Girl Abroad And Fraud: ਕਿਸੇ ਨੇ ਬਦਲਿਆ ਨੰਬਰ, ਕਿਸੇ ਨੇ ਕੀਤਾ ਬਲੌਕ, ਕਿਸੇ ਨੇ ਭੇਜਿਆ ਤਲਾਕ... ਵਿਦੇਸ਼ਾਂ ਵਿੱਚ ਜਾਕੇ ਆਪਣੇ ਵਾਅਦਿਆਂ ਤੋਂ ਕਿਉਂ ਮੁਕਰ ਰਹੇ ਨੇ ਪੰਜਾਬੀ ? Punjabi news - TV9 Punjabi

Wives Cheat Husbands: ਕਿਸੇ ਨੇ ਬਦਲਿਆ ਨੰਬਰ, ਕਿਸੇ ਨੇ ਕੀਤਾ ਬਲੌਕ, ਕਿਸੇ ਨੇ ਭੇਜਿਆ ਤਲਾਕ… ਵਿਦੇਸ਼ਾਂ ਵਿੱਚ ਜਾਕੇ ਆਪਣੇ ਵਾਅਦਿਆਂ ਤੋਂ ਕਿਉਂ ਮੁਕਰ ਰਹੇ ਨੇ ਪੰਜਾਬੀ ?

Updated On: 

19 Sep 2024 21:59 PM

Girl Cheated Husband from Canada: ਪੰਜਾਬ ਦੀ ਧਰਤੀ ਤੋਂ ਜਿਵੇਂ ਹੀ ਵਿਦੇਸ਼ਾਂ ਲਈ ਪ੍ਰਵਾਸ ਸ਼ੁਰੂ ਹੋਇਆ ਤਾਂ ਪੰਜਾਬੀਆਂ ਨੂੰ ਸੁਨਹਿਰੇ ਭਵਿੱਖ ਦੇ ਸੁਪਨੇ ਦਿਖਾਈ ਦਿੱਤੇ। ਦੇਖਦਿਆਂ ਦੇਖਦਿਆਂ ਇਹ ਪ੍ਰਵਾਸ ਐਨਾ ਵਧ ਗਿਆ ਕਿ ਵਿਦੇਸ਼ ਜਾਣ ਦੀ ਚਾਹਤ ਰਿਸ਼ਤਿਆਂ ਨੂੰ ਹੀ ਤਾਰ ਤਾਰ ਕਰਨ ਲੱਗ ਪਈ। ਝੂਠੇ ਵਿਆਹਾਂ ਤੋਂ ਲੈਕੇ ਵਿਦੇਸ਼ਾਂ ਵਿੱਚ PR ਲੈਣ ਦਾ ਸਿਲਸਿਲਾ ਸ਼ੁਰੂ ਹੋ ਗਿਆ।

Wives Cheat Husbands: ਕਿਸੇ ਨੇ ਬਦਲਿਆ ਨੰਬਰ, ਕਿਸੇ ਨੇ ਕੀਤਾ ਬਲੌਕ, ਕਿਸੇ ਨੇ ਭੇਜਿਆ ਤਲਾਕ... ਵਿਦੇਸ਼ਾਂ ਵਿੱਚ ਜਾਕੇ ਆਪਣੇ ਵਾਅਦਿਆਂ ਤੋਂ ਕਿਉਂ ਮੁਕਰ ਰਹੇ ਨੇ ਪੰਜਾਬੀ ?

ਵਿਦੇਸ਼ ਜਾ ਕੇ ਕਿਉਂ ਮੁਕਰ ਗਏ 'ਸੱਜਣ'?

