Jasprit Bumrah Injury: ਖੇਡਣਾ ਤਾਂ ਦੂਰ, ਬਿਸਤਰੇ ਤੋਂ ਉੱਠ ਵੀ ਨਹੀਂ ਪਾ ਰਹੇ ਹਨ ਜਸਪ੍ਰੀਤ ਬੁਮਰਾਹ, ਆਈ ਬਹੁਤ ਬੁਰੀ ਖ਼ਬਰ
Jasprit Bumrah Injury Update: ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਖਿਲਾਫ ਟੈਸਟ ਸੀਰੀਜ਼ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 32 ਵਿਕਟਾਂ ਲਈਆਂ ਪਰ ਹੁਣ ਇਸ ਖਿਡਾਰੀ ਲਈ ਆਪਣੇ ਪੈਰਾਂ 'ਤੇ ਖੜ੍ਹਾ ਹੋਣਾ ਮੁਸ਼ਕਲ ਹੋ ਗਿਆ ਹੈ। ਡਾਕਟਰ ਨੇ ਬੁਮਰਾਹ ਨੂੰ ਬੈਡ ਰੈਸਟ ਦੀ ਸਲਾਹ ਦਿੱਤੀ ਹੈ।
ਜਸਪ੍ਰੀਤ ਬੁਮਰਾਹ ਨੇ ਆਸਟ੍ਰੇਲੀਆ ਦੌਰੇ ‘ਤੇ ਟੀਮ ਇੰਡੀਆ ਨੂੰ ਜਿੱਤ ਦਿਵਾਉਣ ਲਈ ਆਪਣਾ ਸਭ ਕੁਝ ਦੇ ਦਿੱਤਾ। ਇਸ ਖਿਡਾਰੀ ਨੇ ਸਭ ਤੋਂ ਵੱਧ 32 ਵਿਕਟਾਂ ਲੈ ਕੇ ਪਲੇਅਰ ਆਫ ਦਿ ਸੀਰੀਜ਼ ਦਾ ਪੁਰਸਕਾਰ ਵੀ ਜਿੱਤਿਆ, ਪਰ ਟੀਮ ਇੰਡੀਆ ਨਾ ਤਾਂ ਟੈਸਟ ਸੀਰੀਜ਼ ਜਿੱਤ ਸਕੀ ਅਤੇ ਨਾ ਹੀ ਇਹ ਖਿਡਾਰੀ ਜਲਦੀ ਹੀ ਮੈਦਾਨ ‘ਤੇ ਵਾਪਸੀ ਕਰ ਸਕੇਗਾ। ਜਸਪ੍ਰੀਤ ਬੁਮਰਾਹ ਬਾਰੇ ਇੱਕ ਵੱਡੀ ਖ਼ਬਰ ਇਹ ਹੈ ਕਿ ਇਸ ਖਿਡਾਰੀ ਨੂੰ ਮੈਦਾਨ ‘ਤੇ ਜਾਣਾ ਤਾਂ ਛੱਡੋਂ, ਖੜ੍ਹੇ ਹੋਣ ਤੋਂ ਮਨ੍ਹਾ ਕਰ ਦਿੱਤਾ ਗਿਆ ਹੈ। ਰਿਪੋਰਟ ਦੇ ਅਨੁਸਾਰ, ਡਾਕਟਰਾਂ ਨੇ ਜਸਪ੍ਰੀਤ ਬੁਮਰਾਹ ਨੂੰ ਪੂਰੀ ਤਰ੍ਹਾਂ ਬੈੱਡ ਰੈਸਟ ਲੈਣ ਲਈ ਕਿਹਾ ਹੈ। ਜਸਪ੍ਰੀਤ ਬੁਮਰਾਹ ਸਿਡਨੀ ਟੈਸਟ ਦੌਰਾਨ ਜ਼ਖਮੀ ਹੋ ਗਏ ਸਨ। ਉਨ੍ਹਾਂ ਦੀ ਪਿੱਠ ਦਾ ਹੇਠਲਾ ਹਿੱਸਾ ਸੁੱਜ ਗਿਆ ਸੀ ਅਤੇ ਹੁਣ ਮੰਨਿਆ ਜਾ ਰਿਹਾ ਹੈ ਕਿ ਉਹ ਲੰਬੇ ਸਮੇਂ ਲਈ ਮੈਦਾਨ ਤੋਂ ਬਾਹਰ ਰਹਿਣਗੇ।
ਬੁਮਰਾਹ ਬਾਰੇ ਖ਼ਬਰ ਗੰਭੀਰ ਹੈ
