ਭਾਰਤੀ ਖੇਡ ਜਗਤ ‘ਚ ਹਲਚਲ, ਮੈਚ ਫਿਕਸਿੰਗ ਕਾਰਨ 24 ਖਿਡਾਰੀਆਂ ‘ਤੇ ਪਾਬੰਦੀ, 3 ਟੀਮਾਂ ‘ਤੇ ਹੋਈ ਕਾਰਵਾਈ
Mizoram Premier League: ਮਿਜ਼ੋਰਮ ਫੁੱਟਬਾਲ ਐਸੋਸੀਏਸ਼ਨ ਨੇ ਮਿਜ਼ੋਰਮ ਪ੍ਰੀਮੀਅਰ ਲੀਗ-11 'ਚ ਮੈਚ ਫਿਕਸਿੰਗ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਇਸ ਐਸੋਸੀਏਸ਼ਨ ਨੇ 24 ਖਿਡਾਰੀਆਂ ਸਮੇਤ ਤਿੰਨ ਕਲੱਬਾਂ ਅਤੇ ਤਿੰਨ ਕਲੱਬ ਅਧਿਕਾਰੀਆਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਨ੍ਹਾਂ ਵਿੱਚੋਂ 2 ਖਿਡਾਰੀਆਂ ਨੂੰ ਉਮਰ ਭਰ ਲਈ ਪਾਬੰਦੀ ਦਾ ਸਾਹਮਣਾ ਕਰਨਾ ਪਿਆ ਹੈ।
Major Match-Fixing Scandal: ਭਾਰਤੀ ਖੇਡ ਜਗਤ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਇਸ ਵਾਰ ਫੁੱਟਬਾਲ ‘ਚ ਮੈਚ ਫਿਕਸਿੰਗ ਕਾਰਨ ਹਲਚਲ ਮਚ ਗਈ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਸ ਮੈਚ ਫਿਕਸਿੰਗ ‘ਚ ਸਿਰਫ ਖਿਡਾਰੀ ਹੀ ਨਹੀਂ ਸਗੋਂ ਟੀਮਾਂ ਵੀ ਸ਼ਾਮਲ ਸਨ, ਜਿਨ੍ਹਾਂ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ, ਮਿਜ਼ੋਰਮ ਫੁਟਬਾਲ ਐਸੋਸੀਏਸ਼ਨ (ਐਮਐਫਏ) ਨੇ ਹਾਲ ਹੀ ਵਿੱਚ ਖ਼ਤਮ ਹੋਈ ਮਿਜ਼ੋਰਮ ਪ੍ਰੀਮੀਅਰ ਲੀਗ-11 ਵਿੱਚ ਮੈਚ ਵਿੱਚ ਧਾਂਦਲੀ ਦੇ ਦੋਸ਼ ਵਿੱਚ ਤਿੰਨ ਕਲੱਬਾਂ, ਤਿੰਨ ਕਲੱਬ ਅਧਿਕਾਰੀਆਂ ਅਤੇ 24 ਖਿਡਾਰੀਆਂ ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਇਨ੍ਹਾਂ ‘ਚੋਂ ਕੁਝ ਖਿਡਾਰੀਆਂ ‘ਤੇ ਉਮਰ ਭਰ ਲਈ ਪਾਬੰਦੀ ਵੀ ਲੱਗ ਚੁੱਕੀ ਹੈ।
ਮੈਚ ਫਿਕਸਿੰਗ ਕਾਰਨ 24 ਖਿਡਾਰੀਆਂ ‘ਤੇ ਪਾਬੰਦੀ
ਤਿੰਨ ਕਲੱਬਾਂ – ਸਿਹਫਿਰ ਵੇਂਗਲੁਨ ਐਫਸੀ, ਐਫਸੀ ਬੈਥਲਹੇਮ ਅਤੇ ਰਾਮਹਲੂਨ ਅਥਲੈਟਿਕ ਐਫਸੀ – ਨੂੰ ਮਿਜ਼ੋਰਮ ਪ੍ਰੀਮੀਅਰ ਲੀਗ ਵਿੱਚ ਮੈਚਾਂ ਦੇ ਨਤੀਜਿਆਂ ਵਿੱਚ ਹੇਰਾਫੇਰੀ ਕਰਨ ਦੇ ਦੋਸ਼ ਵਿੱਚ ਤਿੰਨ ਮੈਚ ਅਧਿਕਾਰੀਆਂ ਦੇ ਨਾਲ ਤਿੰਨ ਸਾਲਾਂ ਲਈ ਪਾਬੰਦੀ ਲਗਾਈ ਗਈ ਹੈ। ਇਸ ਤੋਂ ਇਲਾਵਾ ਵੱਖ-ਵੱਖ ਪੱਧਰਾਂ ‘ਤੇ ਖਿਡਾਰੀਆਂ ‘ਤੇ ਪਾਬੰਦੀ ਲਗਾਈ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ਪਾਬੰਦੀਸ਼ੁਦਾ ਖਿਡਾਰੀਆਂ ਵਿੱਚ ਰਾਮਹੁਨ ਐਟਲੇਟਿਕੋ ਐਫਸੀ ਦੇ ਲੀਗ ਦੇ ਟਾਪ ਸਕੋਰਰ ਫੇਲਿਕਸ ਲਾਲਰੂਤਸਾੰਗਾ ਵੀ ਹਨ, ਜਿਨ੍ਹਾਂ ਨੇ ਅੱਠ ਗੋਲ ਕੀਤੇ ਸਨ।
ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਇਨ੍ਹਾਂ 24 ਖਿਡਾਰੀਆਂ ‘ਚੋਂ 2 ‘ਤੇ ਉਮਰ ਭਰ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਨਾਲ ਹੀ ਚਾਰ ਖਿਡਾਰੀਆਂ ‘ਤੇ ਪੰਜ ਸਾਲ ਦੀ ਪਾਬੰਦੀ, 10 ਖਿਡਾਰੀਆਂ ‘ਤੇ ਤਿੰਨ ਸਾਲ ਦੀ ਪਾਬੰਦੀ ਅਤੇ ਅੱਠ ਖਿਡਾਰੀਆਂ ‘ਤੇ ਇੱਕ ਸਾਲ ਦੀ ਪਾਬੰਦੀ ਲਗਾਈ ਗਈ ਹੈ। ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਮੰਨਿਆ ਕਿ ਘੁਟਾਲਾ ਲੀਗ ਦੀ ਸਾਖ ਨੂੰ ਨੁਕਸਾਨ ਪਹੁੰਚਾ ਸਕਦਾ ਹੈ ਅਤੇ ਪਾਰਦਰਸ਼ਤਾ ਤੇ ਇਮਾਨਦਾਰੀ ਨਾਲ ਅੱਗੇ ਵਧਣ ਦੀ ਆਪਣੀ ਵਚਨਬੱਧਤਾ ‘ਤੇ ਜ਼ੋਰ ਦਿੱਤਾ।
ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਬਿਆਨ ਜਾਰੀ ਕੀਤਾ
ਮਿਜ਼ੋਰਮ ਫੁੱਟਬਾਲ ਐਸੋਸੀਐਸ਼ਨ ਨੇ ਆਪਣੇ ਬਿਆਨ ‘ਚ ਕਿਹਾ, ‘ਕੁਝ ਸ਼ਰਾਰਤੀ ਅਨਸਰਾਂ ਦੀਆਂ ਇਹ ਗਤੀਵਿਧੀਆਂ ਸਾਡੇ ਮੁੱਲਾਂ ਦੀ ਗੰਭੀਰ ਉਲੰਘਣਾ ਨੂੰ ਦਰਸਾਉਂਦੀਆਂ ਹਨ, ਸਾਡੀ ਖੇਡ ਦੀ ਅਖੰਡਤਾ ਨੂੰ ਕਮਜ਼ੋਰ ਕਰਦੀਆਂ ਹਨ ਤੇ ਮਿਜ਼ੋਰਮ ਫੁੱਟਬਾਲ ਦਾ ਉਤਸ਼ਾਹ ਨਾਲ ਸਮਰਥਨ ਕਰਨ ਵਾਲੇ ਪ੍ਰਸ਼ੰਸਕਾਂ ਦਾ ਅਪਮਾਨ ਕਰਦੀਆਂ ਹਨ। ਇਨ੍ਹਾਂ ਖੋਜਾਂ ਦੇ ਨਤੀਜੇ ਵਜੋਂ, ਅਸੀਂ ਸ਼ਾਮਲ ਲੋਕਾਂ ‘ਤੇ ਸਖ਼ਤ ਜ਼ੁਰਮਾਨੇ ਲਗਾਏ ਹਨ। ਅਸੀਂ ਸਾਰੇ ਪ੍ਰਸ਼ੰਸਕਾਂ, ਭਾਈਵਾਲਾਂ ਤੇ ਹਿੱਸੇਦਾਰਾਂ ਨੂੰ ਭਰੋਸਾ ਦਿਵਾਉਣਾ ਚਾਹੁੰਦੇ ਹਾਂ ਕਿ ਅਸੀਂ ਅਜਿਹੀ ਕਿਸੇ ਵੀ ਘਟਨਾ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਹਰ ਸੰਭਵ ਉਪਾਅ ਕਰ ਰਹੇ ਹਾਂ। MFA ਆਪਣੇ ਰੈਗੂਲੇਟਰੀ ਢਾਂਚੇ ਨੂੰ ਵਧਾਏਗਾ ਅਤੇ ਸਾਡੇ ਮੁਕਾਬਲਿਆਂ ਦੀ ਨਿਰਪੱਖਤਾ ਦੀ ਰੱਖਿਆ ਲਈ ਨਿਗਰਾਨੀ ਪ੍ਰਣਾਲੀਆਂ ਨੂੰ ਮਜ਼ਬੂਤ ਕਰੇਗਾ।