Follow Us On

Girl Abroad And Fraud: ਪੰਜਾਬ ਦੇ ਬਾਕੀ ਸੰਕਟਾਂ ਨਾਲੋਂ ਵੱਖ ਇੱਕ ਹੋਰ ਨਵਾਂ ਸੰਕਟ ਪੰਜਾਬੀਅਤ ਦੇ ਸਾਹਮਣੇ ਆ ਖੜਾ ਹੋਇਆ ਹੈ, ਜਿੱਥੇ ਵਿਦੇਸ਼ ਜਾਣ ਦੇ ਲਾਲਚ ਵਿੱਚ ਆਕੇ ਰਿਸ਼ਤਿਆਂ ਦਾ ਹੀ ਘਾਣ ਕੀਤਾ ਜਾ ਰਿਹਾ ਹੈ। ਕਦੇ ਛੋਟੀ ਕੁੜੀ ਦਾ ਵਿਆਹ ਵੱਡੀ ਉਮਰ ਦੇ ਮੁੰਡਿਆਂ ਨਾਲ ਕਰ ਦਿੱਤਾ ਜਾਂਦਾ ਹੈ ਤਾਂ ਕਿਤੇ ਸ਼ਰਤਾਂ ਨਾਲ ਪਤੀ-ਪਤਨੀ ਦੇ ਪਵਿੱਤਰ ਰਿਸ਼ਤੇ ਵਿੱਚ ਪਹਿਲਾਂ ਤੋਂ ਹੀ ਗੰਢ ਪਾ ਕੇ ਫਰਜ਼ੀ ਜਿੰਦਗੀ ਦੀ ਸੁਰੂਆਤ ਕੀਤੀ ਜਾ ਰਹੀ ਹੈ। ਰਿਸ਼ਤਿਆਂ ਦੀ ਮਰਿਆਦਾ ਨੂੰ ਢਾਹ ਲਗਾਉਂਦੇ ਇੱਕ ਤੋਂ ਬਾਅਦ ਇੱਕ ਅਜਿਹੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਵਿਆਹ ਦੇ ਕੁੱਝ ਅਜਿਹੇ ਮਾਮਲਿਆਂ ਤੇ ਝਾਤ ਪਾਉਂਦੀ ਹੈ ਸਾਡੀ ਇਹ ਰਿਪੋਰਟ…

ਫਾਜ਼ਿਲਕਾ ਦੇ ਜਲਾਲਾਬਾਦ ਥਾਣੇ ਦੀ ਪੁਲਿਸ ਨੇ ਇਕ ਨੌਜਵਾਨ ਦੀ ਪਤਨੀ ਸਮੇਤ ਉਸ ਦੇ ਸਹੁਰੇ ਅਤੇ ਸਹੁਰੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ, ਜਿਸ ‘ਚ ਲੜਕੀ ਨੇ ਨੌਜਵਾਨ ਨੇ ਆਪਣੇ ਨਾਲ ਪਤਨੀ ਵੱਲੋਂ 10 ਲੱਖ ਰੁਪਏ ਠੱਗੀ ਮਾਰਨ ਅਤੇ 10 ਤੋਲੇ ਸੋਨਾ ਲੈਣ ਦਾ ਇਲਜ਼ਾਮ ਲਗਾਇਆ ਹੈ। ਸ਼ਿਕਾਇਤ ਦਰਜ ਕਰਵਾਉਣ ਵਾਲੇ ਨੌਜਵਾਨ ਨੇ ਕਿਹਾ ਕਿ ਉਸ ਨਾਲ ਵਿਆਹ ਕਰਾਉਣ ਦੇ ਬਹਾਨੇ ਧੋਖਾ ਹੋਇਆ ਹੈ।

ਸੰਕੇਤਕ ਤਸਵੀਰ

ਫਾਜ਼ਿਲਕਾ ਦੀ ਕੁੜੀ ਨੇ ਰਿਸ਼ਤਿਆਂ ਦਾ ਉਡਾਇਆ ਮਜ਼ਾਕ

ਜਲਾਲਾਬਾਦ ਥਾਣੇ ਦੇ ਐਸਐਚਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਜਸ਼ਨਪ੍ਰੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਲੜਕੀ ਨੇ ਆਈਲੈਟਸ ਕੀਤਾ ਹੋਇਆ ਸੀ ਅਤੇ ਉਸ ਦਾ ਸਟੂਡੈਂਟ ਵੀਜ਼ਾ ਵੀ ਲੱਗਿਆ ਹੋਇਆ ਸੀ ਪਰ ਉਸਦੇ ਪਰਿਵਾਰ ਕੋਲ ਪੈਸੇ ਨਹੀਂ ਹਨ ਕਿ ਉਹ ਉਸ ਨੂੰ ਕੈਨੇਡਾ ਭੇਜ ਸਕਣ। ਜਿਸ ਤੋਂ ਬਾਅਦ 10 ਅਕਤੂਬਰ 2020 ਨੂੰ ਉਸ ਦਾ ਵਿਆਹ ਉਸ ਲੜਕੀ ਨਾਲ ਕਰਵਾ ਦਿੱਤਾ ਗਿਆ। ਵਿਆਹ ਮੌਕੇ ਕਿਹਾ ਗਿਆ ਸੀ ਕਿ ਲੜਕੀ ਪਹਿਲਾਂ ਕੈਨੇਡਾ ਜਾਵੇਗੀ ਅਤੇ ਫਿਰ ਲੜਕੇ ਨੂੰ ਬੁਲਾ ਲਵੇਗੀ। ਇਸ ਲਈ ਲੜਕਾ ਲੜਕੀ ਦੇ ਵਿਦੇਸ਼ ਜਾਣ ਦਾ ਖਰਚ ਚੁੱਕੇਗਾ।

