ ਸੂਬੇ ਦੇ ਲੱਖਾਂ ਬੇਰੁਜ਼ਗਾਰ ਲੋਕ ਪ੍ਰੇਸ਼ਾਨ ਹਨ। ਭਾਜਪਾ ਨੇ ਚੋਣਾਂ ਵਿੱਚ ਇਸ ਮੁੱਦੇ ਨੂੰ ਕਾਫੀ ਉਛਾਲਿਆ ਅਤੇ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ।
ਇਹ ਵੀ ਪੜ੍ਹੋ
ਲਾਲ ਡਾਇਰੀ ‘ਤੇ ਕਾਂਗਰਸ ਨੇ ਘੇਰਿਆ
ਭਾਜਪਾ ਨੇ ਵੀ ਇਸ ਚੋਣ ਵਿੱਚ ਲਾਲ ਡਾਇਰੀ ਨੂੰ ਵੀ ਵੱਡਾ ਮੁੱਦਾ ਬਣਾਇਆ। ਕਾਂਗਰਸ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਪੀਐਮ ਮੋਦੀ ਨੇ ਖੁਦ ਆਪਣੀਆਂ ਚੋਣ ਸਭਾਵਾਂ ‘ਚ ਲਾਲ ਡਾਇਰੀ ਦਾ ਜ਼ਿਕਰ ਕੀਤਾ ਸੀ। ਜੁਲਾਈ ਮਹੀਨੇ ਵਿੱਚ ਅਸ਼ੋਕ ਗਹਿਲੋਤ ਸਰਕਾਰ ਦੇ ਬਰਖ਼ਾਸਤ ਮੰਤਰੀ ਰਾਜਿੰਦਰ ਗੁਢਾ ਲਾਲ ਇੱਕ ਡਾਇਰੀ ਲੈ ਕੇ ਵਿਧਾਨ ਸਭਾ ਪੁੱਜੇ ਸਨ ਅਤੇ ਗਹਿਲੋਤ ਸਰਕਾਰ ਉੱਤੇ ਕਈ ਗੰਭੀਰ ਦੋਸ਼ ਲਗਾਏ ਸਨ। ਜਿਸ ਤੋਂ ਬਾਅਦ ਭਾਜਪਾ ਨੂੰ ਇੱਕ ਵੱਡਾ ਮੁੱਦਾ ਮਿਲ ਗਿਆ ਅਤੇ ਚੋਣਾਂ ਵਿੱਚ ਇਸ ਨੂੰ ਭੁਣਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਗਈ।
ਨਹੀਂ ਬਦਲਿਆ ਰਿਵਾਜ
1998 ਤੋਂ ਭਾਵ ਪਿਛਲੇ 25 ਸਾਲਾਂ ਤੋਂ ਰਾਜਸਥਾਨ ਦੀ ਇਹ ਰਵਾਇਤ ਰਹੀ ਹੈ ਕਿ ਹਰ ਚੋਣ ‘ਚ ਸੱਤਾ ਬਦਲਦੀ ਹੈ, ਇਨ੍ਹਾਂ ਸਾਰੇ ਸਾਲਾਂ ‘ਚ ਸਿਰਫ ਦੋ ਹੀ ਮੁੱਖ ਮੰਤਰੀ ਰਹੇ ਹਨ, ਅਸ਼ੋਕ ਗਹਿਲੋਤ ਕਾਂਗਰਸ ਤੋਂ ਅਤੇ ਭਾਜਪਾ ਤੋਂ ਵਸੁੰਧਰਾ ਰਾਜੇ ਇੱਕ-ਇੱਕ ਕਰਕੇ ਮੁੱਖ ਮੰਤਰੀ ਦਾ ਅਹੁਦਾ ਸੰਭਾਲ ਰਹੇ ਹਨ।