ਪੰਜਾਬ ‘ਚ ਅੱਜ ਮੌਸਮ ਬਦਲਿਆ, 50-60 ਕਿਮੀ ਰਫ਼ਤਾਰ ਨਾਲ ਹਵਾਵਾਂ ਦੀ ਸੰਭਾਵਨਾ
Punjab Weather Update : ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਮੌਸਮ ਬਦਲਿਆ ਹੈ। ਮੌਸਮ ਵਿਭਾਗ ਨੇ ਅੱਜ ਗਰਜ ਬਿਜਲੀ ਤੇਜ਼ ਹਵਾਵਾਂ ਅਤੇ ਗੜੇਮਾਰੀ ਲਈ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ।
ਪੰਜਾਬ 'ਚ ਮੌਸਮ ਬਦਲਿਆ
ਪੰਜਾਬ ਅਤੇ ਚੰਡੀਗੜ੍ਹ ਵਿੱਚ ਪਿਛਲੇ ਦੋ ਦਿਨਾਂ ਤੋਂ ਮੌਸਮ ਬਦਲਿਆ ਹੈ। ਰੁਕ-ਰੁਕ ਕੇ ਹੋ ਰਹੀ ਬਾਰਿਸ਼ ਨੇ ਮੌਸਮ ਨੂੰ ਠੰਢਾ ਕਰ ਦਿੱਤਾ ਹੈ। ਤਾਪਮਾਨ 5.4 ਡਿੱਗਰੀ ਘੱਟ ਗਿਆ ਹੈ, ਜੋ ਹੁਣ ਆਮ ਨਾਲੋਂ 2.2 ਡਿੱਗਰੀ ਘੱਟ ਹੈ। ਮੌਸਮ ਵਿਭਾਗ ਨੇ ਅੱਜ ਗਰਜ, ਬਿਜਲੀ, ਤੇਜ਼ ਹਵਾਵਾਂ ਅਤੇ ਗੜੇਮਾਰੀ ਲਈ ਚੇਤਾਵਨੀ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ 50-60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਪਟਿਆਲਾ ਵਿੱਚ ਤਾਪਮਾਨ 32.1 ਡਿੱਗਰੀ ਦਰਜ ਕੀਤਾ ਗਿਆ।
ਅੱਠ ਜ਼ਿਲ੍ਹਿਆਂ ‘ਚ ਗੜੇਮਾਰੀ ਦੀ ਸੰਭਾਵਨਾ
ਮੌਸਮ ਵਿਭਾਗ ਅਨੁਸਾਰ ਅੱਜ 22 ਜ਼ਿਲ੍ਹਿਆਂ ਵਿੱਚ ਮੌਸਮ ਖ਼ਰਾਬ ਰਹਿਣ ਦੀ ਸੰਭਾਵਨਾ ਹੈ। ਅੱਠ ਜ਼ਿਲ੍ਹਿਆਂ ਵਿੱਚ ਗੜੇਮਾਰੀ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ, ਜਦੋਂ ਕਿ 14 ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਨ੍ਹਾਂ ਜ਼ਿਲ੍ਹਿਆਂ ਵਿੱਚ ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ, ਗੁਰਦਾਸਪੁਰ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ ਅਤੇ ਮੋਹਾਲੀ ਸ਼ਾਮਲ ਹਨ। ਹੋਰ 14 ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। ਇਨ੍ਹਾਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫਿਰੋਜ਼ਪੁਰ, ਫਾਜ਼ਿਲਕਾ, ਫਰੀਦਕੋਟ, ਮੁਕਤਸਰ, ਮੋਗਾ, ਬਠਿੰਡਾ, ਲੁਧਿਆਣਾ, ਬਰਨਾਲਾ, ਮਾਨਸਾ ਅਤੇ ਸੰਗਰੂਰ ਸ਼ਾਮਲ ਹਨ।
