ਬਰਨਾਲਾ ਵਿੱਚ ਹੋਈ ਮੁਠਭੇੜ, ਗੈਂਗਸਟਰ ਲਵਪ੍ਰੀਤ ਨੇ ਪੁਲਿਸ ‘ਤੇ ਚਲਾਈਆਂ ਗੋਲੀਆਂ, ਹੋਇਆ ਗ੍ਰਿਫ਼ਤਾਰ

tv9-punjabi
Updated On: 

13 May 2025 13:01 PM

Barnala Encounter: ਬਰਨਾਲਾ-ਮੋਗਾ ਰਾਜਮਾਰਗ 'ਤੇ ਪੁਲਿਸ ਅਤੇ ਗੈਂਗਸਟਰ ਲਵਪ੍ਰੀਤ ਸਿੰਘ ਵਿਚਕਾਰ ਮੁਕਾਬਲਾ ਹੋਇਆ। ਲਵਪ੍ਰੀਤ ਨੇ ਪੁਲਿਸ 'ਤੇ ਗੋਲੀਬਾਰੀ ਕੀਤੀ, ਜਿਸ ਦਾ ਪੁਲਿਸ ਨੇ ਜਵਾਬ ਦਿੱਤਾ। ਲਵਪ੍ਰੀਤ ਗ੍ਰਿਫ਼ਤਾਰ ਹੋ ਗਿਆ ਹੈ ਅਤੇ ਉਸ ਦੇ ਲੱਤ 'ਚ ਗੋਲੀ ਲੱਗੀ ਹੈ। ਉਹ ਸੁੱਖਾ ਦੁੱਨੇਕੇ ਦੇ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਕਤਲ ਅਤੇ ਲੁੱਟ ਦੇ ਮਾਮਲਿਆਂ ਵਿੱਚ ਸ਼ਾਮਲ ਹੈ।

ਬਰਨਾਲਾ ਵਿੱਚ ਹੋਈ ਮੁਠਭੇੜ, ਗੈਂਗਸਟਰ ਲਵਪ੍ਰੀਤ ਨੇ ਪੁਲਿਸ ਤੇ ਚਲਾਈਆਂ ਗੋਲੀਆਂ, ਹੋਇਆ ਗ੍ਰਿਫ਼ਤਾਰ
Follow Us On

ਬਰਨਾਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਕਾਰ ਮੁਕਾਬਲਾ ਹੋ ਗਿਆ, ਪੁਲਿਸ ਨੇ ਮੁਲਜ਼ਮ ਨੂੰ ਰੁਕਣ ਦਾ ਇਸ਼ਾਰਾ ਕੀਤਾ ਅਤੇ ਉਸ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ। ਜਿਸ ਮਗਰੋਂ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਲਜ਼ਮ ਗੈਂਗਸਟਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਘਟਨਾ ਬਰਨਾਲਾ-ਮੋਗਾ ਕੌਮੀ ਰਾਜਮਾਰਗ ਤੋਂ ਪਿੰਡ ਵਿਧਾਤਾ ਲਿੰਕ ਸੜਕ ‘ਤੇ ਵਾਪਰੀ। ਸੂਚਨਾ ਮਿਲਣ ਤੋਂ ਬਾਅਦ ਬਰਨਾਲਾ ਦੇ ਐਸਐਸਪੀ ਅਤੇ ਵੱਡੀ ਪੁਲਿਸ ਫੋਰਸ ਮੌਕੇ ‘ਤੇ ਪਹੁੰਚ ਗਈ।

ਬਰਨਾਲਾ ਦੇ ਐਸਐਸਪੀ ਮੁਹੰਮਦ ਸਰਫਰਾਜ਼ ਆਲਮ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਟੱਲੇਵਾਲ ਥਾਣੇ ਦੇ ਐਸਐਚਓ ਜਗਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਬਰਨਾਲਾ-ਮੋਗਾ ਹਾਈਵੇਅ ‘ਤੇ ਪਿੰਡ ਵਿਧਾਤਾ ਲਿੰਕ ਰੋਡ ‘ਤੇ ਨਾਕਾਬੰਦੀ ਕੀਤੀ ਹੋਈ ਸੀ। ਇੱਕ ਵਿਅਕਤੀ ਬਿਨਾਂ ਰਜਿਸਟਰਡ ਮੋਟਰਸਾਈਕਲ ‘ਤੇ ਆ ਰਿਹਾ ਸੀ। ਜਦੋਂ ਪੁਲਿਸ ਨੇ ਉਸਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਮੋਟਰਸਾਈਕਲ ਸਵਾਰ ਨੇ ਪੁਲਿਸ ‘ਤੇ ਗੋਲੀਬਾਰੀ ਕਰ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਮੁਲਜ਼ਮ ਦੇ ਲੱਤ ਵਿੱਚ ਵੱਜੀ ਗੋਲੀ

ਐਸਐਸਪੀ ਬਰਨਾਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਅਪਰਾਧੀ ਮਸ਼ਹੂਰ ਗੈਂਗਸਟਰ ਸੁੱਖਾ ਦੁੱਨੇਕੇ ਦੇ ਗੈਂਗ ਦਾ ਮੈਂਬਰ ਹੈ ਅਤੇ ਉਸਦੀ ਪਛਾਣ ਲਵਪ੍ਰੀਤ ਸਿੰਘ ਉਰਫ਼ ਜਾਦੋ ਵਾਸੀ ਮਾਹਲ ਖੁਰਦ ਵਜੋਂ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵਿਅਕਤੀ ਵਿਰੁੱਧ ਕਤਲ ਅਤੇ ਲੁੱਟ ਦੇ ਮਾਮਲੇ ਦਰਜ ਹਨ। ਇਹ ਮੁਲਜ਼ਮ ਮੋਗਾ ਦੇ ਇੱਕ ਕੇਸ ਵਿੱਚ ਭਗੌੜਾ ਵੀ ਸੀ। ਅੱਜ, ਪੁਲਿਸ ਨੂੰ ਕੁਝ ਜਾਣਕਾਰੀ ਮਿਲੀ, ਜਿਸ ਦੇ ਆਧਾਰ ‘ਤੇ, ਪੁਲਿਸ ਨੇ ਨਾਕਾਬੰਦੀ ਕੀਤੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਉਨ੍ਹਾਂ ਕਿਹਾ ਕਿ ਇਸ ਮੁਕਾਬਲੇ ਵਿੱਚ ਪੁਲਿਸ ‘ਤੇ ਦੋ ਗੋਲੀਆਂ ਚਲਾਈਆਂ ਗਈਆਂ, ਜਿਸ ਵਿੱਚ ਇੱਕ ਗੋਲੀ ਸਰਕਾਰੀ ਪੁਲਿਸ ਦੀ ਗੱਡੀ ਵਿੱਚ ਲੱਗੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿੱਚ, ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰਕੇ ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਇਸ ਮਾਮਲੇ ਵਿੱਚ ਅਗਲੇਰੀ ਕਾਰਵਾਈ ਕਰ ਰਹੀ ਹੈ।