ਜਸਪ੍ਰੀਤ ਬੁਮਰਾਹ ਬਾਰੇ ਟਾਈਮਜ਼ ਆਫ਼ ਇੰਡੀਆ ਦੀ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਖਿਡਾਰੀ ਦੀ ਹਾਲਤ ਠੀਕ ਨਹੀਂ ਹੈ। ਉਨ੍ਹਾਂ ਨੂੰ ਅਗਲੇ ਹਫ਼ਤੇ ਬੰਗਲੁਰੂ ਦੇ ਸੈਂਟਰ ਆਫ਼ ਐਕਸੀਲੈਂਸ ਭੇਜਿਆ ਜਾ ਸਕਦਾ ਹੈ। ਇਹ ਅਜੇ ਤੈਅ ਨਹੀਂ ਹੋਇਆ ਹੈ ਕਿ ਅਗਲੇ ਹਫ਼ਤੇ ਕਦੋਂ ਭੇਜਿਆ ਜਾਵੇਗਾ। ਡਾਕਟਰਾਂ ਨੇ ਬੁਮਰਾਹ ਨੂੰ ਠੀਕ ਹੋਣ ਲਈ ਘਰ ‘ਚ ਹੀ ਆਰਾਮ ਕਰਨ ਲਈ ਕਿਹਾ ਹੈ। ਜਦੋਂ ਉਨ੍ਹਾਂ ਦੀ ਪਿੱਠ ਦੇ ਹੇਠਲੇ ਹਿੱਸੇ ਵਿੱਚ ਸੋਜ ਘੱਟ ਜਾਵੇਗੀ ਤਾਂ ਉਨ੍ਹਾਂਦਾ ਇਲਾਜ ਕਿਵੇਂ ਕਰਨਾ ਹੈ, ਇਸ ਬਾਰੇ ਅੱਗੇ ਦਾ ਫੈਸਲਾ ਲਿਆ ਜਾਵੇਗਾ।
ਚੈਂਪੀਅਨਜ਼ ਟਰਾਫੀ ਖੇਡਣਾ ਅਸੰਭਵ!
ਹੁਣ ਬੁਮਰਾਹ ਲਈ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਅਸੰਭਵ ਮੰਨਿਆ ਜਾ ਰਿਹਾ ਹੈ। ਨਾ ਹੀ ਬੀਸੀਸੀਆਈ ਉਨ੍ਹਾਂਨੂੰ ਵਾਪਸ ਲਿਆਉਣ ਦੀ ਜਲਦੀ ਵਿੱਚ ਹੈ। ਬੁਮਰਾਹ ਦੀ ਸੱਟ ਇੰਨੀ ਜ਼ਿਆਦਾ ਹੈ ਕਿ ਇਹ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਕਿ ਉਹ ਕਦੋਂ ਤੱਕ ਵਾਪਸੀ ਕਰਨਗੇ। ਖੈਰ, ਇਹ ਸਾਰੀਆਂ ਗੱਲਾਂ ਉਦੋਂ ਹੀ ਪਤਾ ਲੱਗਣਗੀਆਂ ਜਦੋਂ ਇਨ੍ਹਾਂ ਦੇ ਇਲਾਜ ਦਾ ਮਾਧਿਅਮ ਪਤਾ ਲੱਗ ਜਾਵੇਗਾ। ਜੇਕਰ ਬੁਮਰਾਹ ਨੂੰ ਦੁਬਾਰਾ ਸਰਜਰੀ ਦੀ ਲੋੜ ਪੈਂਦੀ ਹੈ, ਤਾਂ ਉਨ੍ਹਾਂ ਦੀ ਵਾਪਸੀ ਵਿੱਚ ਬਹੁਤ ਲੰਬਾ ਸਮਾਂ ਲੱਗ ਸਕਦਾ ਹੈ।
ਟੀਮ ਇੰਡੀਆ ਦੇ ਸਾਬਕਾ ਸਟ੍ਰੈਂਥ ਅਤੇ ਕੰਡੀਸ਼ਨਿੰਗ ਕੋਚ ਰਾਮਜੀ ਸ਼੍ਰੀਨਿਵਾਸਨ ਨੇ ਕਿਹਾ ਕਿ ਬੁਮਰਾਹ ਦੀ ਪਿੱਠ ਦੀ ਸੋਜ ਮਾਸਪੇਸ਼ੀਆਂ ਅਤੇ ਡਿਸਕ ਦੋਵਾਂ ਵਿੱਚ ਹੋ ਸਕਦੀ ਹੈ। ਇਸ ਲਈ, ਬੁਮਰਾਹ ਦੀ ਵਾਪਸੀ ਦਾ ਸਮਾਂ ਉਸੇ ਅਨੁਸਾਰ ਬਦਲ ਸਕਦਾ ਹੈ। ਬੁਮਰਾਹ ਦੀ ਵਾਪਸੀ ਵਿੱਚ ਕੋਈ ਜਲਦੀ ਨਹੀਂ ਹੋਵੇਗੀ ਕਿਉਂਕਿ ਅੱਗੇ ਆਈਪੀਐਲ ਹੈ ਅਤੇ ਫਿਰ ਭਾਰਤ ਦਾ ਇੰਗਲੈਂਡ ਦੌਰਾ ਹੈ। ਹੁਣ ਉਨ੍ਹਾਂ ਲਈ ਚੈਂਪੀਅਨਜ਼ ਟਰਾਫੀ ਵਿੱਚ ਖੇਡਣਾ ਮੁਸ਼ਕਲ ਜਾਪਦਾ ਹੈ।