ਮੋਦੀ ਦੀਆਂ ਟਰੰਪ ਨੂੰ ਖਰੀਆਂ-ਖਰੀਆਂ, ਭਾਰਤ ਨੇ ਕਦੇ ਵੀ ਕਿਸੇ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਕਦੇ ਕਰੇਗਾ

tv9-punjabi
Updated On: 

18 Jun 2025 14:52 PM

ਪੀਐਮ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿਚਕਾਰ 35 ਮਿੰਟ ਦੀ ਫ਼ੋਨ 'ਤੇ ਗੱਲਬਾਤ ਹੋਈ, ਜਿਸ ਵਿੱਚ ਕਈ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਹੋਈ। ਪੀਐਮ ਮੋਦੀ ਨੇ ਸਪੱਸ਼ਟ ਕੀਤਾ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਵਿਚੋਲਗੀ ਦੀ ਕੋਈ ਚਰਚਾ ਨਹੀਂ ਹੋਈ ਹੈ ਅਤੇ ਭਾਰਤ ਭਵਿੱਖ ਵਿੱਚ ਕਦੇ ਵੀ ਵਿਚੋਲਗੀ ਸਵੀਕਾਰ ਨਹੀਂ ਕਰੇਗਾ।

ਮੋਦੀ ਦੀਆਂ ਟਰੰਪ ਨੂੰ ਖਰੀਆਂ-ਖਰੀਆਂ, ਭਾਰਤ ਨੇ ਕਦੇ ਵੀ ਕਿਸੇ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ ਅਤੇ ਨਾ ਹੀ ਕਦੇ ਕਰੇਗਾ
Follow Us On

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫੋਨ ‘ਤੇ 35 ਮਿੰਟ ਲੰਬੀ ਗੱਲਬਾਤ ਕੀਤੀ ਹੈ। ਦੋਵਾਂ ਨੇ ਇਸ ਗੱਲਬਾਤ ਵਿੱਚ ਕਈ ਮਹੱਤਵਪੂਰਨ ਮੁੱਦਿਆ ‘ਤੇ ਚਰਚਾ ਕੀਤੀ ਹੈ। ਗੱਲਬਾਤ ਦੌਰਾਨ, ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਸਪੱਸ਼ਟ ਤੌਰ ‘ਤੇ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਕਿਸੇ ਵੀ ਵਿਚੋਲਗੀ ਬਾਰੇ ਕੋਈ ਚਰਚਾ ਨਹੀਂ ਹੋਈ ਹੈ। ਇਹ ਜਾਣਕਾਰੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਦਿੱਤੀ ਹੈ। ਦਰਅਸਲ, ਲੰਬੇ ਸਮੇਂ ਤੋਂ ਚਰਚਾ ਚੱਲ ਰਹੀ ਸੀ ਕਿ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਵਿਚੋਲਗੀ ਕੀਤੀ ਹੈ। ਪਰ ਪ੍ਰਧਾਨ ਮੰਤਰੀ ਮੋਦੀ ਨੇ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਰਤ ਨੇ ਕਦੇ ਵੀ ਕੋਈ ਵਿਚੋਲਗੀ ਸਵੀਕਾਰ ਨਹੀਂ ਕੀਤੀ ਹੈ ਅਤੇ ਨਾ ਹੀ ਕਦੇ ਕਰੇਗਾ।

ਪਾਕਿਸਤਾਨ ਦੀ ਅਪੀਲ ‘ਤੇ ਹੋਈ ਜੰਗਬੰਦੀ

ਉਨ੍ਹਾਂ ਇਹ ਵੀ ਕਿਹਾ ਕਿ ਹਾਲ ਹੀ ਦੇ ਸਮੇਂ ਵਿੱਚ ਭਾਰਤ ਅਤੇ ਅਮਰੀਕਾ ਵਿਚਕਾਰ ਕਿਸੇ ਵੀ ਵਪਾਰ ਸਮਝੌਤੇ ‘ਤੇ ਕੋਈ ਚਰਚਾ ਨਹੀਂ ਹੋਈ ਹੈ। ਮੋਦੀ ਨੇ ਟਰੰਪ ਨੂੰ ਇਹ ਵੀ ਦੱਸਿਆ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਹੋਈ ਜੰਗਬੰਦੀ ਦੋਵਾਂ ਦੇਸ਼ਾਂ ਵਿਚਕਾਰ ਫੌਜੀ ਪੱਧਰ ‘ਤੇ ਪਹਿਲਾਂ ਤੋਂ ਚੱਲ ਰਹੀ ਗੱਲਬਾਤ ਰਾਹੀਂ ਹੋਈ ਹੈ।