ਲੱਖਾਂ ਰੁਪਏ ਲਗਾ ਕੇ ਭੇਜਿਆ ਕੈਨੇਡਾ

ਪੀੜਤ ਨੌਜਵਾਨ ਨੇ ਲੱਖਾਂ ਰੁਪਏ ਖਰਚ ਕੇ ਆਪਣੀ ਪਤਨੀ ਨੂੰ ਕੈਨੇਡਾ ਭੇਜਿਆ, ਜਿਸ ਵਿਚ ਉਸ ਨੇ ਢਾਈ ਲੱਖ ਰੁਪਏ ਨਕਦ, ਇਕ ਲੈਪਟਾਪ ਅਤੇ ਹੋਰ ਸਾਮਾਨ ਵੀ ਖਰੀਦਿਆ। ਇਸ ਦੇ ਲਈ ਉਸ ਦੀ ਪਤਨੀ ਦੇ ਬੈਂਕ ਖਾਤੇ ‘ਚ 2 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾ ਕਰਵਾਈ ਗਈ ਪਰ ਕੁਝ ਹੀ ਦਿਨਾਂ ਬਾਅਦ ਉਸ ਤੋਂ ਕਰੀਬ 15 ਲੱਖ ਰੁਪਏ ਦੀ ਮੰਗ ਕੀਤੀ ਗਈ ਅਤੇ ਕਿਹਾ ਗਿਆ ਕਿ ਇਹ ਪੈਸੇ ਭਰਨ ਤੋਂ ਬਾਅਦ ਹੀ ਉਹ ਕੈਨੇਡਾ ਬੁਲਾ ਸਕੇਗੀ।

ਜਿਸ ਤੋਂ ਬਾਅਦ ਉਸ ਨੇ ਆਪਣੇ ਪੱਧਰ ‘ਤੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨਾਲ ਠੱਗੀ ਹੋਈ ਹੈ, ਸੱਚਾਈ ਸਾਹਮਣੇ ਆਉਣ ਤੋਂ ਬਾਅਦ ਮੁਲਜ਼ਮ ਲੜਕੀ ਨੇ ਲੜਕੇ ਦਾ ਮੋਬਾਇਲ ਨੰਬਰ ਹੀ ਬਲੌਕ ਕਰ ਦਿੱਤਾ। ਜਿਸ ਤੋਂ ਬਾਅਦ ਲੜਕੇ ਨੇ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਲੜਕੇ ਦੀ ਪਤਨੀ ਨਵਲੀਨ ਕੌਰ, ਸਹੁਰਾ ਮੁਖਤਿਆਰ ਸਿੰਘ ਅਤੇ ਸੱਸ ਜਗਜੀਤ ਕੌਰ ਖ਼ਿਲਾਫ਼ ਵਿਆਹ ਦਾ ਝਾਂਸਾ ਦੇ ਕੇ ਵਿਦੇਸ਼ ਲਿਜਾਣ ਦੇ ਬਹਾਨੇ 10 ਲੱਖ ਰੁਪਏ ਅਤੇ 10 ਤੋਲੇ ਸੋਨਾ ਲੈ ਕੇ ਠੱਗੀ ਮਾਰਨ ਦੇ ਇਲਜ਼ਾਮ ਹੇਠ ਕੇਸ ਦਰਜ ਕਰ ਲਿਆ ਹੈ।