ਪਠਾਨਕੋਟ ਵਿੱਚ ਪਿਆ ਸਭ ਤੋਂ ਵੱਧ ਮੀਂਹ
ਪਠਾਨਕੋਟ ਜ਼ਿਲ੍ਹੇ ਵਿੱਚ, ਸਭ ਤੋਂ ਵੱਧ ਮੀਂਹ ਥੀਨ ਡੈਮ ਵਿੱਚ 9.5 ਮਿਲੀਮੀਟਰ ਅਤੇ ਕੇਵੀਕੇ ਪਠਾਨਕੋਟ ਵਿੱਚ 1.5 ਮਿਲੀਮੀਟਰ ਦਰਜ ਕੀਤਾ ਗਿਆ। ਫਾਜ਼ਿਲਕਾ ਦੇ ਅਬੋਹਰ ਵਿੱਚ 4.0 ਮਿਲੀਮੀਟਰ ਮੀਂਹ ਪਿਆ। ਰੂਪਨਗਰ ਵਿੱਚ ਭਾਖੜਾ ਡੈਮ ਵਿੱਚ 1.5 ਮਿਲੀਮੀਟਰ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ 1.0 ਮਿਲੀਮੀਟਰ ਮੀਂਹ ਪਿਆ। ਅੰਮ੍ਰਿਤਸਰ ਵਿੱਚ 1.2 ਮਿਲੀਮੀਟਰ ਅਤੇ ਫਿਰੋਜ਼ਪੁਰ ਵਿੱਚ 1.0 ਮਿਲੀਮੀਟਰ ਮੀਂਹ ਪਿਆ।
ਇਸ ਵੇਲੇ ਇੰਝ ਹੈ ਮੌਸਮ ਦੀ ਸਥਿਤੀ
ਵੈਸਟਰਨ ਡਿਸਟੇਨਬੇਨਸ ਇਸ ਵੇਲੇ ਦੱਖਣੀ ਅਫਗਾਨਿਸਤਾਨ ਅਤੇ ਪਾਕਿਸਤਾਨ ਉੱਤੇ 3.1 ਤੋਂ 7.6 ਕਿਲੋਮੀਟਰ ਦੀ ਉਚਾਈ ‘ਤੇ ਸਥਿਤ ਹੈ, ਜਿਸ ਕਾਰਨ ਮੌਸਮ ਵਿੱਚ ਬਦਲਾਅ ਆ ਰਿਹਾ ਹੈ। ਇਸ ਤੋਂ ਇਲਾਵਾ, ਉੱਤਰ-ਪੂਰਬੀ ਪਾਕਿਸਤਾਨ ਦੇ ਨੇੜੇ 1.5 ਕਿਲੋਮੀਟਰ ਦੀ ਉਚਾਈ ‘ਤੇ ਇੱਕ ਚੱਕਰਵਾਤੀ ਸਰਕੂਲੇਸ਼ਨ ਸਰਗਰਮ ਹੈ, ਅਤੇ ਹਰਿਆਣਾ ਉੱਤੇ 0.9 ਕਿਲੋਮੀਟਰ ‘ਤੇ ਇੱਕ ਸਮਾਨ ਪ੍ਰਣਾਲੀ ਬਣੀ ਹੋਈ ਹੈ।
ਇਨ੍ਹਾਂ ਪ੍ਰਣਾਲੀਆਂ ਦੇ ਕਾਰਨ, ਇੱਕ ਟ੍ਰੈਫ਼ (ਹਵਾਵਾਂ ਦੀ ਰੇਖਾ) ਉੱਤਰ-ਪੂਰਬੀ ਪਾਕਿਸਤਾਨ ਤੋਂ ਪੰਜਾਬ ਅਤੇ ਹਰਿਆਣਾ ਰਾਹੀਂ ਉੱਤਰ ਪ੍ਰਦੇਸ਼ ਤੱਕ ਫੈਲੀ ਹੋਈ ਹੈ। ਇਹ ਸਾਰੇ ਕਾਰਕ ਖੇਤਰ ਵਿੱਚ ਬੱਦਲਵਾਈ, ਮੀਂਹ ਅਤੇ ਗਰਜ-ਤੂਫ਼ਾਨ ਦੀਆਂ ਸਥਿਤੀਆਂ ਵਿੱਚ ਯੋਗਦਾਨ ਪਾ ਰਹੇ ਹਨ। ਇਸ ਤੋਂ ਇਲਾਵਾ, 7 ਅਪ੍ਰੈਲ ਤੋਂ ਇੱਕ ਨਵੀਂ ਵੈਸਟਰਨ ਡਿਸਟੇਨਬੇਨਸ ਉੱਤਰ-ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰੇਗੀ, ਜੋ ਮੌਸਮੀ ਗਤੀਵਿਧੀਆਂ ਨੂੰ ਹੋਰ ਵਧਾ ਸਕਦੀ ਹੈ।