ਉਨ੍ਹਾਂ ਅੱਗੇ ਕਿਹਾ ਕਿ ਇਹ ਪਾਕਿਸਤਾਨ ਵੱਲੋਂ ਕੀਤੀ ਗਈ ਅਪੀਲ ‘ਤੇ ਹੋਇਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਭਾਰਤ ਨੇ ਪਹਿਲਾਂ ਕਦੇ ਵੀ ਕਿਸੇ ਵਿਚੋਲਗੀ ਨੂੰ ਸਵੀਕਾਰ ਨਹੀਂ ਕੀਤਾ, ਅੱਜ ਵੀ ਸਵੀਕਾਰ ਨਹੀਂ ਕਰਦਾ ਅਤੇ ਭਵਿੱਖ ਵਿੱਚ ਵੀ ਇਸਦੀ ਕੋਈ ਗੁੰਜਾਇਸ਼ ਨਹੀਂ ਹੈ। ਇਸ ਮੁੱਦੇ ‘ਤੇ ਪੂਰੇ ਦੇਸ਼ ਵਿੱਚ ਰਾਜਨੀਤਿਕ ਸਹਿਮਤੀ ਵੀ ਹੈ।

ਭਾਰਤ ਆਉਣਗੇ ਟਰੰਪ

ਪ੍ਰਧਾਨ ਮੰਤਰੀ ਮੋਦੀ ਨੇ ਟਰੰਪ ਨੂੰ ਅਗਲੇ ਕਵਾਡ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ ਹੈ, ਜਿਸਨੂੰ ਟਰੰਪ ਨੇ ਖੁਸ਼ੀ ਨਾਲ ਸਵੀਕਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਉਹ ਭਾਰਤ ਆਉਣ ਲਈ ਉਤਸ਼ਾਹਿਤ ਹਨ।

ਕੈਨੇਡਾ ਵਿੱਚ ਹੋਣੀ ਸੀ ਟਰੰਪ-ਮੋਦੀ ਮੁਲਾਕਾਤ

ਮਿਸਰੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਟਰੰਪ ਦੀ ਮੁਲਾਕਾਤ ਕੈਨੇਡਾ ਵਿੱਚ ਹੋਣੀ ਸੀ, ਪਰ ਇਹ ਨਹੀਂ ਹੋ ਸਕਿਆ ਕਿਉਂਕਿ ਟਰੰਪ ਨੂੰ ਮੀਟਿੰਗ ਜਲਦੀ ਛੱਡਣੀ ਪਈ। ਇਸ ਤੋਂ ਬਾਅਦ, ਇਹ ਕਾਲ ਟਰੰਪ ਦੀ ਪਹਿਲਕਦਮੀ ‘ਤੇ ਕੀਤੀ ਗਈ ਸੀ। ਇਸ ਦੌਰਾਨ ਟਰੰਪ ਨੇ ਮੋਦੀ ਨੂੰ ਅਮਰੀਕਾ ਆਉਣ ਦੀ ਬੇਨਤੀ ਵੀ ਕੀਤੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਦੱਸਿਆ ਕਿ ਉਨ੍ਹਾਂ ਦਾ ਤਿੰਨ ਦੇਸ਼ਾਂ ਦਾ ਦੌਰਾ ਪਹਿਲਾਂ ਹੀ ਤੈਅ ਹੈ ਅਤੇ ਉਹ ਇਸ ਸਮੇਂ ਕਰੋਸ਼ੀਆ ਲਈ ਰਵਾਨਾ ਹੋ ਗਏ ਹਨ।

ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਅੱਤਵਾਦ ਨੂੰ ਸਿਰਫ਼ ਇੱਕ ਪ੍ਰੌਕਸੀ ਯੁੱਧ ਨਹੀਂ ਮੰਨਦਾ, ਸਗੋਂ ਇਸਨੂੰ ਇੱਕ ਸਿੱਧੀ ਲੜਾਈ ਮੰਨਦਾ ਹੈ। ਅਤੇ ਆਪ੍ਰੇਸ਼ਨ ਸਿੰਦੂਰ ਅਜੇ ਵੀ ਜਾਰੀ ਹੈ। ਇਸ ਤੋਂ ਇਲਾਵਾ, ਦੋਵਾਂ ਨੇਤਾਵਾਂ ਨੇ ਇਜ਼ਰਾਈਲ-ਈਰਾਨ ਵਿਚਕਾਰ ਚੱਲ ਰਹੇ ਤਣਾਅ ਅਤੇ ਰੂਸ-ਯੂਕਰੇਨ ਯੁੱਧ ਬਾਰੇ ਵੀ ਚਰਚਾ ਕੀਤੀ। ਦੋਵੇਂ ਇਸ ਗੱਲ ‘ਤੇ ਸਹਿਮਤ ਹੋਏ ਕਿ ਸ਼ਾਂਤੀ ਲਈ ਗੱਲਬਾਤ ਜ਼ਰੂਰੀ ਹੈ ਅਤੇ ਇਸ ਵਿੱਚ ਮਦਦ ਕੀਤੀ ਜਾਣੀ ਚਾਹੀਦੀ ਹੈ।