ਸੰਕੇਤਕ ਤਸਵੀਰ

ਜਗਰਾਓਂ ਦੀ ਕੁੜੀ ਨੇ ਕੈਨੇਡਾ ਪਹੁੰਚ ਕੇ ਭੇਜਿਆ ਤਲਾਕ ਦਾ ਨੋਟਿਸ

ਦੂਜਾ ਮਾਮਲਾ ਜਗਰਾਓਂ ਦੇ ਪਿੰਡ ਬੱਸੀਆਂ ਤੋਂ ਸਾਹਮਣੇ ਆਇਆ ਹੈ…ਜਿੱਥੇ ਇੱਕ ਨੌਜਵਾਨ ਨੂੰ ਉਸ ਦੀ ਪਤਨੀ ਨੇ ਉਸ ਤੋਂ ਪਹਿਲਾਂ ਕੈਨੇਡਾ ਜਾਣ ਲਈ 13 ਲੱਖ ਰੁਪਏ ਵਸੂਲੇ ਅਤੇ ਕੈਨੇਡਾ ਪਹੁੰਚ ਕੇ ਉਸ ਨੂੰ ਤਲਾਕ ਦਾ ਨੋਟਿਸ ਭੇਜ ਦਿੱਤਾ। ਸੂਚਨਾ ਮਿਲਦੇ ਹੀ ਲੜਕੇ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਮਾਮਲੇ ਦੀ ਜਾਂਚ ਤੋਂ ਬਾਅਦ ਥਾਣਾ ਰਾਏਕੋਟ ਦੀ ਪੁਲਿਸ ਨੇ ਨੌਜਵਾਨ ਦੀ ਪਤਨੀ, ਸੱਸ ਅਤੇ ਸਹੁਰੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਮੁਲਜ਼ਮਾਂ ਦੀ ਪਛਾਣ ਲਵਲੀਨ ਕੌਰ, ਰਵਿੰਦਰ ਸਿੰਘ ਅਤੇ ਗੁਰਮੀਤ ਕੌਰ ਵਾਸੀ ਮੁਹੱਲਾ ਕੋਡੀਆਂ ਰਾਏਕੋਟ ਵਜੋਂ ਹੋਈ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਰਾਏਕੋਟ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਪੀੜਤ ਲੜਕੇ ਜਸਵੀਰ ਸਿੰਘ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਲਿਖਿਆ ਹੈ ਕਿ ਉਹ ਕੈਨੇਡਾ ਜਾਣਾ ਚਾਹੁੰਦਾ ਸੀ। ਜਿਸ ਕਾਰਨ ਉਸ ਦਾ ਵਿਆਹ ਰਾਏਕੋਟ ਦੀ ਰਹਿਣ ਵਾਲੀ ਲਵਲੀਨ ਕੌਰ ਨਾਲ ਹੋਇਆ।

ਵਿਆਹ ਦੌਰਾਨ ਦੋਵਾਂ ਪਰਿਵਾਰਾਂ ਵਿਚਾਲੇ ਇਹ ਤੈਅ ਹੋਇਆ ਸੀ ਕਿ ਲੜਕੀ ਕੈਨੇਡਾ ਜਾਣ ਤੋਂ ਬਾਅਦ ਲੜਕੇ ਨੂੰ ਵੀ ਉੱਥੇ ਬੁਲਾ ਲਵੇਗੀ। ਇਸ ਬਦਲੇ 10 ਲੱਖ ਰੁਪਏ ਲੈਣ ਤੋਂ ਬਾਅਦ ਲੜਕੀ ਦੇ ਪਰਿਵਾਰ ਵਾਲਿਆਂ ਨੇ ਫਿਰ 3 ਲੱਖ ਰੁਪਏ ਲੈ ਲਏ। ਜਿਸ ਤੋਂ ਬਾਅਦ ਲੜਕੀ ਕੈਨੇਡਾ ਚਲੀ ਗਈ। ਪਰ ਉੱਥੇ ਜਾ ਕੇ ਉਸਨੇ ਆਪਣੇ ਪਤੀ ਨੂੰ ਤਲਾਕ ਦਾ ਨੋਟਿਸ ਭਿਜਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।

ਸੁਖਵਿੰਦਰ ਦੀ ਕਹਾਣੀ ਵੀ ਕੁੱਝ ਅਜਿਹੀ ਹੀ ਹੈ

ਇਸੇ ਤਰ੍ਹਾਂ ਦੀ ਕਹਾਣੀ ਸੁਖਵਿੰਦਰ ਸਿੰਘ ਦੀ ਹੈ, ਜਿਸ ਦਾ ਵਿਆਹ ਲੁਧਿਆਣਾ ਦੀ ਜੈਸਮੀਨ ਨਾਲ ਹੋਇਆ ਸੀ। ਸੁਖਵਿੰਦਰ ਨਾਲ ਮੰਗਣੀ ਹੋਣ ਤੋਂ ਬਾਅਦ ਜੈਸਮੀਨ ਨੇ ਵਿਦੇਸ਼ ਜਾਣ ਦੀ ਇੱਛਾ ਜ਼ਾਹਰ ਕੀਤੀ, ਜਿਸ ਨੂੰ ਪਰਿਵਾਰ ਨੇ ਪੂਰਾ ਕਰ ਦਿੱਤਾ ਪਰ ਵਿਆਹ ਤੋਂ ਬਾਅਦ ਮਿਲੇ ਧੋਖੇ ਤੋਂ ਪ੍ਰੇਸ਼ਾਨ ਹੋ ਕੇ ਸੁਖਵਿੰਦਰ ਨੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਤੱਕ ਕੀਤੀ।

ਵਿਦੇਸ਼ ਜਾਕੇ ਬਦਲ ਲਿਆ ਨੰਬਰ

ਜਲੰਧਰ ਦੇ ਨਕੋਦਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਜਦੋਂ ਇਸ਼ਤਿਹਾਰ ਦੇਖਿਆ ਤਾਂ ਉਸ ਨੇ ਕੰਟਰੈਕਟ ਮੈਰਿਜ ਲਈ ਇਕ ਵਿਚੋਲੇ ਰਾਹੀਂ ਲੜਕੀ ਨਾਲ ਸੰਪਰਕ ਕੀਤਾ ਅਤੇ ਕੈਨੇਡਾ ਦਾ ਵੀਜ਼ਾ ਲਗਵਾ ਲਿਆ। ਕੁੜੀ ਨੇ ਤਾਂ ਕੈਨੇਡਾ ਵਿੱਚ ਦਾਖਲਾ ਲੈ ਲਿਆ ਪਰ ਮੁੰਡਾ ਉਸਦੇ ਬੁਲਾਵੇ ਦੀ ਉਡੀਕ ਹੀ ਕਰਦਾ ਰਹਿ ਗਿਆ। ਇੱਕ ਸਾਲ ਬਾਅਦ, ਕੁੜੀ ਨੇ ਲੜਕੇ ਅਤੇ ਉਸਦੇ ਮਾਪਿਆਂ ਨਾਲ ਸੰਪਰਕ ਕਰਨਾ ਬੰਦ ਕਰ ਦਿੱਤਾ। ਨਾਲ ਹੀ ਮੋਬਾਈਲ ਨੰਬਰ ਵੀ ਬਦਲ ਲਿਆ।

ਪੰਜਾਬ ਪੁਲਿਸ ਵੀ ਰੱਖ ਰਹੀ ਹੈ ਨਜ਼ਰ

ਪੰਜਾਬ ਪੁਲਿਸ ਅਧਿਕਾਰੀ ਅਰਪਿਤ ਸ਼ੁਕਲਾ ਦਾ ਕਹਿਣਾ ਹੈ ਕਿ ਨੌਜਵਾਨਾਂ ਨੂੰ ਅਜਿਹੇ ਵਿਆਹਾਂ ਤੋਂ ਬਚਣਾ ਚਾਹੀਦਾ ਹੈ। ਪੁਲਿਸ ਨੂੰ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਹਨ। ਇਸ ਦੇ ਲਈ ਇੱਕ ਵੱਖਰਾ ਸੈੱਲ ਦਾ ਗਠਨ ਕੀਤਾ ਗਿਆ ਹੈ। ਸ਼ਿਕਾਇਤਾਂ ਬਹੁਤ ਵੱਧ ਰਹੀਆਂ ਹਨ। ਜਿਨ੍ਹਾਂ ਦੇ ਨਿਪਟਾਰੇ ਲਈ ਪੰਜਾਬ ਪੁਲਿਸ ਪੂਰਾ ਜੋਰ ਲਗਾ ਰਹੀ ਹੈ।

Exit mobile version